ਸਰਕਾਰਾਂ ਦੀਆਂ ਖੇਤੀ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਰੁਲਿਆ ਝੋਨਾ: ਕਿਸਾਨ ਆਗੂ
ਬਠਿੰਡਾ,1 ਨਵੰਬਰ 2024: ਝੋਨੇ ਦੀ ਸਰਕਾਰੀ ਖਰੀਦ ਹਰ ਸਾਲ ਇੱਕ ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਇਸ ਸਾਲ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ 1 ਨਵੰਬਰ ਨੂੰ ਵੀ ਪੂਰੀ ਤਰ੍ਹਾਂ ਖਰੀਦ ਸ਼ੁਰੂ ਨਹੀਂ ਹੋ ਸਕੀ ਜਿਸ ਕਾਰਨ ਮੰਡੀਆਂ ਨੱਕੋ ਨੱਕ ਭਰੀਆਂ ਪਈਆਂ ਹਨ ਅਤੇ ਮਜ਼ਬੂਰੀ ਵੱਸ ਕਿਸਾਨਾਂ ਨੂੰ ਆਪਣਾ ਧੀਆਂ ਪੁੱਤਾਂ ਵਾਂਗੂੰ ਪਾਲਿਆ ਹੋਇਆ ਝੋਨਾ ਪਿੰਡਾਂ ਵਿੱਚ ਪਈਆਂ ਵਿਹਲੀਆਂ ਸੁੰਨੀਆਂ ਥਾਵਾਂ ’ਤੇ ਲਾਹੁਣਾ ਪੈ ਰਿਹਾ ਹੈ। ਝੋਨੇ ਦੀ ਖਰੀਦ ਅਤੇ ਚੁਕਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਗੇ ਮੋਰਚਿਆਂ ਦੌਰਾਨ ਅੱਜ ਦੇ ਬੁਲਾਰਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ,ਹਰਜਿੰਦਰ ਸਿੰਘ ਬੱਗੀ,ਬਸੰਤ ਸਿੰਘ ਕੋਠਾਗੁਰੂ, ਹਰਿੰਦਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾਗੁਰੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦਾ ਬਦਲਾ ਲਊ ਭਾਵਨਾ ਨਾਲ ਅਤੇ ਮੰਡੀਕਰਨ ਬੋਰਡ ਦਾ ਢਾਂਚਾ ਤੋੜ ਕੇ ਅਨਾਜ ਨੂੰ ਖੁੱਲੀ ਮੰਡੀ ਰਾਹੀਂ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਤੀ ਤੇ ਚਲਦਿਆਂ ਇਸ ਵਾਰ ਝੋਨੇ ਦੀ ਖਰੀਦ ਦੇ ਪੂਰੇ ਪ੍ਰਬੰਧ ਨਹੀਂ ਕੀਤੇ।
ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਨਵੰਬਰ ਨੂੰ ਹਰ ਸਾਲ ਮੰਡੀਆਂ ਖਤਮ ਹੋਣ ਕਿਨਾਰੇ ਹੁੰਦੀਆਂ ਹਨ ਪਰ ਹਾਲੇ ਤੱਕ ਚੌਲ ਮਿੱਲਾਂ ਚੋਂ ਪਿਛਲੇ ਦੋ ਸਾਲ ਦਾ ਚੌਲ ਨਹੀਂ ਚੁੱਕਿਆ ਗਿਆ ਤੇ ਨਾ ਹੀ ਹਾਲੇ ਤੱਕ ਸ਼ੈਲਰ ਮਾਲਕਾਂ ਨਾਲ ਖਰੀਦਣ ਦਾ ਪੂਰੀ ਤਰ੍ਹਾਂ ਸਮਝੌਤਾ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਵੀ ਇਹਨਾਂ ਨੀਤੀਆਂ ਤੇ ਚੱਲਦਿਆਂ ਹੋਇਆਂ ਝੋਨੇ ਦੀ ਖਰੀਦ ਦੇ ਅਗਾਊਂ ਇੰਤਜ਼ਾਮ ਨਹੀਂ ਕੀਤੇ। ਕੇਂਦਰ ਤੇ ਪੰਜਾਬ ਸਰਕਾਰ ਰੋਜਾਨਾ ਇੱਕ ਦੂਜੇ ’ਤੇ ਦੋਸ਼ ਲਾਉਣ ਦੇ ਨਾਟਕ ਕਰ ਰਹੀਆਂ ਹਨ ਪਰ ਕਿਸਾਨ ਤੇ ਉਸ ਦੀ ਫਸਲ ਮੰਡੀਆਂ ਅਤੇ ਸੜਕਾਂ ’ਤੇ ਰੋਲ ਰਹੇ ਹਨ। ਪਰਾਲੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਡੀਏਪੀ ਦੀ ਤੋਟ ਬਰਕਰਾਰ ਹੈ। ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਕਣਕ ਦੇ ਬੀਜ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾ ਝੋਨੇ ਦੀ ਖਰੀਦ ਦਾ ਤੇ ਹੁਣ ਕਣਕ ਦੇ ਬੀਜ ਅਤੇ ਡੀਏਪੀ ਦੇ ਅਗਾਊਂ ਪ੍ਰਬੰਧ ਨਾ ਕਰਕੇ ਸਰਕਾਰ ਅਨਾਜ ਦੀ ਤੋਟ ਪੈਦਾ ਕਰ ਰਹੀ ਹੈ ਜਿਸ ਨਾਲ ਭੁੱਖਮਰੀ ਪੈਦਾ ਹੋ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਦੇਸ਼ ਨੂੰ ਭੁੱਖਮਰੀ ਵੱਲ ਧੱਕ ਕੇ ਦੇਸ਼ ਦੇ ਲੋਕਾਂ ਨਾਲ ਧਰੋ ਕਮਾ ਰਹੀ ਹੈ। ਆਗੂਆਂ ਨੇ ਸਮੂਹ ਲੋਕਾਂ ਨੂੰ ਇਹਨਾਂ ਲੋਕ ਮਾਰੂ ਨੀਤੀਆਂ ਖਿਲਾਫ ਸੰਘਰਸ਼ ਦੇ ਮੈਦਾਨਾਂ ਵਿੱਚ ਆਉਣ ਦਾ ਸੱਦਾ ਦਿੱਤਾ।