ਹੈਂਅ ਮੈਨੂੰ ਨਾਮੁਰਾਦ ਬਿਮਾਰੀ? ਕਰ ਲਈ ਸੰਸਕਾਰ ਦੀ ਤਿਆਰੀ, ਗਲਤੀ ਕਾਰਨ ਮੈਡੀਕਲ ਟੈਸਟ ਦੂਸਰੇ ਮਰੀਜ਼ ਨਾਲ ਬਦਲਿਆ ਤੇ ਕੈਂਸਰ ਨੇ ਪਾਏ ਵੱਡੇ ਫ਼ਿਕਰ
-ਮਕਾਨ ਮਾਲਕ ਨੂੰ ਕਹਿ ਦਿੱਤਾ ਮੇਰੇ ਮੁੰਡੇ ਨੂੰ ਘਰ ਕਿਰਾਏ ’ਤੇ ਦਈ ਰੱਖਿਓ.....
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਜੂਨ 2024:-ਕ੍ਰਾਈਸਟਚਰਚ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਉਸਦੀ ਮੈਡੀਕਲ ਫਾਈਲ ਦੇ ਵਿਚ ਕਿਸੀ ਹੋਰ ਦਾ ਰਿਕਾਰਡ ਸ਼ਾਮਿਲ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਉਸਨੂੰ ਕੈਂਸਰ ਦਾ ਪਤਾ ਲੱਗਾ ਸੀ ਅਤੇ ਉਸ ਨੇ ਆਪਣੇ ਅੰਤਿਮ ਸੰਸਕਾਰ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਸਿਹਤ ਵਿਭਾਗ ਨਿਊਜ਼ੀਲੈਂਡ ਨੇ ਸਪਸ਼ਟ ਕੀਤਾ ਹੈ ਕਿ 22 ਮਈ, 2024 ਨੂੰ ਇਕ ਔਰਤ ਟੋਨੀ ਸ਼ੀਲਡਜ਼ ਦੀ ਫਾਈਲ ’ਤੇ ਗਲਤ ਸਕੈਨਿਗ ਤਸਵੀਰਾਂ ਲੋਡ ਹੋਣ ’ਤੇ ਇਹ ਗਲਤੀ ਹੋਈ ਹੈ। ਇਸ ਔਰਤ ਦੇ ਫੈਮਿਲੀ ਡਾਕਟਰ ਨੂੰ ਦੇ ਇਸਦੇ ਸੱਤ ਦਿਨ ਬਾਅਦ 29 ਮਈ, 2024 ਨੂੰ ਇਸ ਗਲਤੀ ਬਾਰੇ ਸੂਚਿਤ ਕੀਤਾ ਗਿਆ। ਸ਼ੀਲਡਜ਼ ਨੇ ਦੱਸਿਆ ਜਿਸ ਦਿਨ ਕੈਂਸਰ ਦੱਸਿਆ ਗਿਆ, ਉਹ ਕਦੀ ਨਹੀਂ ਭੁੱਲ ਸਕਦੀ। ਮੈਂ ਤੁਰੰਤ ਆਪਣੇ ਬੱਚਿਆਂ ਅਤੇ ਮਪੋਤੇ-ਪੋਤੀਆਂ ਬਾਰੇ ਸੋਚਣ ਲੱਗੀ ਖਾਸ ਕਰਕੇ ਮੇਰੇ ਸਭ ਤੋਂ ਵੱਡੇ ਪੁੱਤਰ ਜੈਮੀ ਦੀ ਸਥਿਤੀ, ਉਹ ਪੂਰੀ ਤਰ੍ਹਾਂ ਟੁੱਟ ਗਿਆ ਸੀ।
ਸ਼ੀਲਡਜ਼ ਨੇ ਕਹਾਣੀ ਦਾ ਪਿਛੋਕੜ ਦੱਸਿਆ ਕਿ ਉਹ ਪਹਿਲਾਂ ਪੇਟ ਦਰਦ ਦਾ ਅਨੁਭਵ ਹੋਣ ਤੋਂ ਬਾਅਦ ਡਾਕਟਰ ਕੋਲ ਗਈ ਸੀ ਅਤੇ ਬਹੁਤ ਤੇਜ਼ੀ ਨਾਲ ਬਹੁਤ ਸਾਰਾ ਭਾਰ ਘਟ ਗਿਆ ਸੀ, ਜਿਸ ਕਾਰਨ ਉਸਨੂੰ ਅਲਟਰਾਸਾਊਂਡ ਅਤੇ ਫਿਰ ਸੀਟੀ ਸਕੈਨ ਕਰਵਾਉਣਾ ਪਿਆ। ਅਗਲੇ ਦਿਨ ਨਰਸ ਦਾ ਫੋਨ ਆਇਆ ਕਿ ਉਸਨੇ ਮੇਰੇ ਡਾਕਟਰ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਨਤੀਜੇ ਵਾਪਸ ਆ ਗਏ ਸਨ ਅਤੇ ਤੁਹਾਨੂੰ ਵਾਪਸ ਆਉਣ ਦੀ ਜ਼ਰੂਰਤ ਹੈ, ਇਸ ਲਈ ਮੈਂ ਡਰ ਗਈ। ਇਹ ਵੀ ਕਿਹਾ ਗਿਆ ਸੀ ਕਿ ਮੇਰੇ ਜਿਗਰ, ਪੈਨਕ੍ਰੀਅਸ ਅਤੇ ਮੇਰੀ ਅੰਤੜੀ ਵਿਚ ਪ੍ਰੇਸ਼ਾਨੀ ਹੈ। ਕੈਂਸਰ ਦਾ ਪਤਾ ਲੱਗ ਗਿਆ ਅਤੇ ਮੈਂ ਆਪਣੇ ਅੰਤਿਮ ਸੰਸਕਾਰ ਦੀ ਯੋਜਨਾ ਬਣਾ ਰਹੀ ਸੀ। ਮੈਂ ਆਪਣੇ ਮਕਾਨ-ਮਾਲਕ ਨੂੰ ਆਪਣੇ ਸਭ ਤੋਂ ਛੋਟੇ ਉਮਰ ਦੇ ਬੱਚੇ ਲਈ ਲੀਜ਼ ਜਾਰੀ ਰੱਖਣ ਦੀ ਦੀ ਕੋਸ਼ਿਸ਼ ਕਰਨ ਲਈ ਕਿਹਾ। ਮੈਂ ਬਹੁਤ ਸਾਰਾ ਸਮਾਨ ਸੁੱਟ ਦਿੱਤਾ ਸੀ। ਇਹ ਇੱਕ ਹਫ਼ਤਾ ਸੀ ਜੋ ਉੱਪਰ-ਥੱਲੇ ਭਾਵਨਾਵਾਂ ਦਾ ਜਬਰਦਸਤ ਸਿਲਸਿਲਾ ਚੱਲਿਆ। ਹੈਲਥ ਨਿਊਜ਼ੀਲੈਂਡ ਦੇ ਅੰਤਰਿਮ ਕੈਂਟਰਬਰੀ ਗਰੁੱਪ ਡਾਇਰੈਕਟਰ ਆਫ਼ ਓਪਰੇਸ਼ਨ ਜੋਏਨ ਗਿਬਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਗਲਤੀ ਦਾ ਹੋਣਾ ਬਹੁਤ ਹੀ ਅਸਧਾਰਨ ਹੈ। ਅਸੀਂ ਇਸ ਗੱਲ ਦੀ ਪੂਰੀ ਸਮੀਖਿਆ ਕਰ ਰਹੇ ਹਾਂ ਕਿ ਇਹ ਕਿਵੇਂ ਹੋਇਆ।