ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢਿਆ ਜਾਵੇਗਾ ਮਹੱਲਾ
- ਗੁਰੂ ਕੀਆਂ ਸੰਗਤਾਂ ਮਹੱਲੇ ਵਿੱਚ ਹੁੰਮਹੁੰਮਾ ਕੇ ਪੁੱਜਣ
ਸੁਲਤਾਨਪੁਰ ਲੋਧੀ - 15 ਨਵੰਬਰ 2024 - ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿਤੀ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਗੁਰੂ ਸਾਹਿਬਾਨ ਦੇ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆ ਵੱਲੋਂ ਮਹੱਲਾ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਮਹੱਲੇ ਦੀ ਰਵਾਇਤ ਦਸਮ ਪਾਤਸ਼ਾਹ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਅਰੰਭ ਕੀਤੀ ਸੀ ਜਿਸ ਨੂੰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਅੱਜ ਤੀਕ ਇਨਬਿਨ ਮਹੱਲੇ ਦੇ ਰੂਪ ਵਿੱਚ ਮਹੱਤਵਪੂਰਨ ਦਿਨ ਦਿਹਾੜੇ, ਗੁਰਪੁਰਬਾਂ ਤੇ ਚੜ੍ਹਦੀਕਲਾ ‘ਚ ਮਨਾਉਂਦੀਆਂ ਰਹੀਆਂ ਹਨ।
ਇਸ ਮੌਕੇ ਸ. ਬੇਦੀ ਨੇ ਦਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ ਗੁਰਪੁਰਬ ਸੁਲਤਾਨਪੁਰ ਲੋਧੀ ਤੋਂ ਇਲਾਵਾ ਸਮੁੱਚੇ ਵਿਸ਼ਵ ਵਿੱਚ ਸਿੱਖ ਜਗਤ ਵੱਲੋਂ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਵੱਲੋਂ ਚਲਾਈ ਲੰਗਰ ਪਰੰਪਰਾ ਵੀ ਹਰ ਗੁਰੂ ਘਰ ਤੇ ਆਮ ਵਰਤਦੀ ਹੈ। ਛਾਉਣੀ ਬੁੱਢਾ ਦਲ ਵਿਖੇ ਵੀ ਪਰਸੋਂ ਰੋਜ਼ ਤੋਂ ਜਿਥੇ ਧਾਰਮਿਕ ਦੀਵਾਨ ਚੱਲ ਰਹੇ ਹਨ ਉਥੇ ਗੁਰੂ ਕੇ ਲੰਗਰ ਵੀ ਅਤੁੱਟ ਵਰਤ ਰਹੇ ਹਨ।
ਇਹ ਪੁਰਬ ਸੰਸਾਰ ਪੱਧਰ ਤੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਦੀਆਂ ਸੰਗਤਾਂ ਵਸਦੀਆਂ ਹਨ ਉਥੇ ਹੀ ਇਹ ਮਹਾਨ ਗੁਰਪੁਰਬ ਚੜ੍ਹਦੀਕਲਾ ਵਿੱਚ ਮਨਾਇਆ ਜਾਂਦਾ ਹੈ, ਅੱਜ ਸਾਡੇ ਧੰਨ ਭਾਗ ਹਨ ਕਿ ਅਸੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 555 ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤ ਤੇ ਮਨਾ ਰਹੇ ਹਾਂ। ਪੁਰਸੋਂ ਰੋਜ਼ ਤੋਂ ਅਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਸਵੇਰੇ 9 ਵਜੇ ਭੋਗ ਪੈਣਗੇ ਉਪਰੰਤ ਧਾਰਮਿਕ ਦੀਵਾਨ ਸਜੇਗਾ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ, ਵਿਦਵਾਨ ਗੁਰੂ ਦਾ ਜਸ ਗਾਇਨ ਕਰਨਗੇ। ਉਪਰੰਤ ਮਹੱਲਾ ਪੂਰਨ ਤੌਰ ਤੇ ਖਾਲਸਾਈ ਸਿੱਖ ਭਾਵਨਾ ਨੂੰ ਉਜਾਗਰ ਕਰਦਾ ਖਾਲਸਾਈ ਰਵਾਇਤਾਂ ਪਰੰਪਰਾ ਅਨੁਸਾਰ ਪੂਰਨ ਸਾਂਤਮਈ ਆਪਣੇ ਮਨੋਰਥਾਂ ਦੀ ਪੂਰਤੀ ਕਰਦਾ ਗੁ: ਅਕਾਲ ਬੁੰਗਾ ਹੱਟ ਸਾਹਿਬ ਛਾਉਣੀ ਬੁੱਢਾ ਤੋਂ ਮਹੱਲਾ ਕੱਢਿਆ ਜਾਵੇਗਾ, ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਰਾਹੀਂ ਹੁੰਦਾ ਹੋਇਆ ਗੁ: ਸੰਤ ਘਾਟ ਨੇੜੇ ਮੈਦਾਨ ਵਿੱਚ ਪੁਜੇਗਾ। ਮਹੱਲੇ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਤੇ ਅਕਾਲੀ ਫੌਜਾਂ ਵੱਧ ਤੋਂ ਵੱਧ ਸਮੂਲੀਅਤ ਕਰਨਗੀਆਂ। ਉਨ੍ਹਾਂ ਅਪੀਲ ਕੀਤੀ ਪੁਰਾਤਨ ਪਰੰਪਰਾ ਅਨੁਸਾਰ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਜੌਹਰ ਦੇਖਣ ਲਈ ਗੁਰਦੁਆਰਾ ਸੰਤ ਘਾਟ ਨੇੜੇ ਖੁੱਲੇ ਮੈਦਾਨ ਵਿੱਚ ਹੁੰਮਹੁੰਮਾ ਕੇ ਪੁੱਜਣ।