ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਹੜ੍ਹਾਂ ਕਾਰਨ ਖ਼ਰਾਬ ਫਸਲਾਂ ਦੇ ਮੁਆਵਜ਼ੇ ਲਈ ਧਰਨਾ ਦਿੱਤਾ
ਅਸ਼ੋਕ ਵਰਮਾ
ਬਠਿੰਡਾ , 22 ਸਤੰਬਰ 2023:ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਡੀਸੀ ਦਫਤਰ ਬਠਿੰਡਾ ਵਿਖੇ ਜਿਲ੍ਹੇ ਦੀਆਂ ਜਥੇਬੰਦੀਆਂ ਨੇ ਧਰਨਾ ਲਾਇਆ ਅਤੇ ਪਿਛਲੇ ਦਿਨੀਂ ਹੜ੍ਹਾਂ ਨਾਲ ਹੋਈ ਤਬਾਹੀ ਸਬੰਧੀ ਮੰਗ ਪੱਤਰ ਦਿੱਤਾ। ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ,ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨ ਸਕੱਤਰ ਸਰੂਪ ਸਿੰਘ ਸਿੱਧੂ,ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਖਮੰਦਰ ਸਿੰਘ ਧਾਲੀਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਅਕਾਲੀਆ,ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਮਰੀਕ ਸਿੰਘ ਨੇ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹੜ੍ਹ ਪੀੜਤਾਂ ਅਤੇ ਸੋਕੇ ਦੇ ਮਾਰੇ ਹੋਏ ਕਿਸਾਨਾਂ ਤੇ ਆਮ ਲੋਕਾਂ ਨਾਲ ਮਜ਼ਾਕ ਕਰ ਰਹੀਆਂ ਹਨ। ਜਿੱਥੇ ਹੜ੍ਹਾਂ ਨਾਲ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਉਥੇ ਦੇਸ਼ ਦੇ ਬਹੁਤ ਸਾਰੇ ਭਾਗਾਂ ਵਿੱਚ ਸੋਕੇ ਦੀ ਮਾਰ ਪਈ ਹੋਈ ਹੈ। ਦੋਵੇਂ ਸਰਕਾਰਾਂ ਲੋਕਾਂ ਦੀ ਸਾਰ ਲੈਣ ਅਤੇ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਦੀ ਥਾਂ ਵੱਖ-ਵੱਖ ਰਾਜ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਰੁੱਝੀਆਂ ਹੋਈਆਂ ਹਨ ਅਤੇ ਰਾਜਨੀਤਕ ਜ਼ੁਮਲੇ ਛੱਡ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੰਗ ਪੱਤਰ ਅਨੁਸਾਰ ਕਿਸਾਨਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਡਿੱਗੇ ਹੋਏ ਘਰਾਂ, ਮਨੁੱਖੀ ਜਾਨਾਂ, ਫਸਲਾਂ ਦੀ ਤਬਾਹੀ ਅਤੇ ਰੇਤ ਚੜ੍ਹਨ ਨਾਲ ਖਰਾਬ ਹੋਈਆਂ ਜ਼ਮੀਨਾਂ ਦੇ ਵੱਖ-ਵੱਖ ਮੁਆਵਜੇ ਜਾਰੀ ਕੀਤੇ ਜਾਣ। ਜੇਕਰ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਮੁਆਵਜਾ ਜਾਰੀ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਨਾਇਬ ਸਿੰਘ ਫੂਸ ਮੰਡੀ, ਰਾਜ ਮਹਿੰਦਰ ਸਿੰਘ ਕੋਟਭਾਰਾ ,ਦਾਰਾ ਸਿੰਘ ਮਾਈਸਰਖਾਨਾ ,ਬੂਟਾ ਸਿੰਘ ਤੁੰਗਵਾਲੀ ,ਗੁਲਜਾਰ ਸਿੰਘ ਕੋਟੜਾ ਨੇ ਵੀ ਸੰਬੋਧਨ ਕੀਤਾ।