555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ‘ਹਰਾ ਨਗਰ ਕੀਰਤਨ’ ਸੁਲਤਾਨਪੁਰ ਲੋਧੀ ਪਹੁੰਚਿਆ
- ਨਗਰ ਕੀਰਤਨ ਦੌਰਾਨ 5100 ਬੂਟਿਆਂ ਦਾ ਵੰਡਿਆ ਗਿਆ ਪ੍ਰਸ਼ਾਦ
- ਦੀਵਾਲੀ ਦੀ ਰਾਤ ਪੰਜਾਬ ਦੀ ਹਵਾ ਨੇ ਸਾਬਿਤ ਕੀਤਾ ਕਿ ਕੁਦਰਤ ਨਾਲ ਕਿੰਨਾ ਹੋ ਰਿਹਾ ਹੈ ਖਿਲਵਾੜ
- ਪੰਜਾਬ ਵਿੱਚ ਹੁਣ ਸਾਹ ਲੈਣ ਯੋਗ ਨਹੀ ਬਚੀ ਆਬੋ ਹਵਾ : ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਨਾ ਅੰਕ ਨੇ ਤੋੜੇ ਰਿਕਾਰਡ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 03 ਨਵੰਬਰ 2024 - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ‘ਹਰਾ ਨਗਰ ਕੀਰਤਨ’ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲੇ੍ਹਰਖਾਨ ਪੁਰ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ। ਇਹ ਨਗਰ ਕੀਰਤਨ ਲਗਭਗ 40 ਕਿਲੋਮੀਟਰ ਦਾ ਸਫਰ ਤੈਅ ਕਰਕੇ ਵੇਂਈ ਕਿਨਾਰੇ ਦੇਰ ਸ਼ਾਮ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਪਹੁੰਚ ਕਿ ਸੰਪਨ ਹੋਇਆ। ਗੁਰਦੁਆਰਾ ਟਾਹਲੀ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਕਰਨ ਸਮੇਂ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ ਜੀ, ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਪ੍ਰਗਟ ਨਾਥ ਜੀ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੰਤ ਬਾਬਾ ਸੁੱਖਾ ਸਿੰਘ, ਸੰਤ ਗੁਰਦੇਵ ਸਿੰਘ ਅਤੇ ਮਹਾਤਮਾ ਮੁਨੀ ਜੀ ਸਮੇਤ ਹੋਰ ਵੀ ਬਹੁਤ ਧਾਰਮਿਕ ਸ਼ਖਸਿਅਤਾਂ ਹਾਜ਼ਰ ਰਹੀਆਂ।
ਇਸ ਨਗਰ ਕੀਰਤਨ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਗੁਰਬਾਣੀ ਦਾ ਗੁਨਗਾਣ ਕੀਤਾ ਅਤੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪਿਛਲੇ ਦੋ ਦਿਨ ਤੋਂ ਪੰਜਾਬ ਦੀ ਆਬੋ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋਇਆ ਪਿਆ ਸੀ। ਦੀਵਾਲੀ ਵਾਲੀ ਰਾਤ ਹਵਾ ਗੁਣਵੱਤਾ ਸੂਚਨਾ ਅੰਕ ਨੇ ਸਾਰੇ ਰਿਕਾਰਡ ਤੋੜ ਦਿੱਤੇ ਸੀ। ਆਮ ਹਲਾਤਾਂ ਵਿੱਚ ਹੋਣ ਵਾਲੀ 100 ਦੀ ਗੁਣਵੱਤਾ ਤੋਂ ਵੀ ਕਿਤੇ ਜ਼ਿਆਦਾ ਕਈ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਨਾ ਅੰਕ ਸੀ। ਜਿਸਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਲੋਕ ਕੁਦਰਤ ਨਾਲ ਕਿੰਨਾ ਖਿਲਵਾੜ ਕਰ ਰਹੇ ਹਨ ਤੇ ਇਸ ਲਈ ਕਿੰਨੇ ਕੁ ਸੁਹਿਰਦ ਹਨ। ਇਹ ਹਵਾ ਦਾ ਮਾਪਦੰਡ ਦੱਸ ਰਿਹਾ ਸੀ ਕਿ ਅਸੀ ਆਪਣੇ ਬੱਚਿਆਂ ਤੇ ਪਰਿਵਾਰਿਕ ਮੈਂਬਰਾਂ ਦੀ ਸੁਰੱਖਿਆ ਕਿੰਨੀ ਸੰਜੀਦਗੀ ਨਾਲ ਕਰ ਰਹੇ ਹਾਂ.? ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਤੇਜ਼ੀ ਨਾਲ ਵਾਤਾਵਰਣ ਵਿੱਚ ਆ ਰਹੇ ਨਿਘਾਰ ਨੂੰ ਕੇਵਲ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲ ਕਿ ਹੀ ਰੋਕਿਆ ਜਾ ਸਕਦਾ ਹੈ।
ਇਸ ਹਰੇ ਨਗਰ ਕੀਰਤਨ ਦੌਰਾਨ ਉਹਨਾਂ ਸਾਰੇ ਪਿੰਡਾਂ ਵਿੱਚ ਬੂਟਿਆਂ ਦਾ ਪ੍ਰਸ਼ਾਦ ਵੰਡਿਆ, ਜਿਹਨਾਂ ਪਿੰਡਾਂ ਵਿੱਚੋਂ ਦੀ ਇਹ ਨਗਰ ਕੀਰਤਨ ਵਿੱਚ ਗੁਜ਼ਰਿਆ। ਇਸ ਨਗਰ ਕੀਰਤਨ ਦੌਰਾਨ 5100 ਦੇ ਕਰੀਬ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਗਏ। ਇਹ ਨਗਰ ਕੀਰਤਨ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲ੍ਹੇਰ ਖਾਨਪੁਰ ਤੋਂ ਪਿੰਡ ਧੰਦਲ, ਨੱਥੂਚਾਹਲ, ਰਜਾਪੁਰ, ਆਰੀਆਵਾਲ, ਕੱਸੋਚਾਹਲ, ਭੰਡਾਲ ਦੋਨਾ, ਸਿੱਧਵਾਂ ਦੋਨਾ, ਨਦੇਕੀ, ਕਾਹਲਵਾ, ਥਿਗਲੀ, ਮਾਛੀਪਾਲ, ਕੋਲਪੁਰ, ਕੁਲਾਰ, ਮੋਠਾਵਾਲ, ਅਲਾਦਿੱਤਾ, ਡਡਵਿੰਡੀ, ਚੱਕ ਕੋਟਲਾ ਅੱਡਾ, ਜੈਨਪੁਰ ਅੱਡਾ, ਫੌਜੀ ਕਲੋਨੀ, ਝੱਲਲੇਈਵਾਲ, ਰਣਧੀਰਪੁਰ, ਗੁਰਦੁਆਰਾ ਸੰਤ ਘਾਟ ਤੋਂ ਪਵਿੱਤਰ ਵੇਂਈ ਦੇ ਕੰਢੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਆ ਕੇ ਜੈਕਾਰਿਆਂ ਦੀ ਗੂੰਜ਼ ਵਿੱਚ ਸੰਪਨ ਹੋਇਆ।
ਨਗਰ ਕੀਰਤਨ ਦਾ ਵੱਖ ਵੱਖ ਪਿੰਡਾਂ ਵਿੱਚ ਪਹੁੰਚਣ ਤੇ ਸੰਗਤਾਂ ਵੱਲੋਂ ਗੁਰੂ ਕੇ ਲੰਗਰ, ਫੱੁਲ਼ਾਂ ਤੇ ਸਜਾਵਟੀ ਗੇਟਾਂ ਨਾਲ ਸਵਾਗਤ ਕੀਤਾ। ਨਗਰ ਕੀਰਤਨ ਦੇ ਅੱਗੇ ਗੱਤਕੇ ਦੀ ਟੀਮ ਵੱਲੋਂ ਗੱਤਕੇ ਦੇ ਜ਼ੋਹਰ ਦਿਖਾਏ ਗਏ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਅਤੇ ਕਾਰਜ਼ ਦੇ ਬੱਚਿਆਂ ਵੱਲੋਂ ਤਖਤੀਆਂ ਰਾਹੀ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ।
ਬਾਕਸ ਆਈਟਮ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ੁਰੂਆਤ*
ਜ਼ਿਕਰਯੋਗ ਹੈ ਕਿ ਇਸ ਨਗਰ ਕੀਰਤਨ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਏਂਕ ਓਕਾਂਰ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਟਰੱਸਟ ਵੱਲੋਂ ਪੰਜ ਹਰੇ ਨਗਰ ਕੀਰਤਨ ਕੱਢੇ ਜਾਣਗੇ। ਦੂਜਾ ਹਰਾ ਨਗਰ ਕੀਰਤਨ ਮਿਤੀ 08 ਨੰਵਬਰ ਨੂੰ ਆਹਲੀ ਕਲਾਂ ਤੋਂ, ਤੀਜਾ ਹਰਾ ਨਗਰ ਕੀਰਤਨ 12 ਨਵੰਬਰ ਨੂੰ ਪਿੰਡ ਸੀਚੇਵਾਲ ਤੋਂ, ਚੌਥਾ ਹਰਾ ਨਗਰ ਕੀਰਤਨ 15 ਨਵੰਬਰ ਨੂੰ ਸੁਲਤਾਨਪੁਰ ਲੋਧੀ ਅਤੇ ਪੰਜਵਾਂ ਹਰਾ ਨਗਰ ਕੀਰਤਨ 20 ਨਵੰਬਰ ਨੂੰ ਵੇਂਈ ਦੇ ਮੁੱਢ ਸਰੋਤ ਪਿੰਡ ਧਨੋਆ ਤੋਂ ਕੱਢੇ ਜਾਣਗੇ। ਮਿਤੀ 14 ਨਵੰਬਰ 2024 ਨੂੰ ਕਵੀ ਤੇ ਕੀਤਰਨ ਦਰਬਾਰ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾਵੇਗਾ ਤੇ ਗੁਰਪੁਰਬ ਦੀ ਸ਼ਾਮ ਨੂੰ ਵੇਂਈ ਕਿਨਾਰੇ ਦੀਪਮਾਲਾ ਕੀਤੀ ਜਾਵੇਗੀ।