ਸੁਖਬੀਰ ਬਾਦਲ ਬਾਰੇ ਫ਼ੈਸਲੇ ਲੈਣ ਸਮੇਂ ਪੰਜ ਸਿੰਘ ਸਾਹਿਬਾਨ ਸੰਸਾਰ ਭਰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਣ - ਚੇਅਰਮੈਨ ਭੋਮਾ
- ਰਾਮ ਰਹੀਮ ਦਾ ਮੁਆਫੀਨਾਮਾ ਤੇ ਸੁਖਬੀਰ ਬਾਦਲ ਦਾ ਸਪੱਸ਼ਟੀਕਰਨ ਜਨਤਕ ਕੀਤਾ ਜਾਵੇ।
ਨਵੀਂ ਦਿੱਲੀ, 27 ਜੁਲਾਈ 2024 - ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਰਾਹੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਮਰਤਾ ਭਰੀ ਬੇਨਤੀ ਕਰਦਿਆਂ ਕਿਹਾ ਕਿ ਸ ਸੁਖਬੀਰ ਸਿੰਘ ਬਾਦਲ ਦੇ ਕੇਸ ਬਾਰੇ ਫ਼ੈਸਲਾ ਲੈਣ ਸਮੇਂ ਕਾਹਲੀ ਨਾ ਵਰਤਣ ਕਿਉਂਕਿ ਉਸ ਵਿਰੁੱਧ ਅਕਾਲ ਤਖ਼ਤ ਸਾਹਿਬ ਤੇ ਇੱਕ ਨਹੀਂ ਅਨੇਕਾਂ ਗੰਭੀਰ ਦੋਸ਼ਾਂ ਦੀਆਂ ਸਿਕਾਇਤਾਂ ਅਕਾਲ ਤਖ਼ਤ ਸਾਹਿਬ ਤੇ ਮੌਜੂਦ ਹਨ ।
ਉਸਨੂੰ ਇੱਕ ਕੇਸ ਵਿੱਚੋਂ ਬਰੀ ਕਰਨ ਜਾਂ ਦੋਸ਼ੀ ਠਹਿਰਾਉਣ ਨਾਲ ਬਾਕੀ ਕੇਸਾਂ ਵਿੱਚੋਂ ਸ ਸੁਖਬੀਰ ਸਿੰਘ ਬਾਦਲ ਨੂੰ ਬਰੀ ਨਹੀਂ ਕੀਤਾ ਜਾ ਸਕਦਾ । ਜਿਵੇਂ ਮੋਟੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਕਾਂਡ ਦੀ ਜਾਂਚ ਤੇ ਨਕੋਦਰ ਕਾਂਡ ਦੀ ਜਾਂਚ ਆਪਣੇ ਗੋਡੇ ਥੱਲੇ ਦਬਾਅ ਕੇ ਵੱਡੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਤੇ ਸਜ਼ਾ ਤੋਂ ਬਚਾਉਣਾ । ਉਹਨਾਂ ਸ ਸੁਖਬੀਰ ਬਾਦਲ ਦੇ ਫੈਸਲੇ ਵਾਲੇ ਦਿਨ ਸਾਰੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਾਂਤਮਈ ਢੰਗ ਨਾਲ ਇਕੱਤਰ ਹੋ ਕੇ ਫ਼ੈਸਲੇ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ ਤਾਂ ਜੋ ਸਿੰਘ ਸਾਹਿਬਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੈ ਰਹੇ ਬਾਦਲਾਂ ਦੇ ਬਾਹਰੀ ਦਬਾਓ ਤੋਂ ਮੁਕਤ ਰੱਖਿਆਂ ਜਾ ਸਕੇ ।
ਉਹਨਾਂ ਸੁਚੇਤ ਕਰਦਿਆਂ ਕਿਹਾ ਕਿ ਕਿਤੇ ਇਸ ਤਰ੍ਹਾਂ ਨਾ ਹੋ ਜਾਵੇ ਕਿ ਜਿਵੇਂ ਅਕਾਲ ਤਖਤ ਨੇ ਰਾਮ ਰਹੀਮ ਨੂੰ ਕਿਸੇ ਮਾਫ਼ ਕਰਤਾ ਪਰ ਸੀ ਬੀ ਆਈ ਦੀ ਅਦਾਲਤ ਨੇ ਸੈਕਸ ਸ਼ੌਸ਼ਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦੇਂਦੀ ਹੈ। ਫ਼ਿਰ ਅਕਾਲ ਤਖ਼ਤ ਸਾਹਿਬ ਦਾ ਦ ਜਥੇਦਾਰ ਦੂਸਰੇ ਬਲਾਤਕਾਰੀ ਧਨਵੰਤ ਸਿੰਘ ਨੂੰ ਮਾਫ਼ ਕਰਦਾ ਹੈ ਪਰ ਦੁਨਿਆਵੀ ਅਦਾਲਤ ਉਸਨੂੰ ਸਜ਼ਾ ਸੁਣਾ ਦੇਂਦੀ ਹੈ ਇਸੇ ਤਰ੍ਹਾਂ ਸ ਸੁਖਬੀਰ ਸਿੰਘ ਬਾਦਲ ਦੇ ਕੇਸ ਵਿੱਚ ਉਹ ਇਤਿਹਾਸ ਮੁੜ ਨਾ ਕਿਤੇ ਦੁਹਰਾ ਦਿੱਤਾ ਜਾਵੇ ਕਿ ਅਕਾਲ ਤਖ਼ਤ ਉਸਨੂੰ ਮਾਫ਼ ਕਰ ਦੇਵੇ ਤੇ ਦੁਨਿਆਵੀ ਅਦਾਲਤ ਉਸਨੂੰ ਸਜ਼ਾ ਸੁਣਾ ਦੇਵੇ ਕਿਉਂਕਿ ਉਸਤੇ ਇਸੇ ਕੇਸ ਵਿੱਚ ਦੁਨਿਆਵੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਜ਼ਮਾਨਤ ਤੇ ਹੈ ।ਉਹਨਾਂ ਕਿਹਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਡੇਰਾ ਸਾਧ ਵਲੋਂ ਭੇਜੇ ਮੁਆਫੀਨਾਮੇ ਅਤੇ ਸ ਸੁਖਬੀਰ ਸਿੰਘ ਬਾਦਲ ਵਲੋਂ ਸੌਂਪੇ ਗਏ ਬੰਦ ਲਿਫ਼ਾਫ਼ੇ ਦੇ ਸਪੱਸ਼ਟੀਕਰਨ ਨੂੰ ਜਨਤਕ ਕਰਨ ਕਿਉਂਕਿ ਪਹਿਲਾਂ ਬਾਦਲਾਂ ਦੇ ਬੰਦ ਲਿਫ਼ਾਫ਼ੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰੀ ਹੈ ਹੁਣ ਸੁਖਬੀਰ ਬਾਦਲ ਦਾ ਬੰਦ ਲਿਫ਼ਾਫਾਂ ਅਕਾਲ ਤਖ਼ਤ ਸਾਹਿਬ ਤੇ ਕਈ ਵੱਖ ਵੱਖ ਤਰ੍ਹਾਂ ਦੇ ਸੁਆਲ ਖੜ੍ਹੇ ਕਰੇਗਾ ।
ਇਹ ਸਿੱਖ ਪੰਥ ਦੀ ਅੱਜ ਦੀ ਸਭ ਤੋਂ ਵੱਡੀ ਮੰਗ ਹੈ। ਉਹਨਾਂ ਕਿਹਾ ਰਾਮ ਰਹੀਮ ਨੂੰ ਮਾਫ਼ ਕਰਨ ਪੰਜ ਸਿੰਘ ਸਾਹਿਬਾਨ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨੇ ਬਹੁਤ ਜ਼ਰੂਰੀ ਹਨ। ਉਹਨਾਂ ਕੋਲੋਂ ਸਪੱਸ਼ਟੀਕਰਨ ਲਿਆਂ ਜਾਵੇ ਕਿ ਉਹਨਾਂ ਨੂੰ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਸੱਦਕੇ ਰਾਮ ਰਹੀਮ ਨੂੰ ਮਾਫ਼ ਕਰਨ ਲਈ ਕਿਸ ਕਿਸ ਨੇ ਹੁਕਮ ਪੰਜ ਸਿੰਘ ਸਾਹਿਬਾਨਾਂ ਨੂੰ ਚਾੜ੍ਹੇ ਸਨ । ਉਹਨਾਂ ਕਿਹਾ ਪੰਜ ਸਿੰਘ ਸਾਹਿਬਾਨ ਸ ਸੁਖਬੀਰ ਸਿੰਘ ਬਾਦਲ ਬਾਰੇ ਫ਼ੈਸਲਾ ਲੈਣ ਸਮੇਂ ਸੰਸਾਰ ਭਰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਫੈਸਲਾ ਦੇਣ ਤਾਂ ਜੋ ਸਿੱਖ ਸੰਗਤਾਂ ਦਾ ਵਿਸ਼ਵਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਸਿੰਘ ਸਾਹਿਬਾਨਾਂ ਉੱਤੇ ਬਣਿਆ ਰਹੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਜੇ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਅਕਾਲ ਤਖ਼ਤ ਸਾਹਿਬ ਤੇ ਮੌਜੂਦ ਹਨ ।