ਗਿੱਦੜਬਾਹਾ: ਝਾੜੂ ਅਤੇ ਕਮਲ ਦਾ ਫੁੱਲ ਮਧੋਲਣ ਦੀ ਤਿਆਰੀ
ਅਸ਼ੋਕ ਵਰਮਾ
ਗਿੱਦੜਬਾਹਾ, 3 ਨਵੰਬਰ 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠਲੇ ਕਿਸਾਨਾਂ ਨੇ ਭਾਰਤੀ ਜੰਤਾ ਪਾਰਟੀ ਦੇ ਆਗੂਆਂ ਨੂੰ ਨਿਸ਼ਾਨੇ ਤੇ ਲੈ ਲਿਆ ਹੈ। ਜੱਥੇਬੰਦੀ ਨੇ ਕਿਸਾਨ ਅੰਦੋਲਨ ਭਖਾਉਣ ਉਪਰੰਤ ਭਾਜਪਾ ਲੀਡਰਸ਼ਿਪ ਤੇ ਦਬਾਅ ਪਾਉਣ ਦੀ ਰਣਨੀਤੀ ਘੜੀ ਹੈ। ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਗਿੱਦੜਬਾਹਾ ਹਲਕੇ ’ਚ ਹੋਣ ਵਾਲੀ ਜਿਮਨੀ ਚੋਣ ਦੇ ਮੱਦੇਨਜ਼ਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਕਾਈ ਨੇ 4 ਨਵੰਬਰ ਦਿਨ ਸੋਮਵਾਰ ਨੂੰ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਦਫਤਰਾਂ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਦਿਨਾਂ ਤੋਂ ਪਿੰਡਾਂ ਸ਼ਹਿਰਾਂ ’ਚ ਬੇਧੜਕ ਹੋਕੇ ਪ੍ਰਚਾਰ ਕਰ ਰਹੇ ਇੰਨ੍ਹਾਂ ਦੋਵਾਂ ਪਾਰਟੀਆਂ ਦੇ ਆਗੂਆਂ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ।
ਹਾਲਾਂਕਿ ਕਿਸਾਨ ਜੱਥੇਬੰਦੀ ਨੇ ਸ਼ਾਂਤਮਈ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਪਰ ਪੇਂਡੂ ਖੇਤਰਾਂ ’ਚ ਝੋਨੇ ਦੀ ਖਰੀਦ ਅਤੇ ਸ਼ੈਲਰਾਂ ’ਚ ਪਏ ਪੁਰਾਣੇ ਚਾਵਲਾਂ ਦੀ ਲਿਫਟਿੰਗ ਨੂੰ ਲੈਕੇ ਮਹੌਲ ਤਲਖ ਬਣਨ ਦੀ ਸੰਭਾਵਾਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਖੇਤੀ ਕਾਨੂੰਨਾਂ ਕਾਰਨ ਪਿੰਡਾਂ ’ਚ ਬਣੇ ਵਿਰੋਧ ਕਾਰਨ ਭਾਜਪਾ ਖਿਲਾਫ ਚੱਲੀ ਲੰਮੀ ਲੜਾਈ ਮਗਰੋਂ ਕਾਫੀ ਸਮਾਂ ਠੰਢ ਰਹਿਣ ਤੋਂ ਬਾਅਦ ਹੁਣ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਖਿਲਾਫ ਸੰਘਰਸ਼ੀ ਮਹੌਲ ਬਣਿਆ ਹੈ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਆਗੂਆਂ ਨੇ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇ ਵਾਲਾ ਦੀ ਪ੍ਰਧਾਨਗੀ ਹੇਠ ਹਾਈਵੇ ਨੰਬਰ 9 ਟੌਲ ਪਲਾਜ਼ਾ ਅਬਲਖੁਰਨਾ ਤੇ ਕੀਤੀ ਜਿੱਥੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ, ਪਰਾਲੀ ਸਾੜਨ ਤੇ ਡੀਏਪੀ ਖਾਦ ਦੀ ਘਾਟ ਖਿਲਾਫ ਇਹ ਅਗਲਾ ਐਕਸ਼ਨ ਉਲੀਕਿਆ ਗਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਹੁਣ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੈ ਤਾਂ ਜ਼ਿਮਨੀ ਚੋਣ ਮੌਕੇ ਗਿੱਦੜਬਾਹਾ ਹਲਕੇ ਦੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਵਾਲੇ ਦਫ਼ਤਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਰਿਹਾਇਸ਼ ਤੇ ਦਫ਼ਤਰ ਅੱਗੇ 4 ਨਵੰਬਰ ਨੂੰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਜੋ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਂਸ ਸਿੰਘ ਸਿੰਘੇਵਾਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਕਿਹਾ ਕਿ ਮੰਡੀਆਂ ਵਿੱਚ ਨਿਰਵਿਘਨ ਸਰਕਾਰੀ ਖਰੀਦ ਤੇਜ ਕਰਾਉਣ ਸਮੇਤ ਕਿਸਾਨੀ ਨਾਲ ਸਬੰਧਿਤ ਤਿੰਨ ਮੁੱਦਿਆਂ ਤੇ ਪੰਜਾਬ ਭਰ ਵਿੱਚ 17 ਦਿਨਾਂ ਤੋਂ 52 ਥਾਵਾਂ ਤੇ ਚੱਲ ਰਹੇ ਮੋਰਚੇ ਬਦਲ ਕੇ ਜ਼ਿਮਨੀ ਚੋਣਾਂ ਵਿੱਚ ਤਬਦੀਲ ਕਰ ਦਿੱਤੇ ਹਨ।
ਕਿਸਾਨੀ ਦੀ ਹਾਲਤ ਤਰਸਯੋਗ
ਪੰਜਾਬ ’ਚ ਕਿਸਾਨੀ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਕਿਸਾਨਾਂ ਨੂੰ ਫ਼ਸਲ ਵੇਚਣ ਲਈ ਰਾਤਾਂ ਮੰਡੀਆਂ ਵਿਚ ਕੱਟਣੀਆਂ ਪੈ ਰਹੀਆਂ ਹਨ। ‘ਆਪ’ ਆਗੂਆਂ ਵੱਲੋਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਦੀ ਨਾਕਾਮੀ ਦਾ ਠੀਕਰਾ ਕੇਂਦਰ ਸਿਰ ਭੰਨਿਆ ਜਾ ਰਿਹਾ ਹੈ ਜਦੋਂ ਕਿ ਭਾਜਪਾ ਆਗੂ ‘ਆਪ’ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੇ ਹਨ। ਆਪ ਆਗੂ ਆਖਦੇ ਹਨ ਕਿ ਦਿੱਲੀ ਵਿਚ ਹੋਏ ਕਿਸਾਨ ਅੰਦੋਲਨ ਦਾ ਬਦਲਾ ਕੇਂਦਰ ਸਰਕਾਰ ਹੁਣ ਪੰਜਾਬ ਦੇ ਕਿਸਾਨਾਂ ਤੋਂ ਲੈ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਸਤੇ ਭਾਜਪਾ ਵੱਲੋਂ ਖ਼ਤਰਨਾਕ ਚਾਲਾਂ ਚੱਲੀਆਂ ਜਾ ਰਹੀਆਂ ਹਨ। ਭਾਜਪਾ ਆਗੂ ਆਖ ਰਹੇ ਹਨ ਕਿ ਸੂਬਾ ਸਰਕਾਰ ਖ਼ਰੀਦ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ ਅਤੇ ਆਪਣੀ ਨਾਕਾਮੀ ਹੁਣ ਭਾਜਪਾ ਦੀ ਝੋਲੀ ਪਾਉਣਾ ਚਾਹੁੰਦੀ ਹੈ।
ਦੋਵੇਂ ਸਰਕਾਰਾਂ ਨਾਕਾਮ ਸਾਬਤ ਹੋਈਆਂ
ਗਿੱਦੜਬਾਹਾ ਬਲਾਕ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ’ਚ ਦੋਨੋ ਸਰਕਾਰਾਂ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਝੋਨੇ ਦੀ ਖਰੀਦ ਨਾਲ ਸਬੰਧਤ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਟਰਾਂਸਪੋਰਟਰਾਂ ਦੇ ਮਸਲੇ ਹੱਲ ਨਹੀਂ ਕਰ ਰਹੀਆਂ ਹਨ ਜਿਸ ਕਰਕੇ ਕਿਸਾਨ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਇਨ੍ਹਾਂ ਨੀਤੀਆਂ ਰਾਹੀਂ ਕਾਰਪੋਰੇਟ ਘਰਾਣੇ ਐਮਐਸਪੀ ਤੇ ਸਰਕਾਰੀ ਖਰੀਦ ਬੰਦ ਕਰਨਾ ਅਤੇ ਖੁੱਲ੍ਹੀ ਮੰਡੀ ਰਾਹੀਂ ਅਨਾਜ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਨਾਲ ਜਨਤਕ ਵੰਡ ਪ੍ਰਣਾਲੀ ਰਾਹੀਂ ਸਰਕਾਰੀ ਡੀਪੂਆਂ ਤੋਂ ਗਰੀਬਾਂ ਨੂੰ ਸਸਤੇ ਜਾਂ ਮੁਫਤ ਮਿਲਦੇ ਅਨਾਜ ਅਤੇ ਹੋਰ ਸਹੂਲਤਾਂ ਬੰਦ ਹੋ ਜਾਣਗੀਆਂ । ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹਾ ਕਰਨ ਨਹੀਂ ਦਿੱਤਾ ਜਾਏਗਾ।