BABUSHAHI EXCLUSIVE: ਬਰਨਾਲਾ ’ਚ ਕਿਸ ਉਮੀਦਵਾਰ ਦਾ ਚੱਲੂ ਸਿਆਸੀ ਪਰਨਾਲਾ
ਅਸ਼ੋਕ ਵਰਮਾ
ਚੰਡੀਗੜ੍ਹ,2ਨਵੰਬਰ2024: ਪੰਜਾਬ ਵਿੱਚ ਹੋਣ ਜਾ ਰਹੀਆਂ 4 ਹਲਕਿਆਂ ਦੀਆਂ ਜਿਮਨੀ ਚੋਣਾਂ ਦੌਰਾਨ ਗਿੱਦੜਬਾਹਾ ਤੋਂ ਬਾਅਦ ਬਰਨਾਲਾ ਵਿਧਾਨ ਸਭਾ ਹਲਕਾ ਅਜਿਹਾ ਹੈ ਜਿਸ ’ਚ ਹਰ ਸਿਆਸੀ ਧਿਰ ਆਪਣੀ ਜਿੱਤ ਪ੍ਰਤੀ ਆਸਵੰਦ ਹੈ ਪਰ ਪੱਕਾ ਦਾਅਵਾ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ’ਚ ਵਜ਼ੀਰ ਤੇ ਬਰਨਾਲਾ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਸਦ ਮੈਂਬਰ ਬਣਨ ਕਾਰਨ ਇੱਥੇ ਜਿਮਨੀ ਚੋਣ ਹੋਣ ਜਾ ਰਹੀ ਹੈ। ਇਸ ਹਲਕੇ ’ਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਚੋਣ ਲੜਨ ਦੇ ਵੱਡੇ ਦਾਅਵੇਦਾਰ ਸਨ ਪਰ ਪਾਰਟੀ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ‘ਆਪ’ ਦੇ ਇਸ ਫੈਸਲੇ ਖਿਲਾਫ ਬਾਠ ਨੇ ਅਜ਼ਾਦ ਤੌਰ ਤੇ ਝੰਡਾ ਚੁੱਕ ਲਿਆ ਹੈ। ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਹੈ। ਕਾਂਗਰਸ ਤਰਫੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਚੋਣ ਮੈਦਾਨ ਵਿੱਚ ਹਨ।
ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਤੋਂ ਇਲਾਵਾ ਕੁੱਝ ਅਜਾਦ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਅਤੇ ਅਜਾਦ ਵੀ ਇਸ ਚੋਣ ਜੰਗ ਦਰਮਿਆਨ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਬਰਨਾਲਾ ਅਜਿਹਾ ਹਲਕਾ ਹੈ ਜਿੱਥੇ ਪਿਛਲੀ ਦੋ ਵਾਰ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 1997 ਤੋਂ ਬਾਅਦ ਹੋਈਆਂ ਛੇ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਉਤੇ ਨਜ਼ਰ ਮਾਰੀ ਜਾਵੇ ਤਾਂ ਇੱਥੇ ਇੱਕ ਵਾਰ ਆਜ਼ਾਦ ਉਮੀਦਵਾਰ, ਇੱਕ ਵਾਰ ਅਕਾਲੀ ਦਲ, ਦੋ ਵਾਰੀ ਕਾਂਗਰਸ ਅਤੇ ਦੋ ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਸਾਲ 2022 ’ਚ ਭਰ ਜੋਬਨ ਤੇ ਲਹਿਰ ਦੌਰਾਨ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਅਕਾਲੀ ਦਲ ਦੇ ਮਜ਼ਬੂਤ ਮੰਨੇ ਜਾਂਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਨੂੰ 37 ਹਜ਼ਾਰ 622 ਵੋਟਾਂ ਨਾਲ ਹਰਾਇਆ ਸੀ।
ਬਰਨਾਲਾ ਪਹਿਲਾਂ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਸੀ ਜੋਕਿ ਸਨਅਤਾਂ ਦਾ ਖਿੱਤਾ ਹੋਣ ਕਰਕੇ ਲਈ ਮਸ਼ਹੂਰ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚੋਂ ਇਸ ਵੇਲੇ ਬਰਨਾਲਾ 103 ਨੰਬਰ ਚੋਣ ਹਲਕਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ’ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਜੋ ਮੌਜੂਦਾ ਜਿਮਨੀ ਚੋਣ ਦੌਰਾਨ ਭਾਜਪਾ ਦੇ ਉਮੀਦਵਾਰ ਹਨ, ਨੂੰ ਫਸਵੇਂ ਮੁਕਾਬਲੇ ਦੌਰਾਨ 2,432 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ। ਇਸ ਮੌਕੇ ਮੀਤ ਹੇਅਰ ਨੂੰ 47,606 ਅਤੇ ਕੇਵਲ ਢਿੱਲੋਂ ਨੂੰ 45,174 ਵੋਟਾਂ ਪਈਆਂ ਸਨ। ਸ਼ਰੋਮਣੀ ਅਕਾਲੀ ਦਲ ਦੇ ਸੁਰਿੰਦਰਪਾਲ ਸਿੰਘ ਸਿਬੀਆ 31,111 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ ਸਨ। ਸਾਲ 2012 ’ਚ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਲਕੀਤ ਸਿੰਘ ਕੀਤੂ ਨੂੰ 5,522 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੂੰ 54,570 ਤੇ ਅਕਾਲੀ ਦਲ ਨੂੰ 49,048 ਵੋਟਾਂ ਪਈਆਂ ਸਨ। ਸਾਲ 2007 ਦੀਆਂ ਚੋਣਾਂ ਮੌਕੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 58,723 ਅਤੇ ਸ਼ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਕੀਤੂ ਨੂੰ 57,359 ਵੋਟਾਂ ਮਿਲੀਆਂ ਸਨ। ਕਾਂਗਰਸ ਨੇ ਇਹ ਸੀਟ 1,364 ਦੇ ਫਰਕ ਨਾਲ ਜਿੱਤੀ ਸੀ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਕੀਤੂ ਨੇ ਕਾਂਗਰਸ ਦੇ ਸੁਰਿੰਦਰਪਾਲ ਸਿੰਘ ਨੂੰ 16,270 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਨੂੰ 37,575 ਅਤੇ ਕਾਂਗਰਸੀ ਉਮੀਦਵਾਰ ਨੂੰ 21,305 ਵੋਟਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਸਾਲ 1997 ਦੌਰਾਨ ਹੋਈਆਂ ਚੋਣਾਂ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਕੀਤੂ ਨੇ ਅਜਾਦ ਉਮੀਦਵਾਰ ਵਜੋਂ ਹੈਰਾਨੀ ਜਨਕ ਜਿੱਤ ਦਰਜ ਕਰਦਿਆਂ ਸਿਆਸੀ ਹਲਕਿਆਂ ਅਤੇ ਆਮ ਲੋਕਾਂ ਨੂੰ ਉੱਗਲਾਂ ਟੁੱਕਣ ਲਾ ਦਿੱਤਾ ਸੀ।
ਇਸ ਮੌਕੇ ਮਲਕੀਤ ਕੀਤੂ ਨੇ ਸ਼ੋਮਣੀ ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੀ ਅਤੀ ਨਜ਼ਦੀਕੀ ਮੰਨੀ ਜਾਂਦੀ ਬੀਬੀ ਰਜਿੰਦਰ ਕੌਰ ਹਿੰਦ ਮੋਟਰਜ਼ ਨੂੰ 23 ਹਜ਼ਾਰ 714 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ ਸੀ। ਮਲਕੀਤ ਕੀਤੂ ਨੂੰ ਇਸ ਮੌਕੇ 41,819 ਵੋਟਾਂ ਪਈਆਂ ਸਨ ਜਦੋਂਕਿ ਦੂਸਰੇ ਸਥਾਨ ਤੇ ਰਹਿਣ ਵਾਲੀ ਰਜਿੰੰਦਰ ਕੌਰ ਸਿਰਫ 18,105 ਵੋਟਾਂ ਹੀ ਲਿਜਾ ਸਕੀ ਸੀ। ਇਸ ਚੋਣ ਦੌਰਾਨ ਭਾਰਤੀ ਕਮਿਊਨਿਸਨ ਪਾਰਟੀ ਦੇ ਥੰਮ੍ਹ ਉਮੀਦਵਾਰ ਚੰਦ ਸਿੰਘ ਚੋਪੜਾ ਤੋਂ ਇਲਾਵਾ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪਰਮਜੀਤ ਸਿੰਘ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਮਜਬੂਤ ਉਮੀਦਵਾਰ ਪੰਡਿਤ ਸੋਮ ਦੱਤ ਨੇ ਵੀ ਧਾਕੜ ਸ਼ੈਲੀ ’ਚ ਚੋਣ ਲੜੀ ਸੀ। ਇਸ ਮੌਕੇ ਪੰਡਿਤ ਸੋਮ ਦਤ ਦੀ ਜਮਾਨਤ ਜਬਤ ਹੋ ਗਈ ਸੀ ਅਤੇ ਸੀਪੀਆਈਐਮ ਦੇ ਆਗੂ ਚੰਦ ਸਿੰਘ ਚੋਪੜਾ ਹਾਸ਼ੀਏ ਤੇ ਚਲੇ ਗਏ ਸਨ ਜੋ ਬਾਅਦ ’ਚ ਸਿਆਸੀ ਮੰਚ ਤੇ ਨਜ਼ਰ ਨਹੀਂ ਆਏ।
ਮੁੱਖ ਮੰਤਰੀ ਲਈ ਮੁੱਛ ਦਾ ਸਵਾਲ
ਸਿਆਸੀ ਮਾਹਿਰਾਂ ਵੱਲੋਂ ਬਰਨਾਲਾ ਹਲਕੇ ਦੀ ਜਿਮਨੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਲਈ ਸਿਆਸੀ ਮੁੱਛ ਦਾ ਸਵਾਲ ਮੰਨੀ ਜਾ ਰਹੀ ਹੈ। ਸਾਲ 2014 ’ਚ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਭਗਵੰਤ ਮਾਨ ਨੇ ਜਦੋਂ ਢੀਂਡਸਾ ਵਰਗੇ ਸਿਆਸੀ ਧੁਨੰਤਰਾਂ ਨੂੰ ਹਰਾਕੇ ਚੋਣ ਜਿੱਤੀ ਸੀ ਤਾਂ ਉਸ ’ਚ ਬਰਨਾਲਾ ਇਲਾਕੇ ਦਾ ਅਹਿਮ ਯੋਗਦਾਨ ਸੀ। ਸਾਲ 2019 ’ਚ ਵੀ ਭਗਵੰਤ ਮਾਨ ਨੂੰ ਇਸ ਖਿੱਤੇ ਚੋਂ ਭਰਵਾਂ ਹੁੰਗਾਰਾ ਮਿਲਿਆ ਸੀ ਜਿਸ ਕਰਕੇ ਹੁਣ ਇਹ ਚੋਣ ਪੰਜਾਬ ਸਰਕਾਰ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ।