ਪੱਛਮੀ ਬੰਗਾਲ ਮਾਮਲਾ: ਸਿੱਖਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਦੇਸ਼ ਦੀ ਆਜ਼ਾਦੀ ਅਤੇ ਸੁਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ - ਧਾਮੀ
ਅੰਮ੍ਰਿਤਸਰ, 20 ਫਰਵਰੀ, 2024: ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਆਗੂਆਂ ਵੱਲੋਂ ਸਿੱਖ ਆਈ.ਪੀ.ਐਸ. ਅਫ਼ਸਰ ਜਸਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਹਿਣਾ ਅਤਿ ਨਿੰਦਣਯੋਗ ਹੈ। ਦੇਸ਼ ਵਿੱਚ ਅਜਿਹੀ ਸੋਚ ਰੱਖਣ ਵਾਲੇ ਆਗੂਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਆਜ਼ਾਦੀ ਅਤੇ ਸੁਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਸਿੱਖਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਸਗੋਂ ਉਹ ਆਪਣੀਆਂ ਰਵਾਇਤਾਂ ਅਤੇ ਰੀਤੀ-ਰਿਵਾਜਾਂ ਅਨੁਸਾਰ ਕੌਮ ਲਈ ਸੇਵਾਵਾਂ ਨਿਭਾਉਣਾ ਜਾਣਦੇ ਹਨ।
ਇਹ ਵੱਡਾ ਸਵਾਲ ਹੈ ਕਿ ਦੇਸ਼ ਵਿੱਚ ਅਜਿਹੇ ਲੋਕ ਜਾਣਬੁੱਝ ਕੇ ਨਫ਼ਰਤ ਦਾ ਮਾਹੌਲ ਪੈਦਾ ਕਰਦੇ ਹਨ ਪਰ ਸਰਕਾਰਾਂ ਚੁੱਪ ਰਹਿੰਦੀਆਂ ਹਨ। ਅਜਿਹਾ ਮਾਹੌਲ ਪੈਦਾ ਕਰਨ ਵਾਲਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਵੱਖ-ਵੱਖ ਖੇਤਰਾਂ ਵਿੱਚ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਲੋਕਾਂ ਨੂੰ ਅਜਿਹੀ ਨਫ਼ਰਤ ਦਾ ਸ਼ਿਕਾਰ ਨਾ ਹੋਣਾ ਪਵੇ।