ਦੀਵਾਲੀ ਮੌਕੇ ਭਲਾਈ ਤਰਜੀਹ: ਨਹਿਰ ’ਚ ਡਿੱਗੀ ਗਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਅਸ਼ੋਕ ਵਰਮਾ
ਬਠਿੰਡਾ,1 ਨਵੰਬਰ 2024:ਡੇਰਾ ਸੱਚਾ ਸੌਦਾ ਸਿਰਸਾ ਦੇ ਬਲਾਕ ਬਠਿੰਡਾ ਦੇ ਏਰੀਆ ਜਨਤਾ ਨਗਰ ਦੇ ਸੇਵਾਦਾਰਾਂ ਵੱਲੋਂ ਤਿਉਹਾਰ ਮੌਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ’ਚ ਡਿੱਗੀ ਗਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸ ਦੀ ਜਾਨ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨਹਿਰ ਦਾ ਇਹ ਇਲਾਕਾ ਝਾਲ ਤੋਂ ਕੁੱਝ ਦੂਰੀ ’ਤੇ ਹੋਣ ਕਰਕੇ ਪਾਣੀ ਕਾਫੀ ਤੇਜੀ ਨਾਲ ਵਗਦਾ ਹੈ ਜਿਸ ਨੂੰ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ। ਇਸ ਇਲਾਕੇ ’ਚ ਨਹਿਰ ’ਚ ਛਾਲਾਂ ਮਾਰਕੇ ਨਹਾੳਣ ਵਾਲਿਆਂ ਨੂੰ ਕਈ ਵਾਰ ਜਾਨ ਤੋਂ ਵੀ ਹੱਥ ਧੋਣਾ ਪਿਆ ਹੈ। ਅਜਿਹੀਆਂ ਪ੍ਰਸਥਿਤੀਆਂ ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਰਾਹਗੀਰਾਂ ਦੀ ਸਹਾਇਤਾ ਨਾਲ ਬੇਜ਼ੁਬਾਨ ਜਾਨਵਰ ਲਈ ਕੀਤੇ ਇਸ ਕਾਰਜ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਜਨਤਾ ਨਗਰ ਦੇ ਪ੍ਰੇਮੀ ਸੇਵਕ ਜਸਵੰਤ ਰਾਏ ਇੰਸਾਂ ਨੇ ਦੱਸਿਆ ਕਿ ਉਸ ਨੂੰ ਸਵੇਰੇ ਲਗਭਗ 7:30 ਵਜੇ ਜਨਤਾ ਨਗਰ ਏਰੀਆ ਦੇ ਸੀਨੀਅਰ ਪ੍ਰੇਮੀ ਸੰਮਤੀ ਸੇਵਾਦਾਰ ਲੀਲਾ ਰਾਮ ਇੰਸਾਂ ਦਾ ਫੋਨ ਆਇਆ ਕਿ ਨਹਿਰ ਵਿਚ ਇੱਕ ਪਸ਼ੂ ਡਿੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਨੂੰ ਕੱੁਝ ਹੋ ਨਾ ਜਾਏ ਤਾਂ ਥੋੜ੍ਹੀ ਹੀ ਦੇਰ ਵਿਚ ਉਹ ਪ੍ਰੇ੍ਮੀ ਸੰਮਤੀ ਸੇਵਾਦਾਰ ਛੋਟੇ ਲਾਲ ਇੰਸਾਂ, ਸੇਵਾਦਾਰ ਅਭੇ ਰਾਜ ਇੰਸਾਂ, ਡਾ. ਕਮਲੇਸ਼ ਇੰਸਾਂ, ਰਾਜੂ ਇੰਸਾਂ, ਪ੍ਰਮੋਦ ਰਤਨ ਇੰਸਾਂ (ਹੈਪੀ) ਅਤੇ ਹੋਰ ਸੇਵਾਦਾਰਾਂ ਨੂੰ ਲੈ ਕੇ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਨੇ ਰਾਹਗੀਰਾਂ ਨਾਲ ਮਿਲ ਕੇ ਬੜੀ ਜੱਦੋ ਜਹਿਦ ਤੋਂ ਬਾਅਦ ਗਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।