ਕੈਨੇਡਾ: ਵੈਨਕੂਵਰ ਵਿਚਾਰ ਮੰਚ ਨੇ ਦਰਸ਼ਨ ਦੋਸਾਂਝ ਦੀਆਂ ਦੋ ਪੁਸਤਕਾਂ ਰਿਲੀਜ਼ ਕੀਤੀਆਂ
ਹਰਦਮ ਮਾਨ
ਸਰੀ, 2 ਨਵੰਬਰ 2024-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਨਛੱਤਰ ਸਿੰਘ ਗਿੱਲ ਦੇ ਫਾਰਮ ਹਾਊਸ ‘ਤੇ ਵਿਸ਼ੇਸ਼ ਇਕੱਤਰਤਾ ਕਰ ਕੇ ਬਹੁਪੱਖੀ ਲੇਖਕ ਦਰਸ਼ਨ ਦੋਸਾਂਝ ਦੀਆਂ ਦੋ ਪੁਸਤਕਾਂ ‘ਅੰਨ੍ਹਾਂ ਖੂਹ’ (ਕਹਾਣੀ ਸੰਗ੍ਰਿਹ) ਅਤੇ ‘ਮੈਨੂੰ ਤਲਾਸ਼ਾਂ ਤੇਰੀਆਂ’(ਕਾਵਿ ਸੰਗ੍ਰਹਿ) ਰਿਲੀਜ਼ ਕੀਤੀਆਂ ਗਈਆਂ। ਮੰਚ ਦੇ ਆਗੂ ਮੋਹਨ ਗਿੱਲ ਨੇ ਇਕੱਤਰਤਾ ਵਿੱਚ ਪਹੁੰਚੇ ਸਾਹਿਤਕ ਮਿੱਤਰਾਂ ਦਾ ਸਵਾਗਤ ਕੀਤਾ ਅਤੇ ਦਰਸ਼ਨ ਦੋਸਾਂਝ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਾਵਲਕਾਰ, ਕਹਾਣੀਕਾਰ ਅਤੇ ਆਲੋਚਕ ਡਾ. ਸੁਰਜੀਤ ਬਰਾੜ ਨੇ ਦਰਸ਼ਨ ਦੋਸਾਂਝ ਬਾਰੇ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਦਰਸ਼ਨ ਦੋਸਾਂਝ ਯਥਾਰਥਵਾਦੀ-ਰੁਮਾਂਸਵਾਦੀ ਗੀਤਕਾਰ ਹੈ। ਗੀਤਕਾਰ ਹੋਣ ਦੇ ਨਾਲ਼ ਨਾਲ਼ ਉਹ ਗਾਇਕ ਵੀ ਹੈ। ਉਹ ਸ਼ਬਦਾਂ ਧਨੀ ਹੈ। ਉਸ ਦੇ ਗੀਤ ਸਰਲਭਾਵੀ, ਕੋਮਲਭਾਵੀ ਹਨ ਜੋ ਬਾਕਮਾਲ ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਨਾਲ ਸ਼ਿੰਗਾਰੇ ਹੋਏ ਹਨ। ਇਹ ਗੀਤ ਜ਼ਿੰਦਗੀ ਨੂੰ ਟੁੰਬਣ ਵਾਲੇ ਗੀਤ ਹਨ ਜਿਨ੍ਹਾਂ ਵਿਚ ਜ਼ਿੰਦਗੀ, ਸਮਾਜ ਅਤੇ ਪਿਆਰ ਨਾਲ ਸੰਬੰਧਿਤ ਮਸਲਿਆਂ ਨੂੰ ਬਹੁਤ ਹੀ ਬਾਖੂਬੀ ਨਾਲ ਪੇਸ਼ ਕੀਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਗੀਤਾਂ ਤੋਂ ਪਹਿਲਾਂ ਦਰਸ਼ਨ ਦੋਸਾਂਝ ਕਹਾਣੀਆਂ ਲਿਖਦਾ ਸੀ। ਉਸ ਦੀਆਂ ਕਹਾਣੀਆਂ ਵੀ ਮਨੁੱਖਤਾ ਅਤੇ ਜ਼ਿੰਦਗੀ ਦੇ ਸਨਮੁੱਖ ਮਸਲਿਆਂ ਦੇ ਰੂਬਰੂ ਹੁੰਦੀਆਂ ਹਨ। ਇਹ ਕਹਾਣੀਆਂ ਜੀਵਨ ਵਿਚ ਬੰਦੇ ਦੇ ਹੱਥ ਖਾਲੀ ਰਹਿਣ ਅਤੇ ਆਪਣੀਆਂ ਸਮੱਸਿਆਵਾਂ ਦੇ ਅੰਨ੍ਹੇ ਖੂਹ ਵਿੱਚ ਬੰਦੇ ਦੇ ਡਿੱਗਣ ਦਾ ਬਾਖੂਬੀ ਵਰਨਣ ਕਰਦੀਆਂ ਹਨ।
ਇਸ ਮੌਕੇ ਬੋਲਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਦਰਸ਼ਨ ਦੋਸਾਂਝ ਮੋਗਾ ਦੇ ਸਾਹਿਤਿਕ ਸਮਾਗਮਾਂ ਵਿੱਚ ਆਪਣੇ ਖੂਬਸੂਰਤ ਗੀਤਾਂ ਨਾਲ ਬਹੁਤ ਚਿਰ ਛਾਇਆ ਰਿਹਾ ਹੈ ਅਤੇ ਉਸ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੇ ਜਾਂਦੇ ਗੀਤ ਅਕਸਰ ਸਾਹਿਤਕ ਸਮਾਗਮਾਂ ਦੀ ਸ਼ਾਨ ਬਣਦੇ ਰਹੇ ਹਨ।
ਨਛੱਤਰ ਸਿੰਘ ਗਿੱਲ, ਠਾਣਾ ਸਿੰਘ ਖੋਸਾ, ਜਰਨੈਲ ਸਿੰਘ ਆਰਟਿਸਟ, ਹਰਦਮ ਸਿੰਘ ਮਾਨ, ਅਸ਼ੋਕ ਭਾਰਗਵ ਅਤੇ ਮਹਿੰਦਰਪਾਲ ਸਿੰਘ ਪਾਲ ਨੇ ਇਨ੍ਹਾਂ ਪੁਸਤਕਾਂ ਲਈ ਦਰਸ਼ਨ ਦੋਸਾਂਝ ਨੂੰ ਵਧਾਈ ਦਿੱਤੀ। ਦਰਸ਼ਨ ਦੋਸਾਂਝ ਨੇ ਡਾ. ਸੁਰਜੀਤ ਬਰਾੜ ਵੱਲੋਂ ਦਿੱਤੇ ਉਤਸ਼ਾਹ ਦੀ ਗੱਲ ਕਰਦਿਆਂ ਕਿਹਾ ਉਨ੍ਹਾਂ ਦੀ ਹੱਲਾਸ਼ੇਰੀ ਸਦਕਾ ਹੀ ਇਹ ਦੋਵੇਂ ਪੁਸਤਕਾਂ ਹੋਂਦ ਵਿਚ ਆਈਆਂ ਹਨ। ਉਨ੍ਹਾਂ ਇਹ ਪ੍ਰੋਗਰਾਮ ਰਚਾਉਣ ਲਈ ਵੈਨਕੂਵਰ ਵਿਚਾਰ ਮੰਚ ਦਾ ਧੰਨਵਾਦ ਕੀਤਾ। ਅੰਤ ਵਿਚ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਭਨਾਂ ਦਾ ਧੰਨਵਾਦ ਕੀਤਾ।