Canada: ਪੰਜਾਬੀ ਨੌਜਵਾਨ ਕੈਨੇਡਾ ਦੀ ਫੈਡਰਲ ਸਰਕਾਰ ਦਾ ਬਣਿਆ Correctional ਅਫਸਰ- ਪੰਜਾਬ ਦਾ ਨਾਮ ਕੀਤਾ ਰੌਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ 18 ਮਈ 2024 - ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੱਦਾ ਦੇ ਜੰਮਪਲ ਨੌਜਵਾਨ ਵੱਲੋਂ ਕੈਨੇਡਾ ਫੈਡਰਲ ਸਰਕਾਰ ਦਾ Correctional ਅਫਸਰ ਬਣ ਕੇ ਪੂਰੇ ਭਾਰਤ ਸਮੇਤ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਚਾਚਾ ਬਲਕਾਰ ਸਿੰਘ ਮਾਨ ਨੇ ਦੱਸਿਆ ਕਿ ਮੇਰਾ ਭਤੀਜਾ ਮਨਪ੍ਰੀਤ ਸਿੰਘ ਮਾਨ ਪੁੱਤਰ ਮਹਿੰਦਰ ਸਿੰਘ ਮਾਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਹੀ ਕੈਨੇਡਾ ਵਿੱਚ Correctional ਅਫਸਰ ਦੀ ਨੌਕਰੀ ਮਿਲਣ ਨਾਲ ਪੂਰੇ ਪੰਜਾਬ ਦਾ ਜਿੱਥੇ ਨਾਮ ਰੋਸ਼ਨ ਹੋਇਆ ਹੈ। ਉੱਥੇ ਹੀ ਆਪਣੇ ਮਾਤਾ ਪਿਤਾ ਅਤੇ ਸਰਹੱਦੀ ਖੇਤਰ ਜਿਲਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ। Correctional ਅਫਸਰ ਮੁਲਕ ਦੀਆਂ ਵੱਖ ਜੇਲ੍ਹਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲਦੇ ਹਨ।
ਉਹਨਾਂ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਜੋ ਕਿ ਚੰਡੀਗੜ੍ਹ ਤੋਂ ਬੀਟੈਕ ਕਰਨ ਉਪਰੰਤ ਆਈ ਆਈ ਟੀ ਦਿੱਲੀ ਤੋਂ ਐਮ ਬੀ ਏ ਕਰਨ ਉਪਰੰਤ ਭਾਰਤ ਪੈਟਰੋਲੀਅਮ ਵਿੱਚ ਕਰੀਬ 15 ਸਾਲ ਅਫਸਰ ਵਜੋਂ ਸੇਵਾ ਨਿਭਾਉਣ ਉਪਰੰਤ ਸੰਨ 2018 ਵਿੱਚ ਪੂਰੇ ਪਰਿਵਾਰ ਸਮੇਤ ਪੱਕੇ ਤੌਰ ਤੇ ਕੈਨੇਡਾ ਵਿੱਚ ਚਲ ਗਏ ।ਉੱਥੇ ਜਾ ਕੇ ਉਹਨਾਂ ਵੱਲੋਂ ਸਖਤ ਮਿਹਨਤ ਕਾਰਨ ਉਪਰੰਤ ਕੈਨੇਡਾ ਵਿੱਚ ਇਸ ਪੋਸਟ ਲਈ ਟੈਸਟ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੂੰ ਸਫਲਤਾ ਮਿਲਣ ਉਪਰੰਤ ਉਹ ਇੱਕ ਅਫਸਰ ਵਜੋਂ ਚੁਣੇ ਗਏ।
ਉਨਾਂ ਦੇ ਚਾਚਾ ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਦੀ ਪਤਨੀ ਹਰਸਿਮਰਨ ਕੋਰ ਜਿਸ ਨੇ ਐਮ ਟੈਕ ਕੀਤੀ ਹੋਈ ਹੈ।ਉਹ ਵੀ ਕੈਨੇਡਾ ਵਿੱਚ ਇੱਕ ਅਫਸਰ ਵਜੋਂ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਅਤੇ ਉਹਨਾਂ ਦੀਆਂ ਦੋ ਬੇਟੀਆਂ ਹਨ ਵੱਡੀ ਬੇਟੀ ਗੁਰਨਾਜ ਕੌਰ 12 ਸਾਲ ਦੀ ਅਤੇ ਛੋਟੀ ਬੇਟੀ ਨੌਨਿੰਦ ਕੌਰ 5 ਸਾਲ ਦੀ ਹੈ ਜੋ ਕੈਨੇਡਾ ਵਿਖੇ ਪੜ੍ਹਾਈ ਕਰ ਰਹੀਆਂ ਹਨ।
ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਆਪਣੇ ਮਾਤਾ ਪਿਤਾ ਦਾ ਇਕਲੋਤਾ ਪੁੱਤਰ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਵਧੀਆ ਹੋਣ ਕਾਰਨ ਉਸ ਦੀ ਪ੍ਰਾਇਮਰੀ ਤੋਂ ਬਾਅਦ ਦੀ ਪੜ੍ਹਾਈ ਚੰਡੀਗੜ੍ਹ ਤੋਂ ਕਰਵਾਈ ਗਈ ਹੈ। ਜਿਸ ਵੱਲੋਂ ਸਕੂਲ ਸਮੇਂ ਵਿੱਚ ਵੀ ਪਹਿਲੀ ਪੁਜੀਸ਼ਨ ਵਿੱਚ ਕਈ ਕਲਾਸਾਂ ਪਾਸ ਕੀਤੀਆਂ ਹਨ ਅਤੇ ਅੱਜ ਵੀ ਸਖਤ ਮਿਹਨਤ ਕਰਨ ਉਪਰੰਤ ਕੈਨੇਡਾ ਵਿੱਚ ਜਾ ਕੇ ਇੱਕ ਅਫਸਰ ਵਜੋਂ ਨੌਕਰੀ ਪ੍ਰਾਪਤ ਕਰਨ ਨਾਲ ਪੂਰੇ ਭਾਰਤ ਸਮੇਤ ਆਪਣੇ ਸਰਹੱਦੀ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਲਾਕੇ ਅੰਦਰ ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।