ਸਿਵਲ ਸਰਜਨ ਨੇ ਸਿਹਤ ਕੇੰਦਰਾਂ ਵਿੱਚ ਸਿਹਤ ਪ੍ਰਬੰਧਾਂ ਨੂੰ ਘੋਖਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਜੁਲਾਈ ,2024 ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਅੱਜ ਹੈਲਥ ਐੰਡ ਵੈੱਲਨੈੱਸ ਸੈਂਟਰ, ਸਲੋਹ ਤੇ ਆਮ ਆਦਮੀ ਕਲੀਨਿਕ, ਰਾਹੋਂ ਦਾ ਅਚਨਚੇਤ ਦੌਰਾ ਕਰਕੇ ਉੱਥੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕੀਤਾ।
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਹੈਲਥ ਐੰਡ ਵੈੱਲਨੈੱਸ ਸੈਂਟਰ, ਸਲੋਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਨੂੰ ਹੈਲਥ ਐਂਡ ਵੈੱਲਨੈੱਸ ਸੈਂਟਰ ਪੱਧਰ ’ਤੇ ਸੇਵਾਵਾਂ ਦੀ ਗੁਣਵੱਤਾ ਵਿਚ ਹੋਰ ਸੁਧਾਰ ਲਿਆਉਣ ਅਤੇ ਇਨ੍ਹਾਂ ਸੈਂਟਰਾਂ ਦੀ ਐੱਨ.ਕਿਊ.ਏ.ਐੱਸ. ਪ੍ਰਮਾਣੀਕਰਨ ਲਈ ਕੁਆਲਿਟੀ ਅਸੋਰੈਂਸ ਸਟੈਂਡਰਡਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ।
ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਐੱਨ.ਕਿਊ.ਏ.ਐੱਸ. ਪ੍ਰਮਾਣੀਕਰਨ ਦਾ ਉਦੇਸ਼ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਅਤੇ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਵਿੱਚ ਮਦਦ ਕਰਨਾ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਿਹਤ ਸੇਵਾਵਾਂ ਅਤੇ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਾਰਵਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਸਿਹਤ ਕੇੰਦਰਾਂ ਦੀ ਨੁਹਾਰ ਬਦਲਣ ਲਈ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹ ਕਿ ਸਿਹਤ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਸਿਹਤ ਕੇਦਰਾਂ ਦੇ ਨਾਮ ਨੂੰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ (ਬਾਈਲਿੰਗੂਅਲ) ਵਿਚ ਲਿਖਿਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਪੜ੍ਹਨ ਤੇ ਕਿਸੇ ਵੀ ਵਿਭਾਗ ਵਿੱਚ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ।
ਇਸ ਮੌਕੇ ਹੋਰਨਾਂ ਤੋੰ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਵੈਕਸੀਨ ਕੋਲਡਚੇਨ ਮੈਨੇਜਰ (ਵੀ.ਸੀ.ਸੀ.ਐੱਮ.) ਅੰਮ੍ਰਿਤਪਾਲ ਸਿੰਘ, ਕਮਿਊਨਿਟੀ ਹੈਲਥ ਅਫਸਰ ਮਨਪ੍ਰੀਤ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।