32 ਭੇਡਾਂ ਦੀ ਸ਼ੱਕੀ ਹਾਲਤ 'ਚ ਮੌਤ
ਪੋਸਟਮਾਰਟਮ ਉਪਰੰਤ ਹੀ ਅਸਲ ਕਾਰਨਾਂ ਦਾ ਲੱਗੇਗਾ ਪਤਾ
ਮਲਕੀਤ ਸਿੰਘ ਮਲਕਪੁਰ
ਲਾਲੜੂ 11 ਜੂਨ 2024: ਪਿੰਡ ਮਲਕਪੁਰ ਵਿੱਚ ਕਰੀਬ 32 ਭੇਡਾਂ ਦੀ ਤੜਫ-ਤੜਫ ਕੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ, ਜਦੋਂਕਿ ਕਈ ਭੇਡਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਭੇਡਾਂ ਪਾਲਣ ਵਾਲੇ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਹੈ ਕਿ ਜੌਲਾ ਚੌਕ 'ਤੇ ਕਿਸੇ ਵੱਲੋਂ ਸੁੱਟੇ ਗਏ ਕੱਚੇ ਚੌਲਾਂ ਦੀ ਵੱਡੀ ਮਾਤਰਾ ਖਾਣ ਨਾਲ ਭੇਡਾਂ ਦੀ ਮੌਤ ਹੋ ਗਈ। ਪੀੜਤ ਨੇ ਮਰੀਆਂ ਹੋਈਆਂ ਭੇਡਾਂ ਦੀ ਕੀਮਤ ਕਰੀਬ 7.5 ਲੱਖ ਰੁਪਏ ਦੱਸੀ ਹੈ। ਭੇਡਾਂ ਪਾਲਕ ਤਰਸੇਮ ਲਾਲ ਪੁੱਤਰ ਕੁਰਦਿਆ ਰਾਮ ਵਾਸੀ ਮਲਕਪੁਰ ਨੇ ਦੱਸਿਆ ਕਿ ਉਸ ਕੋਲ ਸੌ ਦੇ ਕਰੀਬ ਭੇਡਾਂ ਹਨ ਅਤੇ ਉਸ ਦੇ ਪਰਿਵਾਰ ਦਾ ਗੁਜਾਰਾ ਵੀ ਭੇਡਾਂ ਦੇ ਸਿਰ ਉੱਤੇ ਚਲਦਾ ਹੈ। ਪੀੜਤ ਤਰਸੇਮ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਹ ਲਾਲੜੂ -ਹੰਡੇਸਰਾ ਸੰਪਰਕ ਸੜਕ 'ਤੇ ਸਥਿਤ ਜੌਲਾਂ ਚੌਕ ਵਿਖੇ ਆਪਣੀਆਂ ਭੇਡਾਂ ਚਾਰ ਰਿਹਾ ਸੀ ਤੇ ਉੱਥੇ ਕੱਚੇ ਚੌਲਾਂ ਦਾ ਵੱਡਾ ਢੇਰ ਲੱਗਾ ਹੋਇਆ ਸੀ। ਭੇਡਾਂ ਨੇ ਉੱਥੇ ਪਏ ਚੌਲ ਖਾ ਲਏ ਜਾਂ ਕੋਈ ਜਹਿਰੀਲ ਵਸਤੂ ਖਾ ਲਈ , ਉਸ ਤੋਂ ਬਾਅਦ ਉਹ ਭੇਡਾਂ ਨੂੰ ਆਪਣੇ ਪਿੰਡ ਲੈ ਆਇਆ ਤੇ ਉਸ ਨੇ ਸਾਰੀਆਂ ਭੇਡਾਂ ਨੂੰ ਵਾੜੇ ਵਿੱਚ ਛੱਡ ਦਿੱਤਾ ਅਤੇ ਉਹ ਉਥੇ ਹੀ ਸੌਂ ਗਿਆ, ਜਦੋਂ ਉਹ ਸਵੇਰੇ ਉੱਠਿਆ ਤਾਂ ਭੇਡਾਂ ਬੁਰੀ ਤਰ੍ਹਾਂ ਤੜਫ ਰਹੀਆਂ ਸਨ ਅਤੇ ਕੁੱਝ ਭੇਡਾਂ ਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਦਮ ਤੋੜ ਦਿੱਤਾ। ਤਰਸੇਮ ਨੇ ਖਦਸ਼ਾ ਪ੍ਰਗਟਾਇਆ ਕਿ ਕੱਚੇ ਚੌਲ ਖਾਣ ਜਾਂ ਜਹਿਰੀਲੀ ਵਸਤੂ ਖਾਣ ਕਾਰਨ ਭੇਡਾਂ ਦੀ ਮੌਤ ਹੋ ਗਈ ਹੈ। ਤਰਸੇਮ ਲਾਲ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਭੇਡਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵੈਟਰਨਰੀ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਜਾ ਰਿਹਾ ਸੀ।