10 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਸ਼ੱਕੀ ਵਿਅਕਤੀ ਕਾਬੂ
ਹਜਾਰ ਰੁਪਏ ਦੀ ਖਾਤਿਰ ਮੁਕਤਸਰ ਤੋਂ ਜਗਰਾਉਂ ਆਇਆ ਸੀ ਪੈਸਿਆਂ ਦੀ ਡਿਲੀਵਰੀ ਦੇਣ
ਜਗਰਾਉਂ, 11 ਅਪ੍ਰੈਲ 2024 : ਲੁਧਿਆਣਾ ਦਿਹਾਤੀ ਪੁਲਿਸ ਨੇ ਹਜ਼ਾਰ ਰੁਪਏ ਦੀ ਖਾਤਿਰ ਮੁਕਤਸਰ ਤੋਂ ਬੱਸ ਰਾਹੀਂ ਜਗਰਾਉਂ ਪੈਸਿਆਂ ਦੀ ਡਿਲੀਵਰੀ ਦੇਣ ਆਏ ਇੱਕ ਸ਼ੱਕੀ ਵਿਅਕਤੀ ਨੂੰ 10 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਉਪ ਕਪਤਾਨ ਟਰੈਫਿਕ ਪੁਲਿਸ ਮਨਜੀਤ ਸਿੰਘ ਨੇ ਦੱਸਿਆ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਭਾਰਤ ਵੱਲੋ ਆਈਆ ਹਦਾਇਤਾ ਤੇ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਨਵਨੀਤ ਸਿੰਘ ਬੈਂਸ ਵੱਲੋਂ ਜਾਰੀ ਦਿਸਾਂ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਥਾਣਾ ਸਿਟੀ ਪੁਲਿਸ ਦੇ ਮੁੱਖ ਅਫਸਰ ਐਸਆਈ ਸੁਰਿੰਦਰ ਸਿੰਘ ,ਬੱਸ ਸਟੈਂਡ ਪੁਲਿਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਅਤੇ ਟਰੈਫਿਕ ਪੁਲਿਸ ਇੰਚਾਰਜ ਕੁਮਾਰ ਸਿੰਘ ਦੀਆਂ ਪੁਲਿਸ ਟੀਮਾਂ ਵੱਲੋਂ ਤਹਿਸੀਲ ਚੌਕ ਜਗਰਾਉਂ ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਵਹੀਕਲਾ ਤੇ ਵਿਅਕਤੀਆ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪੁਲਿਸ ਨੂੰ ਬੱਸ ਸਟੈਂਡ ਵੱਲੋਂ ਇੱਕ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੇ ਆਪਣੇ ਹੱਥ ਵਿੱਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ ਜਿਸ ਨੂੰ ਪੁਲਿਸ ਨੇ ਸ਼ੱਕ ਹੋਣ ਦੇ ਅਧਾਰ ਤੇ ਜਦੋਂ ਕਾਬੂ ਕਰ ਉਸ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਤਲਾਸ਼ੀ ਦੌਰਾਨ ਲਿਫਾਫੇ ਚੋਂ ਵੱਡੀ ਮਾਤਰਾ ਚ ਭਾਰਤੀ ਕਰੰਸੀ ਬਰਾਮਦ ਹੋਈ। ਜਿਸ ਸਬੰਧੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਖੁਦ ਮੌਕੇ ਤੇ ਪਹੁੰਚੇ ਅਤੇ ਸ਼ੱਕੀ ਵਿਅਕਤੀ ਤੋ ਬਰਾਮਦ ਹੋਈ ਭਾਰਤੀ ਕਰੰਸੀ ਦੀ ਰਕਮ ਜਿਆਦਾ ਹੋਣ ਕਰਕੇ ਕਾਬੂ ਕੀਤੇ ਵਿਅਕਤੀ ਅਤੇ ਉਸ ਤੋਂ ਬਰਾਮਦ ਹੋਈ ਭਾਰਤੀ ਕਰੰਸੀ ਥਾਣਾ ਸਿਟੀ ਜਗਰਾਉਂ ਲਿਆਂਦੀ ਗਈ ਅਤੇ ਜਦੋਂ ਪੁਲਿਸ ਵੱਲੋਂ ਥਾਣਾ ਸਿਟੀ ਵਿਖੇ ਭਾਰਤੀ ਕਰਮ ਦੀ ਗਿਣਤੀ ਕੀਤੀ ਗਈ ਤਾਂ ਗਿਣਤੀ ਕਰਨ ਤੇ ਕੁੱਲ ਰਕਮ 10 ਲੱਖ ਰੁਪਏ ਹੋਈ। ਉਪ ਕਪਤਾਨ ਟਰੈਫਿਕ ਪੁਲਿਸ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਦੋਂ ਕਾਬੂ ਕੀਤੇ ਗਏ ਵਿਅਕਤੀ ਤੋਂ ਪੁੱਛਗਿਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਇਹਨਾਂ ਪੈਸਿਆਂ ਦੀ ਡਿਲੀਵਰੀ ਕਰਨ ਲਈ ਮੁਕਤਸਰ ਤੋਂ ਬੱਸ ਰਾਹੀਂ ਜਗਰਾਉਂ ਆਇਆ ਸੀ ਅਤੇ ਉਸ ਨੂੰ ਇਸ ਦੇ ਬਦਲੇ 1000 ਰੁਪਏ ਮਿਲਣੇ ਸੀ। ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਬਰਾਮਦ ਹੋਈ ਭਾਰਤੀ ਕਰੰਸੀ ਨੂੰ ਮਾਲਖਾਨਾ ਥਾਣਾ ਜਮਾ ਕਰਵਾਇਆ ਗਿਆ ਅਤੇ ਜਿਸ ਸਬੰਧੀ ਵਿੱਚ ਇਨਕਮ ਟੈਕਸ ਵਿਭਾਗ ਨੂੰ ਇਤਲਾਅ ਦਿੱਤੀ ਗਈ ਜਿਨਾਂ ਵੱਲੋਂ ਇਸ ਸੰਬੰਧ ਵਿੱਚ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।