ਮਾਲੇਰਕੋਟਲਾ: ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਸੁਪਰ ਸੀਡਰ ਨਾਲ ਬਿਜਾਈ ਕਰਨ ਸੰਬੰਧੀ ਜਮੀਨੀ ਪੱਧਰ ਤੇ ਕੀਤਾ ਜਾ ਰਿਹਾ ਹੈ ਜਾਗਰੂਕ
* ਡੀ.ਏ.ਪੀ. ਖਾਦ ਦੇ ਬਦਲ ਦੇ ਰੂਪ ਵਿਚ ਕਿਸਾਨ ਟ੍ਰਿਪਲ ਸੁਪਰ ਫਾਸਫੇਟ, ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੇਟਿਕ ਖਾਦਾਂ ਦੀ ਵੀ ਵਰਤੋਂ ਕਰਨ : ਖੇਤੀਬਾੜੀ ਵਿਕਾਸ ਅਫ਼ਸਰ
* ਪਿੰਡ ਲਸੋਈ ਦੇ ਕਿਸਾਨ ਮਨਪ੍ਰੀਤ ਸਿੰਘ ਅਤੇ ਕਰਮਜੀਤ ਸਿੰਘ ਦਾ ਸ਼ਲਾਂਘਾ ਯੋਗ ਕਦਮ ਕਰੀਬ 100 ਏਕੜ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਕੀਤੀ ਬਿਜਾਈ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 03 ਨਵੰਬਰ :2024 - ਡਿਪਟੀ ਕਮਿਸ਼ਨਰ ਮਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਸਬੰਧੀ ਅਤੇ ਡੀ.ਏ.ਪੀ. ਖਾਦ ਦੇ ਬਦਲ ਦੇ ਰੂਪ’ਚ ਹੋਰ ਫਾਸਫੇਟ ਖਾਦਾਂ ਦੀ ਵਰਤੋਂ ਕਰਨ ਸਬੰਧੀ ਕਿਸਾਨਾਂ ਨੂੰ ਹੇਠਲੇ ਪੱਧਰ ਉੱਪਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ । ਇਸੇ ਕੜੀ ਤਹਿਤ ਖੇਤੀਬਾੜੀ ਵਿਕਾਸ ਅਫਸਰ ਡਾ ਨਵਦੀਪ ਕੁਮਾਰ ਨੇ ਪਿੰਡ ਲਸੋਈ ਵਿਖੇ ਵਿਸ਼ੇਸ ਜਾਗਰੂਕਤਾ ਕੈਂਪ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਕਟਾਈ ਉਪਰੰਤ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਮੁਹਈਆ ਕਰਵਾਈ ਗਈ ।
ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਿਸਾਨਾਂ ਨੂੰ ਖੇਤਾਂ ਵਿੱਚ ਜਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਕਿ ਕਣਕ ਦੀ ਬਿਜਾਈ ਲਈ ਫਾਸਫੋਰਸ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ ਕਿਸਾਨਾਂ ਵਲੋਂ ਡੀ.ਏ.ਪੀ. ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਡੀ.ਏ.ਪੀ. ਖਾਦ ਦੇ ਬਦਲ ਦੇ ਰੂਪ ਵਿਚ ਕਿਸਾਨ ਟ੍ਰਿਪਲ ਸੁਪਰ ਫਾਸਫੇਟ, ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੇਟਿਕ ਖਾਦਾਂ ਦੀ ਵੀ ਵਰਤੋਂ ਕਰ ਸਕਦੇ ਹਨ।
ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਟ੍ਰਿਪਲ ਸੁਪਰ ਫਾਸਫੇਟ ਵਿਚ ਵੀ ਡੀ.ਏ.ਪੀ. ਦੀ ਤਰ੍ਹਾਂ 46 ਫੀਸਦੀ ਫਾਸਫੋਰਸ ਤੱਤ ਹੁੰਦੇ ਹਨ ਅਤੇ ਇਨ੍ਹਾਂ ਖਾਦਾ ਦੀਆਂ ਕੀਮਤਾ ਡੀ.ਏ.ਪ. ਖਾਦ ਤੋਂ ਘੱਟ ਹੋਣ ਕਾਰਨ ਕਿਸਾਨ ਖੇਤੀ ਲਾਗਤ ਵਿੱਚ ਕਮੀ ਲਿਆ ਕੇ ਆਪਣੀ ਆਰਥਿਕ ਸਿਹਤ ਵਿੱਚ ਸੁਧਾਰ ਲਿਆ ਸਕਦੇ ਹਨ । ਇਸ ਤੋਂ ਇਲਾਵਾ ਬਾਜ਼ਾਰ ਵਿਚ ਉਪਲਬੱਧ ਹੋਰ ਫਾਸਫੇਟਿਕ ਖਾਦਾਂ ਵੀ ਇਸਤੇਮਾਲ ਕੀਤੀ ਜਾ ਸਕਦੀਆਂ ਹਨ ।
ਉਨਾਂ ਹੋਰ ਦੱਸਿਆ ਕਿ ਪਰਾਲੀ ਨੂੰ ਗਾਲਣ ਵਾਲੇ ਜਵਾਨੂ ਵੀ ਉਪਲਬਧ ਹਨ । ਜਿਨ੍ਹਾਂ ਦੀ ਵਰਤੋ ਕਰਕੇ ਕਿਸਾਨ ਪਰਾਲੀ ਦੀ ਰਹਿੰਦ –ਖੂੰਹਦ ਨੂੰ ਆਪਣੇ ਖੇਤ ਵਿੱਚ ਗਾਲ ਸਕਦਾ ਹੈ । ਪਰਾਲੀ ਨੂੰ ਨਾ ਸਾੜਨ ਦਾ ਕਿਸਾਨਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ,ਅੱਜ ਦਾ ਕਿਸਾਨ ਖੁਦ ਹੀ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ। ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਮੁਹਈਆ ਕਰਵਾਈ ਗਈ ਮਸ਼ੀਨਰੀ ਦੀ ਸੁਚੱਜੀ ਵਰਤੋ ਕੀਤੀ ਜਾ ਰਹੀ ਹੈ ।
ਉਹਨਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਉੱਪਰ ਸੀਆਰ ਐਮ ਸਕੀਮ ਤਹਿਤ ਮੁਹਈਆ ਕਰਵਾਏ ਸੰਦਾ ਦੀ ਵਰਤੋ ਨਾਲ ਹੀ ਕਿਸਾਨਾਂ ਵੱਲੋਂ ਜਿਆਦਾਤਰ ਕਣਕ ਦੀ ਬਿਜਾਈ ਹੋ ਰਹੀ ਹੈ। ਪਰਾਲੀ ਨੂੰ ਖੇਤ ਦੇ ਵਿੱਚ ਵਾਹੁਣ ਨਾਲ ਜਿੱਥੇ ਉਪਜਾਊਪਣ ਦਾ ਵਾਧਾ ਹੁੰਦਾ ਹੈ ਉਸ ਦੇ ਨਾਲ ਹੀ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ।