ਬਾਦਲ ਪਰਿਵਾਰ ਨੂੰ ਪ੍ਰਧਾਨਗੀ ਮਿਲਣ ਤੋਂ ਲੈ ਕੇ ਪ੍ਰਧਾਨਗੀ ਖੁੱਸਣ ਤੱਕ ਦਾ ਸਫ਼ਰ! ਪੜ੍ਹੋ ਪਹਿਲੀ ਵਾਰ ਕਦੋਂ ਮਿਲੀ ਸੀ ਪ੍ਰਧਾਨਗੀ ਅਤੇ ਸੰਖੇਪ ਇਤਿਹਾਸ
ਗੁਰਪ੍ਰੀਤ
ਸ਼ਨੀਵਾਰ (16 ਨਵੰਬਰ 2024) ਨੂੰ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਛੱਡ ਦਿੱਤੀ ਗਈ। ਵੈਸੇ ਸੁਖਬੀਰ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਕੁੱਝ ਮਹੀਨੇ ਪਹਿਲਾਂ ਹੀ ਦੋਫ਼ਾੜ ਹੋਇਆ ਸੀ ਅਤੇ ਅਕਾਲੀ ਦਲ ਦੇ ਇੱਕ ਧੜੇ ਨੇ ਅਕਾਲੀ ਦਲ ਸੁਧਾਰ ਲਹਿਰ ਦਾ ਗਠਨ ਕੀਤਾ ਸੀ। ਉਦੋਂ ਤੋਂ ਲੈ ਕੇ ਉਨ੍ਹਾਂ ਦੀ ਮੰਗ ਸੀ ਕਿ ਸੁਖਬੀਰ ਪ੍ਰਧਾਨਗੀ ਦੀ ਕੁਰਸੀ ਛੱਡੇ।
ਸੁਖਬੀਰ ਖਿਲਾਫ਼ ਅਕਾਲੀ ਦਲ ਦਾ ਬਾਗੀ ਧੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਵੀ ਪੁੱਜਿਆ ਅਤੇ ਮੰਗ ਕੀਤੀ ਕਿ ਸੁਖਬੀਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਉਸਨੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ।
ਪਿਛਲੇ ਦਿਨੀਂ ਸੁਖਬੀਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੁੱਜ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਤਨਖਾਹੀਆ ਤਾਂ ਕਰਾਰ ਦਿੱਤਾ ਜਾ ਚੁੱਕਾ ਹੈ ਹੁਣ ਸਜ਼ਾ ਤੇ ਵੀ ਜਲਦੀ ਫ਼ੈਸਲਾ ਕੀਤਾ ਜਾਵੇ। ਹਾਲਾਂਕਿ ਸੁਖਬੀਰ ਖਿਲਾਫ਼ ਸਜ਼ਾ ਦਾ ਫ਼ੈਸਲਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਨਹੀਂ ਸੁਣਾਇਆ ਗਿਆ ਪਰ ਉਸ ਤੋਂ ਪਹਿਲਾਂ ਹੀ ਸੁਖਬੀਰ ਨੇ ਪ੍ਰਧਾਨਗੀ ਦੀ ਕੁਰਸੀ ਛੱਡ ਦਿੱਤੀ।
ਬਾਦਲ ਪਰਿਵਾਰ ਨੂੰ ਕਦੋਂ ਮਿਲੀ ਸੀ ਪਹਿਲੀ ਵਾਰ ਪ੍ਰਧਾਨਗੀ?
ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੁੰ ਪਹਿਲੀ ਵਾਰ (ਬਾਦਲ ਪਰਿਵਾਰ ਕੋਲ ਪਹਿਲੀ ਵਾਰ ਪ੍ਰਧਾਨਗੀ) 1995 ਵਿੱਚ ਪਾਰਟੀ ਦਾ ਪ੍ਰਧਾਨ ਬਣਾਇਆ। ਪ੍ਰਕਾਸ਼ ਸਿੰਘ ਬਾਦਲ 1995 ਤੋਂ ਲੈ ਕੇ 2008 ਤੱਕ ਅਕਾਲੀ ਦਲ ਦੇ ਪ੍ਰਧਾਨ ਰਹੇ ਅਤੇ ਪਾਰਟੀ ਦੀ ਅਗਵਾਈ ਕੀਤੀ।
ਹਾਲਾਂਕਿ 2008 ਵਿੱਚ ਸੁਖਬੀਰ ਸਿੰਘ ਬਾਦਲ ਨੁੰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨਗੀ ਸੌਂਪ ਦਿੱਤੀ। ਉਦੋਂ ਕਾਫੀ ਰੌਲਾ ਪਿਆ ਸੀ ਕਿ ਅਕਾਲੀ ਦਲ ਨੇ ਪਰਿਵਾਰਵਾਦ ਦੇ ਤਹਿਤ ਮੁੱਖ ਮੰਤਰੀ ਦੀ ਕੁਰਸੀ ਅਤੇ ਪ੍ਰਧਾਨਗੀ ਵੀ ਆਪਣੇ ਕੋਲ ਰੱਖੀ ਹੈ।
ਦਰਅਸਲ, 2007 ਤੋਂ ਲੈ ਕੇ 2017 ਤੱਕ ਲਗਾਤਾਰ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਸਨ, ਉਦੋਂ ਪ੍ਰਧਾਨਗੀ ਸੁਖਬੀਰ ਕੋਲ ਹੀ ਸੀ। ਸੁਖਬੀਰ ਜਿਥੇ ਗ੍ਰਹਿ ਮੰਤਰੀ ਸੀ, ਉਥੇ ਹੀ ਉਹ ਡਿਪਟੀ ਮੁੱਖ ਮੰਤਰੀ ਵੀ ਸੀ।
ਸੁਖਬੀਰ ਬਾਦਲ ਨੂੰ ਸਾਲ 2008 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਹਿਲੀ ਵਾਰ ਬਣਾਇਆ ਗਿਆ ਸੀ। ਸੁਖਬੀਰ ਸਿੰਘ ਬਾਦਲ 9 ਜੁਲਾਈ 1962 ਨੂੰ ਜਨਮੇ ਹਨ। ਇਕ ਨੌਜਵਾਨ ਤੇ ਗਤੀਸ਼ੀਲ ਰਾਜਨੀਤੀਵਾਨ, ਉਹਨਾਂ ਨੇ 2009 ਤੋਂ 2017 ਤੱਕ ਉਪ ਮੁੱਖ ਮੰਤਰੀ ਦੇ ਰੂਪ ਵਿਚ ਪੰਜਾਬ ਦੀ ਸਿਆਸੀ ਕਮਾਂਡ ਸੰਭਾਲ ਕੇ ਰੱਖੀ।
ਅਕਾਲੀ ਦਲ ਦੇ ਹੁਣ ਤੱਕ ਕੌਣ ਕੌਣ ਰਹੇ ਪ੍ਰਧਾਨ?
ਅਕਾਲੀ ਦਲ ਦੇ ਸਭ ਤੋਂ ਪਹਿਲੇ ਪ੍ਰਧਾਨ ਸੁਰਮੁਖ ਸਿੰਘ ਝਬਾਲ ਸਨ। ਹੇਠਾਂ ਪੜ੍ਹੋ ਹੁਣ ਤੱਕ ਦੇ ਅਕਾਲੀ ਦਲ ਦੇ ਪ੍ਰਧਾਨਾਂ ਦੀ ਸੂਚੀ-
ਬਾਬਾ ਖੜਕ ਸਿੰਘ
ਮਾਸਟਰ ਤਾਰਾ ਸਿੰਘ
ਗੋਪਾਲ ਸਿੰਘ ਕੋਮੀ
ਤਾਰਾ ਸਿੰਘ ਠੇਠਰ
ਤੇਜਾ ਸਿੰਘ ਅਕਰਪੁਰੀ
ਬਾਬੂ ਲਾਭ ਸਿੰਘ
ਜਥੇਦਾਰ ਊਧਮ ਸਿੰਘ ਨਾਗੋਕੇ
ਗਿਆਨੀ ਕਰਤਾਰ ਸਿੰਘ
ਜਥੇਦਾਰ ਪ੍ਰੀਤਮ ਸਿੰਘ ਗੋਦਰਾਂ
ਹੁਕਮ ਸਿੰਘ
ਸੰਤ ਫਤਿਹ ਸਿੰਘ
ਜਥੇਦਾਰ ਅਛੱਰ ਸਿੰਘ
ਗਿਆਨੀ ਭੁਪਿੰਦਰ ਸਿੰਘ
ਜਥੇਦਾਰ ਮੋਹਨ ਸਿੰਘ ਤੁੜ
ਜਥੇਦਾਰ ਜਗਦੇਵ ਸਿੰਘ ਤਲਵੰਡੀ
ਸੰਤ ਹਰਚੰਦ ਸਿੰਘ ਲੋਂਗੋਵਾਲ
ਸੁਰਜੀਤ ਸਿੰਘ ਬਰਨਾਲਾ
ਪ੍ਰਕਾਸ਼ ਸਿੰਘ ਬਾਦਲ
ਸੁਖਬੀਰ ਸਿੰਘ ਬਾਦਲ
ਅਕਾਲੀ ਦਲ ਦਾ ਹੁਣ ਪ੍ਰਧਾਨ ਕੌਣ?
ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਉਣ ਦੀ ਆਵਾਜ਼ ਅਕਾਲੀ ਦਲ ਦੇ ਬਾਗੀ ਧੜੇ ਨੇ ਚੁੱਕੀ ਤਾਂ ਸੁਖਬੀਰ ਬਾਦਲ ਨੇ ਵੱਡਾ ਫ਼ੈਸਲਾ ਲੈਂਦਿਆਂ ਹੋਇਆ ਖ਼ੁਦ ਅਕਾਲੀ ਦਲ ਦਾ ਕਾਰਜਕਾਰੀ (ਵਰਕਿੰਗ) ਪ੍ਰਧਾਨ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨੂੰ ਲਗਾ ਦਿੱਤਾ। ਇਸ ਵੇਲੇ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਵਜੋਂ ਭੂੰਦੜ ਹੀ ਸੇਵਾਵਾਂ ਨਿਭਾਅ ਰਹੇ ਹਨ। ਪਰ ਸੁਖਬੀਰ ਦੇ ਅਸਤੀਫ਼ੇ ਤੋਂ ਬਾਅਦ ਪ੍ਰਧਾਨ ਕੌਣ ਹੋਵੇਗਾ? ਇਸ ਬਾਰੇ ਤਾਂ ਵੋਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ।
-
ਗੁਰਪ੍ਰੀਤ ਸਿੰਘ, writer
gurpreetsinghjossan@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.