ਮਾਲੇਰਕੋਟਲਾ: ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਸਮਝਾਉਣ ਅਤੇ ਸਹਿਯੋਗ ਸਦਕਾ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਘਟੇ
* ਪਿਛਲੇ ਸਾਲ 03 ਨਵੰਬਰ 2023 ਤੱਕ ਪੀ.ਆਰ.ਐਸ.ਸੀ. ਤੇ 77 ਮਾਮਲੇ ਹੋਏ ਸਨ ਰਿਪੋਰਟ ਪਰ ਇਸ ਵਾਰ ਹੁਣ ਤੱਕ ਅੱਗ ਲੱਗਣ ਦੇ 53 ਮਾਮਲੇ ਦਰਜ - ਡਿਪਟੀ ਕਮਿਸ਼ਨਰ
* ਏ.ਡੀ.ਸੀ ਸਮੇਤ ਸਮੂਹ ਐਸ.ਡੀ.ਐਮਜ਼ ਅਤੇ ਹੋਰ ਅਧਿਕਾਰੀ ਲਗਾਤਾਰ ਖੇਤਾਂ 'ਚ ਜਾ ਕੇ ਕਿਸਾਨਾਂ ਨੂੰ ਕਰ ਰਹੇ ਨੇ ਜਾਗਰੂਕ
* ਏ.ਡੀ.ਸੀ. ਨੇ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਗੁਰੂ ,ਪੀਰਾਂ ਦੇ ਸੁਝਾਏ ਰਸਤੇ ਤੇ ਚੱਲਕੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਗੇ ਆਉਂਣ ਦਾ ਸੱਦਾ ਦਿੱਤਾ
* ਐਸ.ਡੀ.ਐਮ. ਅਮਰਗੜ੍ਹ, ਡੀ.ਆਰ.ਓ ਅਤੇ ਤਹਿਸੀਲਦਾਰ ਨੇ ਖ਼ੁਦ ਖੇਤਾਂ 'ਚ ਪਰਾਲੀ ਸੜਨੋ ਰੋਕੀ, ਕਿਸਾਨ ਜਮੀਨ 'ਚ ਵਾਹੁਣ ਲਈ ਹੋਏ ਸਹਿਮਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 03 ਨਵੰਬਰ :2024 - ਜ਼ਿਲ੍ਹਾ ਮਾਲੇਰਕੋਟਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਸਮਝਾਉਣ ਸਦਕਾ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਕਾਫ਼ੀ ਘਟੇ ਹਨ। ਪਿਛਲੇ ਸਾਲ 03 ਨਵੰਬਰ 2023 ਤੱਕ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ.) ਤੇ 77 ਮਾਮਲੇ ਰਿਪੋਰਟ ਹੋਏ ਸਨ ਅਤੇ ਅੱਜ ਭਾਵ( 03 ਨਵੰਬਰ 2024) ਤੱਕ 53 ਅੱਗ ਲੱਗਣ ਦੇ ਮਾਮਲੇ ਦਰਜ ਹੋਏ ਹਨ ।
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ ਕੋਨ-ਕਾਲ ਤੇ ਮੀਟਿੰਗ ਕਰਕੇ ਪਰਾਲੀ ਸਾੜਨ ਦੇ ਮਾਮਲਿਆਂ ਦਾ ਜਾਇਜ਼ਾ ਲਿਆ ਅਤੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ.) ਤੇ ਕਰੀਬ 32 ਫੀਂਸਦੀ ਮਾਮਲਿਆਂ ਵਿੱਚ ਕਮੀ ਦਰਜ ਹੋਈ ਹੈ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਸਮਝਾਉਣ ਅਤੇ ਸਹਿਯੋਗ ਸਦਕਾ ਸੰਭਵ ਹੋਇਆ ਹੈ। ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਨੇ ਮਾਲੇਰਕੋਟਲਾ ਸਬ ਡਵੀਜਨ ਦੇ ਪਿੰਡ ਇਬ੍ਰਾਹਿਮਪੁਰਾ, ਇਮਾਮਗੜ੍ਹ ਆਦਿ ਪਿੰਡਾਂ ਦਾ ਦੌਰਾ ਕਰਕੇ ਜ਼ਿਲ੍ਹੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਅੱਗਾਂ ਲਗਾਉਣ ਤੋਂ ਗੁਰੇਜ ਕਰਨ ਲਈ ਪ੍ਰੇਰਿਤ ਕੀਤਾ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਕਿਸਾਨਾਂ ਦੇ ਯਤਨਾਂ ਦੀ ਸ਼ਲਾਂਘਾ ਕਰਦਿਆਂ ਕਿਹਾ ਹੈ ਕਿ ਪਰਾਲੀ ਸਾੜਨ ਦੇ ਮਾੜੇ ਰੁਝਾਨ ਤੋਂ ਬਚਣ ਦੀ ਲੋੜ ਹੈ ਤਾਂ ਕਿ ਅਸੀਂ ਸਾਰੇ ਰਲਕੇ ਵਾਤਾਵਰਣ ਸੰਭਾਲ ਲਈ ਆਪਣਾ ਅਹਿਮ ਯੋਗਦਾਨ ਪਾ ਸਕੀਏ।
ਉਨ੍ਹਾਂ ਦੱਸਿਆ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜ਼ਿਲ੍ਹੇ ਵਿੱਚ ਕਿਤੇ ਵੀ ਖੇਤ ਵਿੱਚ ਲੱਗਣ ਵਾਲੀ ਅੱਗ ਦੀ ਰਿਪੋਰਟ ਤੁਰੰਤ ਜ਼ਿਲ੍ਹਾ ਅਧਿਕਾਰੀਆਂ ਕੋਲ ਪੁੱਜ ਜਾਂਦੀ ਹੈ ਜਿਸ ਉਪਰੰਤ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ ਤਾਂ ਜੋ ਕਿਸਾਨ ਅੱਗ ਲਗਾਉਣ ਤੇ ਹੋਣ ਵਾਲੇ ਜ਼ੁਰਮਾਨਿਆਂ, ਰੈਡ ਐਂਟਰੀ ਤੇ ਐਫ.ਆਈ.ਆਰ. ਤੇ ਹੋਰ ਕਾਰਵਾਈ ਤੋਂ ਬਚਣ।
ਅੱਜ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਪਿੰਡ ਸੰਦੋੜ,ਬੁਕਣਵਾਲ,ਭੂਦਨ,ਫਰੀਦਪੁਰ ਖੁਰਦ,ਤੱਖਰਕਲ੍ਹਾ,ਮੁਬਾਰਕਪੁਰਝੂਧਾ,ਕੁਠਾਲਾ,ਚੀਮਾ,ਮਾਨਕੀ,ਦਸੋਦਾ ਸਿੰਘ ਵਾਲਾ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਗੁਰੂ ,ਪੀਰਾਂ ਦੇ ਸੁਝਾਏ ਰਸਤੇ ਤੇ ਚੱਲਕੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਗੇ ਆਉਂਣ ਦਾ ਸੱਦਾ ਦਿੱਤਾ ਤਾਂ ਜੋ ਅਸੀ ਆਪਣੇ ਭਵਿੱਖ ਲਈ ਵਾਤਾਵਰਣ ਨੂੰ ਸੁਰੱਖਿਅਤ ਕਰ ਸਕੀਏ । ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ.ਮਾਲੇਰਕੋਟਲਾ/ਅਹਿਮਦਗੜ੍ਹ ਹਰਬੰਸ ਸਿੰਘ ਅਤੇ ਨਾਇਬ ਤਹਿਸੀਲਦਾਰ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨਾਲ ਮੌਜੂਦ ਸੀ ।
ਇਸ ਦੌਰਾਨ ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ,ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ, ਤਹਿਸ਼ੀਲਦਾਰ ਸੀਸ਼ੂਪਾਲ ਸਿੰਗਲਾ ਨੇ ਸਬ ਡਵੀਜਨ ਦੇ ਪਿੰਡ ਰਾਏਪੁਰ, ਸਲੇਮਪੁਰ,ਅਲੀਪੁਰ,ਮੌਹਾਲੀ,ਮੁਹਾਲਾ,
ਨੰਗਲ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਸਾੜਨ ਦੀ ਬਜਾਇ ਇਨਸੀਟੂ ਤਕਨੀਕਾਂ ਨਾਲ ਆਪਣੇ ਖੇਤਾਂ ਵਿੱਚ ਮਿਲਾਉਣ ਜਾਂ ਫਿਰ ਐਕਸ ਸੀਟੂ ਮੈਨੇਜਮੈਂਟ ਰਾਹੀਂ ਇਸ ਨੂੰ ਬੇਲਰਾਂ ਦੀ ਮਦਦ ਨਾਲ ਚੁਕਵਾਉਣ ਲਈ ਪ੍ਰੇਰਿਤ ਕੀਤਾ।
ਐਸ.ਡੀ.ਐਮ.ਜ਼ਿਲ੍ਹਾ ਮਾਲ ਅਫ਼ਸਰ ਅਤੇ ਤਹਿਸੀਲਦਾਰ ਨੇ ਅਮਰਗੜ੍ ਪਿੰਡ ਮੋਹਾਲੀ,ਮੁਹਾਲਾ, ਅਤੇ ਰਾਏਪੁਰ ਪਿੰਡਾਂ ਦੇ ਖੇਤਾਂ ਵਿੱਚ ਝੌਨੇ ਦੀ ਰਹਿੰਦ-ਖੂੰਹਦ ਨੂੰ ਲੱਗੀ ਅੱਗ ਖੁਦ ਅਤੇ ਆਪਣੇ ਸਹਾਇਕ ਸਟਾਫ ਅਤੇ ਕਿਸਾਨਾਂ ਦੀ ਮਦਦ ਨਾਲ ਤੁਰੰਤ ਬੁਝਵਾਈ । ਉਨ੍ਹਾਂ ਨੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਉਨਤ ਕਿਸਾਨ ਐਪ ਦਾ ਪੂਰਾ ਲਾਭ ਲੈਣ ਦੀ ਵੀ ਅਪੀਲ ਕੀਤੀ।