ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ, ਜਿਸ SHO ਨੇ ਨਸ਼ੀਲੇ ਪਦਾਰਥਾਂ ਸਮੇਤ ਫੜਿਆ, ਪੜ੍ਹੋ ਉਨ੍ਹਾਂ ਨੇ ਕਿਵੇਂ ਕੀਤੀ ਗ੍ਰਿਫਤਾਰੀ?
ਚੰਡੀਗੜ੍ਹ, 12 ਜੁਲਾਈ 2024- ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਹਦੇ ਸਾਥੀ ਲਵਪ੍ਰੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਸਮੇਤ ਫਿਲੌਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਪੁਲਿਸ ਨੇ ਉਕਤ ਨੌਜਵਾਨਾਂ ਖਿਲਾਫ਼ ਜਿਥੇ ਮਾਮਲਾ ਦਰਜ ਕਰ ਲਿਆ ਹੈ, ਉਥੇ ਹੀ ਜਿਸ ਐਸਐਚਓ ਨੇ ਨਸ਼ੀਲੇ ਪਦਾਰਥਾਂ ਸਮੇਤ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਹਦੇ ਸਾਥੀ ਨੂੰ ਫੜਿਆ, ਉਹਨੇ ਵੀ ਮੀਡੀਆ ਸਾਹਮਣੇ ਆ ਕੇ ਸਾਰੀ ਘਟਨਾ ਦੱਸੀ ਹੈ।
ਐਸਐਚਓ ਸੁਖਦੇਵ ਸਿੰਘ ਫਿਲੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਉਹ ਰੂਟੀਨ ਚੈਕਿੰਗ ਲਈ ਨਾਕਾ ਲਗਾ ਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈ ਰਹੇ ਸੀ। ਜਦੋਂ ਅਸੀਂ ਹਾਈਵੇ ਫਿਲੌਰ ਤੋਂ ਜੋ ਮਿਲਟਰੀ ਕੈਂਪ ਦੇ ਸਾਹਮਣੇ ਖੱਬੀ ਸਾਈਡ ਤੇ ਜਿਥੇ ਇੱਕ ਕਰੇਟਾ ਗੱਡੀ, ਜੋ ਸ਼ੱਕੀ ਹਾਲਤ ਵਿਚ ਖੜੀ ਸੀ, ਜਿਸ ਨੂੰ ਰੂਟੀਨ ਚੈਕਿੰਗ ਦੇ ਤਹਿਤ ਚੈੱਕ ਕੀਤਾ ਗਿਆ ਤਾਂ, ਗੱਡੀ ਵਿਚ ਦੋ ਨੌਜਵਾਨ ਬੈਠੇ ਹੋਏ ਸੀ, ਜੋ ਕੋਈ ਚੀਜ਼ ਦਾ ਸੇਵਨ ਕਰ ਰਹੇ ਸੀ ਅਤੇ ਜਿਵੇਂ ਹੀ ਪੁਲਿਸ ਪਾਰਟੀ ਨੇ ਗੱਡੀ ਦੇ ਸ਼ੀਸ਼ੇ ਖੋਲ੍ਹੇ ਤਾਂ, ਤੁਰੰਤ ਉਕਤ ਨੌਜਵਾਨਾਂ ਨੇ ਸ਼ੱਕੀ ਚੀਜ਼ਾਂ ਸੀਟਾਂ ਹੇਠਾਂ ਲੁਕਾ ਦਿੱਤੀਆਂ, ਜਿਸ ਤੇ ਅਸੀਂ ਮੌਕੇ ਤੇ ਡੀਐਸਪੀ ਸਰਵਨਜੀਤ ਸਿੰਘ ਨੂੰ ਬੁਲਾਇਆ, ਜਿਸ ਦੀ ਨਿਗਰਾਨੀ ਹੇਠ ਉਕਤ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ, ਗੱਡੀ ਵਿਚ ਸਵਾਰ ਨੌਜਵਾਨਾਂ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਕਤ ਹੈਪੀ ਪੁੱਤਰ ਤਰਸੇਮ ਸਿੰਘ ਜੱਲੂਪੁਰ ਖੇੜਾ ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚੀਮਾ ਦੱਸਿਆ।
ਚੈਕਿੰਗ ਦੌਰਾਨ ਹਰਪ੍ਰੀਤ ਸਿੰਘ ਦੇ ਕਬਜ਼ੇ ਵਿੱਚੋਂ ਇੱਕ 4 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਅਤੇ ਇੱਕ ਜੇਬ ਵਿਚੋਂ ਲਾਈਟਰ ਤੇ 20 ਰੁਪਏ ਦਾ ਨੋਟ ਬਰਾਮਦ ਹੋਇਆ। ਲਵਪ੍ਰੀਤ ਸਿੰਘ ਦੀ ਚੈਕਿੰਗ ਉਪਰੰਤ ਉਸ ਦੀ ਜੇਬ ਵਿਚੋਂ ਕੰਡਾ ਅਤੇ ਦੋ ਲਾਈਟਰ ਮਿਲੇ। ਇਸ ਤੋਂ ਇਲਾਵਾ ਗੱਡੀ ਵਿਚੋਂ ਛੋਟਾ ਪਰਸ ਮਿਲਿਆ, ਜਿਸ ਵਿਚ ਇੱਕ ਸਿਲਵਰ ਪੇਪਰ ਸੀ, ਜੋ ਕਿ ਲਿਬੜਿਆ ਹੋਇਆ ਸੀ। ਐਸਐਚਓ ਸੁਖਦੇਵ ਸਿੰਘ ਫਿਲੌਰ ਨੇ ਦੱਸਿਆ ਕਿ, ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।