ਸਿਆਸੀ ਰੰਗ: ਖੇਤਾਂ ਦੇ ਰਾਜੇ ਨੂੰ ਮਿੱਟੀ ਨਸੀਬ ਹੋਣ ’ਚ ਲੱਗੇ ਅੱਠ ਦਿਨ
ਅਸ਼ੋਕ ਵਰਮਾ
ਬਠਿੰਡਾ,29 ਫਰਵਰੀ 2024:ਇਸ ਨੂੰ ਸਰਕਾਰਾਂ ਦੀਆਂ ਨੀਤੀਆਂ ਕਹੀਏ ਜਾਂ ਫਿਰ ਸਿਆਸਤ ਦੀਆਂ ਘੁੰਮਣਘੇਰੀਆਂ ਜਿੰਨ੍ਹਾਂ ਕਾਰਨ ਖਨੌਰੀ ਬਾਰਡਰ ਮੋਰਚੇ ਦੇ ਪਹਿਲੇ ‘ਸ਼ਹੀਦ’ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੇ ਸ਼ੁਭਕਰਨ ਸਿੰਘ ਉਰਫ ਗੱਗੂ ਦੀ ਮ੍ਰਿਤਕ ਦੇਹ 8 ਦਿਨ ਹਸਪਤਾਲ ’ਚ ਇੱਕ ਤਰਾਂ ਨਾਲ ਰੁਲਦੀ ਰਹੀ ਹੈ। ਹਾਲਾਂਕਿ ਘਰ ਦੇ ਇਕਲੌਤੇ ਚਿਰਾਗ ਦੇ ਇੰਜ ਬੁਝ ਜਾਣ ਕਾਰਨ ਪ੍ਰੀਵਾਰ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕੇਗਾ ਪਰ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਬੱਚੇ ਦੀ ਸ਼ਹੀਦੀ ਜਰੂਰ ਰੰਗ ਲਿਆਏਗੀ। ਪਿੱਛੇ ਜਿਹੇ ਪਿੰਡ ਬੱਲ੍ਹੋ ਦੀ ਪੰਚਾਇਤ ਨੂੰ ਕੌਮੀ ਐਵਾਰਡ ਮਿਲਣ ਕਾਰਨ ਪਿੰਡ ਦੀ ਮੁਲਕ ਪੱਧਰ ਤੇ ਕਾਫੀ ਚਰਚਾ ਹੋਈ ਸੀ ਪਰ ਸ਼ੁਭਕਰਨ ਦੀ ਸ਼ਹਾਦਤ ਕਾਰਨ ਇਸ ਪਿੰਡ ਦਾ ਨਾਮ ਕੌਮਾਂਤਰੀ ਸਫਾਂ ’ਚ ਗੂੰਜਣ ਲੱਗਿਆ ਹੈ।
ਕਿਸਾਨੀ ਘੋਲ ਨੂੰ ਹੀ ਆਪਣੇ ਦੁੱਖਾਂ ਦੀ ਦਾਰੂ ਸਮਝਣ ਵਾਲਾ ਸ਼ੁਭਕਰਨ ਸਿੰਘ ਦੋ ਸਾਲ ਪਹਿਲਾਂ ਚੱਲੇ ਦਿੱਲੀ ਅੰਦੋਲਨ ਦੀ ਤਰਜ਼ ਤੇ ਕਿਸਾਨੀ ਮੰਗਾਂ ਦੇ ਹੱਕ ’ਚ ਖਨੌਰੀ ਬਾਰਡਰ ’ਤੇ ਪੁੱਜਾ ਸੀ ਜਿੱਥੇ ਲੰਘੀ 21 ਫਰਵਰੀ ਨੂੰ ਉਸ ਦੀ ਮੌਤ ਹੋ ਗਈ ਸੀ। ਪਿੰਡ ਵਾਸੀ ਦੱਸਦੇ ਹਨ ਕਿ ਸ਼ੁਭਕਰਨ ਦੋ ‘ਦਿੱਲੀ ਮੋਰਚਾ’ ਜਿੱਤਣ ਉਪਰੰਤ ਘਰ ਮੁੜਿਆ ਸੀ । ਇਸ ਵਾਰ ਵੀ ਉਹ ਇਸੇ ਹੌਂਸਲੇ ਨਾਲ ਘਰੋਂ ਗਿਆ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜੂਰ ਸੀ। ਪਿਡ ਵਾਸੀਆਂ ਨੇ ਦੱਸਿਆ ਕਿ ਸ਼ੁਭਕਰਨ 10 ਸਾਲ ਦਾ ਸੀ ਜਦੋਂ ਉਸ ਨੂੰ ਮਾਂ ਛੱਡਕੇ ਚਲੀ ਗਈ ਸੀ। ਸਰਕਾਰ ਵੱਲੋਂ ਪੀੜਤ ਪ੍ਰੀਵਾਰ ਲਈ ਕਰੋੜ ਰੁਪਏ ਦੀ ਸਹਾਇਤਾ ਐਲਾਨਣ ਤੋਂ ਬਾਅਦ ਮਾਂ ਦੇ ਸਾਹਮਣੇ ਆਉਣ ਨੂੰ ਵੀ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ ।
ਦੋ ਭੈਣਾਂ ਦੇ ਇਕਲੌਤੇ ਭਰਾ ਸ਼ੁਭਕਰਨ ਦਾ ਪਾਲਣ ਪੋਸ਼ਣ 75 ਸਾਲ ਦੀ ਦਾਦੀ ਪ੍ਰੀਤਮ ਕੌਰ ਨੇ ਕੀਤਾ ਸੀ । ਅਨੰਤ ਸਫਰ ਤੇ ਤੁਰਨ ਦੀ ਉਮਰ ਦੀ ਦਲਹੀਜ਼ ਤੇ ਢੁੱਕ ਚੁੱਕੀ ਬਿਰਧ ਦਾਦੀ ਲਈ ਪੋਤਰੇ ਦੀ ਮੌਤ ਅਸਹਿ, ਅਕਹਿ ਅਤੇ ਆਖਰੀ ਸਾਹਾਂ ਤੱਕ ਨਾਂ ਭੁੱਲਣ ਵਾਲਾ ਸਦਮਾ ਹੈ। ਦੁਖਦਾਈ ਪਹਿਲੂ ਇਹ ਵੀ ਹੈ ਕਿ ਹਕੂਮਤਾਂ ਉਸ ਦਾਦੀ ਪ੍ਰੀਤਮ ਕੌਰ ਅਤੇ ਬਾਪ ਚਰਨਜੀਤ ਸਿੰਘ ਦੇ ਜੇਰੇ ਨੂੰ ਪਰਖਦੀਆਂ ਰਹੀਆਂ ਜਿਨ੍ਹਾਂ ਨੇ ਪਹਿਲਾਂ ਸ਼ਭਕਰਨ ਨੂੰ ਘਰ ਦੀ ਗੱਡੀ ਰੋੜ੍ਹਨ ਲਈ ਖੇਤਾਂ ਵਿੱਚ ਰੁਲਦਾ ਵੇਖਿਆ ਤੇ ਫਿਰ 8 ਦਿਨ ਉਸ ਦੀ ਰੁਲਦੀ ਲਾਸ਼ ਦੇਖਣੀ ਪਈ ਹੈ। ਦਾਦੀ ਜਿਸ ਦਾ ਹੱਸਦਾ ਖੇਡ੍ਹਦਾ ਮੂਲ ਨਾਲੋਂ ਪਿਆਰਾ ਵਿਆਜ਼ ਤੁਰ ਗਿਆ ਹੈ ਉਹ ਹੁਣ ਚਲਦੀ-ਫਿਰਦੀ ‘ਲਾਸ਼’ ਤੋਂ ਵੱਧ ਕੱੁਝ ਨਹੀਂ ਹੈ।
ਦਾਦੀ ਆਖਦੀ ਹੈ ‘‘ਜਿਹਦੇ ਬੱਚੇ ਨੂੰ ਦਿਨ ਦਿਹਾੜੇ ਸਰਕਾਰਾਂ ਦੀਆਂ ਗੋਲੀਆਂ ਕਤਲ ਕਰ ਦੇਣ, ਉਸ ਨੂੰ ਚੈਨ ਕਿੱਥੇ। ਸ਼ੁਭਕਰਨ ਨੇ ਆਪਣੀ ਮੌਤ ਤੋਂ ਦੋ ਘੰਟੇ ਪਹਿਲਾਂ ਪਿੰਡ ਦਾਦੀ ਨੂੰ ਫੋਨ ਕਰ ਕੇ ਕਿਹਾ ਸੀ, ‘ਬੇਬੇ ਤੂੰ ਆਪਣਾ ਖਿਆਲ ਰੱਖੀਂ, ਅਸੀਂ ਮੋਰਚਾ ਜਿੱਤ ਕੇ ਮੁੜਾਂਗੇ।’ ਉਸ ਦੇ ਮੋਰਚੇ ਤੋਂ ਮੁੜਨ ਤੋਂ ਪਹਿਲਾਂ ਹੀ 21 ਫਰਵਰੀ ਨੂੰ ਮੌਤ ਦੀ ਖ਼ਬਰ ਆ ਗਈ ਜਿਸ ਨੂੰ ਸੁਣਕੇ ਉਹੀ ਦਾਦੀ ਬੇਹੋਸ਼ੀ ਦੀ ਹਾਲਤ ’ਚ ਪੁੱਜ ਗਈ। ਸ਼ੁਭਕਰਨ ਦਾ ਪਿਤਾ ਚਰਨਜੀਤ ਸਿੰਘ ਆਖਦਾ ਹੈ, ‘ਏਨੀ ਨਿਰਦਈ ਸਰਕਾਰ’ ਜਿਸ ਨੇ ਗੋਲੀਆਂ ਚਲਾਕੇ ਉਸ ਦੇ ਇਕਲੌਤੇ ਜਿਗਰ ਦੇ ਟੋਟੇ ਦੀ ਹੱਤਿਆ ਹੀ ਕਰ ਦਿੱਤੀ। ਚਰਨਜੀਤ ਸਿੰਘ ਪ੍ਰਾਈਵੇਟ ਬੱਸ ’ਤੇ ਕੰਡਕਟਰ ਦੀ ਨੌਕਰੀ ਕਰਦਾ ਹੈ। ਪਿਤਾ ਪੁੱਤਰ ਮਿਲਕੇ ਘਰ ਦਾ ਗੁਜਾਰਾ ਚਲਾਉਂਦੇ ਸਨ।
ਚਰਨਜੀਤ ਸਿੰਘ ਨੇ ਪੁੱਤ ਨੂੰ ਗੱਭਰੂ ਹੁੰਦਿਆਂ ਦੇਖ ਜੋ ਅੱਛੇ ਦਿਨਾਂ ਦੀ ਆਸ ਲਾਈ ਸੀ ਉਹ ਹਮੇਸ਼ਾ ਲਈ ਖਤਮ ਹੋ ਗਈ ਹੈ। ਇਸ ਵੇਲੇ ਸ਼ੁਭਕਰਨ ਦੇ ਪਰਿਵਾਰ ’ਤੇ ਬੈਂਕਾਂ ਦਾ ਕਰੀਬ ਦਸ ਲੱਖ ਦਾ ਕਰਜ਼ਾ ਹੈ। ਜਦੋਂ ਕਰਜ਼ੇ ਦੀ ਪੰਡ ਵੇਲ ਵਾਂਗੂ ਵਧੀ ਤਾਂ ਸ਼ੁਭਕਰਨ ਨੂੰ ਆਪਣੀ ਦਸਵੀਂ ਦੀ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਜਾਣਕਾਰੀ ਅਨੁਸਾਰ ਬੈਂਕ ਦਾ ਕਰਜ਼ਾ ਲਾਹੁਣ ਅਤੇ ਵੱਡੀ ਭੈਣ ਜਸਵੀਰ ਕੌਰ ਨੂੰ ਡੋਲੀ ’ਚ ਬਿਠਾਉਣ ਲਈ ਪਰਿਵਾਰ ਨੂੰ ਸਾਢੇ ਤਿੰਨ ਏਕੜ ਜ਼ਮੀਨ ’ਚੋਂ ਦੋ ਏਕੜ ਜ਼ਮੀਨ ਵੇਚਣੀ ਪਈ ਸੀ। ਪ੍ਰੀਵਾਰ ਕੋਲ ਹੁਣ ਕੋਈ ਢਾਰਸ ਨਹੀਂ ਬਚਿਆ। ਗਰੀਬੀ ਦਾ ਪ੍ਰਛਾਵਾਂ ਉਸ ਦੇ ਘਰ ਦੀਆਂ ਕੰਧਾਂ ਕੌਲਿਆਂ ਤੋਂ ਸਾਫ ਦਿਖਾਈ ਦਿੰਦਾ ਹੈ। ਸ਼ੁਭਕਰਨ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਦਾ ਹਾਲੇ ਵਿਆਹ ਨਹੀਂ ਹੋਇਆ ਹੈ।
ਸ਼ੁਭਕਰਨ ਮੋਰਚੇ ’ਚੋਂ ਆਪਣੀ ਛੋਟੀ ਭੈਣ ਨੂੰ ਫੋਨ ਕਰ ਕੇ ਧਰਵਾਸ ਤੇ ਹੌਸਲਾ ਦਿੰਦਾ ਰਹਿੰਦਾ ਸੀ। ਅੱਜ ਇਸ ਭੈਣ ਦਾ ਜਹਾਨ ਸੁੰਨਾ ਹੋ ਗਿਆ ਅਤੇ ਪਿੰਡ ’ਚ ਪੱਸਰੀ ਮੌਤ ਵਰਗੀ ਚੁੱਪ ਉਸ ਨੂੰ ਵੱਢ-ਵੱਢ ਖਾ ਰਹੀ ਹੈ। ਸਰਕਾਰ ਨੇ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲਿਸ ’ਚ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਭੈਣ ਦਾ ਸਵਾਲ ਹੈ ਕਿ ਕੀ ਸਰਕਾਰਾਂ ਉਸ ਦੇ ਭਰਾ ਦਾ ਉਹ ਗੁੱਟ ਵਾਪਿਸ ਲਿਆ ਸਕਣਗੀਆਂ ਜਿਸ ਤੇ ਉਹ 20 ਸਾਲ ਰੱਖੜੀ ਬੰਨ੍ਹਦੀ ਰਹੀ ਹੈ। ਕਿਸਾਨ ਕਈ ਦਿਨਾਂ ਤੋਂ ਧਰਨੇ ਮਾਰਦੇ ਰਹੇ ਤਾਂ ਜਾਕੇ ਪੰਜਾਬ ਸਰਕਾਰ ਨਰਮ ਪਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਤਾਂ ਕਿਸਾਨ ਵਿਰੋਧੀ ਸੀ ਹੀ ਸ਼ੁਭਕਰਨ ਮਾਮਲੇ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦਾ ਵਤੀਰਾ ਵੀ ਲੋਕ ਪੱਖੀ ਨਹੀਂ ਹੈ।