Bathinda: ਘੁੱਦਾ ਦਾ ਸਰਕਾਰੀ ਹਸਪਤਾਲ ਡੀ ਸੀ ਕੋਲ ਉੱਠੇ ਸਵਾਲ
ਅਸ਼ੋਕ ਵਰਮਾ
ਬਠਿੰਡਾ, 2 ਅਕਤੂਬਰ 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਇੱਕ ਜਨਤਕ ਵਫਦ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਸਰਕਾਰੀ ਸਿਵਲ ਹਸਪਤਾਲ ਘੁੱਦਾ ’ਚ ਡਾਕਟਰਾਂ ਤੇ ਸਟਾਫ ਦੀ ਘਾਟ ਦੂਰ ਕਰਨ , ਮੁਲਾਜ਼ਮਾਂ ਦੀ ਸੁਰੱਖਿਆ ਅਤੇ ਹਸਪਤਾਲ ਚ ਬਾਹਰੀ ਵਿਅਕਤੀਆਂ ਦੀ ਦਖਲਅੰਦਾਜ਼ੀ ਰੋਕਣ ਦੀ ਮੰਗ ਕੀਤੀ ਹੈ। ਵਫ਼ਦ ਵਿੱਚ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਤੇ ਜਸਕਰਨ ਸਿੰਘ ਕੋਟਗੁਰੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨਾਨਕ ਸਿੰਘ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ਼ ਦੇ ਆਗੂ ਗਗਨਦੀਪ ਸਿੰਘ ਭੁੱਲਰ ਤੇ ਸੁਖਵਿੰਦਰ ਸਿੰਘ ਸਿੱਧੂ ਅਤੇ ਡਾਕਟਰਾਂ ਦੀ ਜਥੇਬੰਦੀ ਪੀ ਸੀ ਐਮ ਐਸ ਐਸੋਸੀਏਸ਼ਨ ਦੇ ਆਗੂ ਡਾਕਟਰ ਜਗਰੂਪ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਸ਼ਾਮਲ ਸਨ।
ਜੱਥੇਬੰਦੀਆਂ ਦਾ ਵਫਦ ਇਸ ਸਬੰਧ ’ਚ ਸਿਵਲ ਸਰਜਨ ਬਠਿੰਡਾ ਨੂੰ ਵੀ ਮਿਲਿਆ ਅਤੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ । ਆਗੂਆਂ ਨੇ ਇਸ ਮੌਕੇ ਅਧਿਕਾਰੀਆਂ ਨੂੰ ਹਸਪਤਾਲ ’ਚ ਦਖਲ ਦੇਣ ਵਾਲੇ ਵਿਅਕਤੀ ਦਾ ਨਾਮ ਵੀ ਜਾਹਰ ਕੀਤਾ ਅਤੇ ਦਿੱਕਤਾਂ ਦੇ ਹੱਲ ਨਾਂ ਕੱਢਣ ਦੀ ਸੂਰਤ ’ਚ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਘੁੱਦਾ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਦਾ ਪਿੰਡ ਹੈ ਜਿੱਥੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਰਾਜ ’ਚ ਪੰਜਾਬ ਹੈਲਥ ਸਿਟਮਜ਼ ਕਾਰਪੋਰੇਸ਼ਨ ਨੇ ਕਰੀਬ 8.5 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਹਸਪਤਾਲ ਬਣਾਇਆ ਸੀ ਜੋ ਸਾਲ 2012 ’ਚ ਮੁਕੰਮਲ ਹੋਇਆ ਸੀ। ਸੂਤਰ ਦੱਸਦੇ ਹਨ ਕਿ ਸਿਹਤ ਵਿਭਾਗ ਨੇ ਨਿਯਮਾਂ ਤੋਂ ਲਾਂਭੇ ਜਾਕੇ ਸਬ ਡਵੀਜਨ ਪੱਧਰ ਤੇ ਹਸਪਤਾਲ ਬਨਾਉਣ ਦੀ ਥਾਂ ਘੁੱਦਾ ’ਚ ਸਬ ਡਵੀਜਨਲ ਹਸਪਤਾਲ ਬਣਾ ਦਿੱਤਾ।
ਲੋਕ ਤਾਂ ਅੱਜ ਵੀ ਆਖਦੇ ਹਨ ਕਿ ਤੱਤਕਾਲੀ ਹਾਕਮਾਂ ਨੂੰ ਖੁਸ਼ ਕਰਨ ਲਈ ਹਸਪਤਾਲ ਤਾਂ ਬਣਾਇਆ ਪਰ ਮੁਕੰਮਲ ਸਹੂਲਤਾਂ ਕਦੇ ਵੀ ਨਾਂ ਦਿੱਤੀਆਂ। ਹੁਣ ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਹੈ ਤਾਂ ਇੱਥੇ ਕਮੀਆਂ ਪੇਸ਼ੀਆਂ ਦੌਰ ਕਰਵਾਉਣ ਦੀ ਕਮਾਂਡ ਜਨਤਕ ਆਗੂਆਂ ਨੇ ਸੰਭਾਲੀ ਹੈ। ਵਫਦ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਘੁੱਦਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਤੇ ਸਟਾਫ ਦੀ ਘਾਟ ਕਾਰਨ ਐਮਰਜੈਂਸੀ ਡਿਊਟੀ ਦੌਰਾਨ ਉਥੇ ਕੋਈ ਡਾਕਟਰ ਮੌਜੂਦ ਨਾ ਹੋਣ ਕਾਰਨ ਇਲਾਜ਼ ਲਈ ਆਉਂਦੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹਨਾਂ ਆਖਿਆ ਕਿ ਇਲਾਕੇ ਦਾ ਵੱਡਾ ਹਸਪਤਾਲ ਹੋਣ ਕਾਰਨ ਇੱਥੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਤੋਂ ਇਲਾਵਾ ਦੰਦਾਂ ਅਤੇ ਹੱਡੀਆਂ ਮਾਹਿਰ ਡਾਕਟਰ ਸਮੇਤ ਬੇਹੋਸ਼ੀ ਵਾਲੇ ਅਤੇ ਐਮ ਬੀ ਬੀ ਐਸ ਡਾਕਟਰਾਂ , ਹੋਰ ਸਟਾਫ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਬੇਹੱਦ ਜ਼ਰੂਰਤ ਹੈ।
ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਐਮਰਜੈਂਸੀ ਡਿਊਟੀ ਸਮੇਂ ਡਾਕਟਰ ਨਾ ਹੋਣ ਕਾਰਨ ਹਸਪਤਾਲ ਵਿੱਚ ਆਉਂਦੇ ਕੁੱਝ ਵਿਅਕਤੀਆਂ ਵੱਲੋਂ ਰਾਤ ਦੀ ਡਿਊਟੀ ’ਤੇ ਤਾਇਨਾਤ ਸਟਾਫ਼ ਨਰਸਾਂ ਨਾਲ ਦੁਰਵਿਹਾਰ ਤੇ ਝਗੜਾ ਕਰਨ ਤੇ ਬਦਲੀ ਕਰਵਾਉਣ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਮਨਘੜ੍ਹਤ ਸ਼ਿਕਾਇਤਾਂ ਕਰਕੇ ਔਰਤ ਕਰਮਚਾਰੀਆਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਇਸ ਤਣਾਅਪੂਰਨ ਮਾਹੌਲ ਦੇ ਲਈ ਘੁੱਦਾ ਦਾ ਹੀ ਇੱਕ ਵਿਅਕਤੀ ਮੁੱਖ ਤੌਰ ਤੇ ਜਿੰਮੇਵਾਰ ਹੈ ਜਿਸ ਨੇ ਪਿਛਲੇ ਸਮੇਂ ਦੌਰਾਨ ਸਮਾਜ ਸੇਵਾ ਦੇ ਨਾਂ ਹੇਠ ਹਸਪਤਾਲ ਵਿੱਚ ਆਪਣਾ ਦਖਲ ਬਨਾਉਣ ਤੋਂ ਬਾਅਦ ਹਸਪਤਾਲ ਦੇ ਸਟਾਫ਼ ਉੱਪਰ ਨਜਾਇਜ਼ ਦਬਾਅ ਪਾ ਕੇ ਆਪਣੇ ਨਜ਼ਦੀਕੀਆਂ ਦਾ ਵੀ ਆਈ ਪੀ ਇਲਾਜ਼ ਕਰਵਾਇਆ ਅਤੇ ਹੋਰ ਵੀ ਸਹੂਲਤਾਂ ਹਾਸਲ ਕੀਤੀਆਂ ਹਨ ਜੋਕਿ ਕਿਸੇ ਵੀ ਪੱਖ ਤੋਂ ਜਾਇਜ ਨਹੀਂ ਹੈ ।
ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਝੂਠੀਆਂ ਸ਼ਿਕਾਇਤਾਂ ਕਰਨ , ਔਰਤ ਕਰਮਚਾਰੀਆਂ ਨੂੰ ਮੰਦ ਭਾਵਨਾ ਤਹਿਤ ਤੰਗ ਪ੍ਰੇਸ਼ਾਨ ਦੇ ਦੋਸ਼ਾਂ ਤਹਿਤ ਇਹ ਵਿਅਕਤੀ ਤਤਕਾਲੀ ਸੀਨੀਅਰ ਮੈਡੀਕਲ ਅਫ਼ਸਰ, ਸਮੂਹ ਸਟਾਫ ਅਤੇ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਚ ਲਿਖਤੀ ਰੂਪ ਵਿੱਚ ਮੁਆਫ਼ੀ ਮੰਗਣ ਤੋਂ ਇਲਾਵਾ ਹਸਪਤਾਲ ਦੇ ਕੰਮਾਂ ਚ ਸਿੱਧੀ ਤੇ ਅਸਿੱਧੀ ਦਖਲ ਅੰਦਾਜੀ ਨਾ ਕਰਨ ਦਾ ਲਿਖਤੀ ਭਰੋਸਾ ਵੀ ਦੇ ਚੁੱਕਾ ਹੈ ਪਰ ਇਸਦੇ ਬਾਵਜੂਦ ਇਸਦਾ ਦਖਲ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਉਹਨਾਂ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਵਿਅਕਤੀ ਦੀਆਂ ਗਲਤ ਕਾਰਵਾਈਆਂ ਤੋਂ ਸਤੇ ਮੁਲਾਜ਼ਮਾਂ ਵੱਲੋਂ ਇੱਕ ਸਿਹਤ ਮੰਤਰੀ ਨੂੰ ਇੱਥੋਂ ਸਮੂਹਿਕ ਬਦਲੀ ਲਈ ਲਿਖਤੀ ਪੱਤਰ ਵੀ ਭੇਜਿਆ ਗਿਆ ਸੀ ਪਰ ਮੌਕੇ ਦੀ ਐਸ ਐਮ ਓ ਨੇ ਮੁਲਾਜ਼ਮਾਂ ਨੂੰ ਇਸ ਸਬੰਧੀ ਲਿਖਤੀ ਭਰੋਸਾ ਦੇ ਕੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਸੀ।
ਉਹਨਾਂ ਇਹ ਵੀ ਆਖਿਆ ਕਿ 18 ਅਗਸਤ ਨੂੰ ਹਸਪਤਾਲ ਚੋਂ ਡਾਕਟਰਾਂ ਤੇ ਸਟਾਫ ਦੀਆਂ ਬਦਲੀਆਂ ਤੋਂ ਬਾਅਦ ਹਸਪਤਾਲ ਚ ਜੁੜੇ ਪਿੰਡ ਵਾਸੀਆਂ ਦੇ ਇਕੱਠ ਵਿੱਚ ਇਸ ਵਿਅਕਤੀ ਨੇ ਹਸਪਤਾਲ ਚ ਨਜਾਇਜ਼ ਦਖਲਅੰਦਾਜ਼ੀ ਨਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਫਿਰ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਉਹਨਾਂ ਆਖਿਆ ਕਿ ਇਸ ਵਿਅਕਤੀ ਖਿਲਾਫ ਕੋਈ ਕਾਰਵਾਈ ਨਾਂ ਹੋਣ ਕਾਰਨ ਉਸ ਦੇ ਅਤੇ ਹੋਰਨਾਂ ਵਿਅਕਤੀਆਂ ਦੇ ਹੌਸਲੇ ਇਸ ਹੱਦ ਤੱਕ ਵਧ ਗਏ ਹਨ ਕਿ ਮੁਲਾਜ਼ਮਾਂ ਨੂੰ ਤੰਗ ਪ੍ਰੇਸਾਨ ਕਰਨਾ ਆਪਣਾ ਅਧਿਕਾਰ ਸਮਝਣ ਲੱਗੇ ਹਨ। ਉਹਨਾਂ ਐਲਾਨ ਕੀਤਾ ਕਿ ਜੇਕਰ ਇਸ ਹਸਪਤਾਲ ਦੀ ਹਾਲਤ ਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਇਸ ਮਾਮਲੇ ਤੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ, ਰਾਮ ਸਿੰਘ ਕੋਟਗੁਰੂ, ਅਜੇਪਾਲ ਸਿੰਘ ਘੁੱਦਾ ਆਦਿ ਆਗੂ ਹਾਜ਼ਰ ਸਨ।