ਚੰਡੀਗੜ੍ਹ ਯੂਨੀਵਰਸਿਟੀ ’ਚ ਐੱਫਏਪੀ ਨੈਸ਼ਨਲ ਅਵਾਰਡ-2024 ਸਮਾਗਮ 16 ਤੇ 17 ਨਵੰਬਰ ਨੂੰ
ਹਰਜਿੰਦਰ ਸਿੰਘ ਭੱਟੀ
- ਅਕਾਦਮਿਕ, ਖੇਡਾਂ ਅਤੇ ਸੱਭਿਆਚਾਰ ਗਤੀਵਿਧੀਆਂ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ, ਅਧਿਆਪਕਾਂ, ਪ੍ਰਿੰਸੀਪਲ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਵੇਗਾ ਐੱਫਏਪੀ ਨੈਸ਼ਨਲ ਪੁਰਸਕਾਰ-2024
- ਐੱਫਏਪੀ ਰਾਸ਼ਟਰੀ ਪੁਰਸਕਾਰ 2024 ’ਚ ਉੱਤਮ ਅਕਾਦਮਿਕ ਅਤੇ ਨਵੀਨਤਾਕਾਰੀ ਅਧਿਆਪਨ ਲਈ ਪ੍ਰਿੰਸੀਪਲ, ਅਧਿਆਪਕਾਂ ਤੇ ਸਕੂਲਾਂ ਨੂੰ 846 ਪੁਰਸਕਾਰ ਕੀਤੇ ਜਾਣਗੇ ਪ੍ਰਦਾਨ
ਮੋਹਾਲੀ, 14 ਨਵੰਬਰ 2024 - ਦੇਸ਼ ਭਰ ’ਚ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਨਿੱਜੀ ਸਕੂਲਾਂ ਦਾ ਸਨਮਾਨ ਕਰਨ ਲਈ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਐੱਫਏਪੀ) ਵੱਲੋਂ 16 ਨਵੰਬਰ ਤੋਂ 17 ਨਵੰਬਰ ਤੱਕ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਣ ਵਾਲੇ ਐੱਫਏਪੀ ਨੈਸ਼ਨਲ ਅਵਾਰਡ-2024 ਦੇ ਚੌਥੇ ਐਡੀਸ਼ਨ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਸਮਾਗਮ ਦੋਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੀ ਅਗੁਵਾਈ ਕਰਨਗੇ ਅਤੇ ਚੰਡੀਗੜ੍ਹ ਯੂਨੀਵਰਸਿਟੀ (ਸੀ. ਯੂ) ਦੇ ਚਾਂਸਲਰ ਦੇ ਸਲਾਹਕਾਰ ਡਾ. ਆਰਐੱਸ ਬਾਵਾ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵੀ ਇਸ ਮੌਕੇ ਮੌਜੂਦ ਰਹਿਣਗੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ ਨੇ ਐੱਫਏਪੀ ਰਾਸ਼ਟਰੀ ਪੁਰਸਕਾਰ-2024 ਬਾਰੇ ਵੇਰਵੇ ਸਾਂਝੇ ਕਰਦਿਆਂ ਕਿਹਾ, “ਐੱਫਏਪੀ ਪੁਰਸਕਾਰ ਚਾਰ ਸ਼੍ਰੇਣੀਆਂ ਵਿੱਚ ਦਿ ਬੈਸਟ ਸਕੂਲ, ਦਿ ਬੈਸਟ ਪ੍ਰਿੰਸੀਪਲ, ਦਿ ਬੈਸਟ ਟੀਚਰ ਅਤੇ ਦਿ ਬੈਸਟ ਸਟੂਡੈਂਟ ਨੂੰ ਉਨ੍ਹਾਂ ਦੇ ਭਵਿੱਖ ਦੇ ਦਿ੍ਰਸ਼ਟੀਕੋਣ ਅਤੇ ਅਕਾਦਮਿਕ, ਖੇਡਾਂ, ਸੱਭਿਆਚਾਰਕ ਅਤੇ ਸਮਾਜਿਕ ਖੇਤਰਾਂ ’ਚ ਪਾਏ ਸ਼ਾਨਦਾਰ ਯੋਗਦਾਨ ਲਈ ਦਿੱਤੇ ਜਾਣਗੇ।
ਦੋ ਦਿਨਾਂ ਤੱਕ ਚੱਲਣ ਵਾਲੇ ਪੁਰਸਕਾਰ ਸਮਾਰੋਹ ’ਚ ਅਕਾਦਮਿਕ ਤੇ ਖੇਡਾਂ ’ਚ ਉੱਤਮਤਾ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਕੁੱਲ 846 ਪੁਰਸਕਾਰ ਦਿੱਤੇ ਜਾਣਗੇ। 16 ਨਵੰਬਰ ਨੂੰ ਖੇਡਾਂ ’ਚ ਪ੍ਰਾਪਤੀ ਲਈ 100 ਪੁਰਸਕਾਰ, ਅਕਾਦਮਿਕ ਉੱਤਮਤਾ ਲਈ 82 ਪ੍ਰਾਈਡ ਆਫ ਇੰਡੀਆ ਪੁਰਸਕਾਰ ਅਤੇ 209 ਸਰਬੋਤਮ ਅਧਿਆਪਕ ਪੁਰਸਕਾਰ ਦਿੱਤੇ ਜਾਣਗੇ। 17 ਨਵੰਬਰ ਨੂੰ 130 ਅਕਾਦਮਿਕ ਅਚੀਵਮੈਂਟ ਅਵਾਰਡ (ਸਕੂਲ ਅਤੇ ਪ੍ਰਿੰਸੀਪਲ) 18 ਲਾਈਫ਼ ਟਾਈਮ ਪਿ੍ਰੰਸੀਪਲ ਅਵਾਰਡ, 102 ਸੋਸ਼ਲ ਅਚੀਵਮੈਂਟ ਅਵਾਰਡ (ਪਿ੍ਰੰਸੀਪਲ ਅਤੇ ਸਕੂਲ) 86 ਐੱਮਓਸੀ ਚੈਂਪੀਅਨ ਅਤੇ ਵੱਧ ਤੋਂ ਵੱਧ ਭਾਗੀਦਾਰੀ ਅਵਾਰਡ, 13 ਲਾਈਫ਼ ਟਾਈਮ ਅਚੀਵਮੈਂਟ ਅਵਾਰਡ (ਅਧਿਆਪਕ) ਤੇ 106 ਬੈਸਟ ਟੀਚਰ ਅਵਾਰਡ ਦਿੱਤੇ ਗਏ।
ਐੱਫਏਪੀ ਰਾਸ਼ਟਰੀ ਪੁਰਸਕਾਰ 2024 ਦੀ ਮਹੱਤਤਾ ਬਾਰੇ ਗੱਲ ਕਰਦਿਆਂ ਜੈ ਇੰਦਰ ਸੰਧੂ ਨੇ ਕਿਹਾ, “ਨਿੱਜੀ ਸਕੂਲ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਸਿੱਖਿਆ ਪ੍ਰਣਾਲੀਆਂ ’ਚੋਂ ਇੱਕ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਸਮਾਜਿਕ ਪ੍ਰਭਾਵ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਪਰ ਇਹ ਦੇਖਿਆ ਗਿਆ ਕਿ ਦੇਸ਼ ਦੇ ਵਿੱਦਿਅਕ ਦਿ੍ਰਸ਼ ਨੂੰ ਉੱਚਾ ਚੁੱਕਣ ਲਈ ਨਿੱਜੀ ਸਕੂਲਾਂ ਦੇ ਵੱਡਮੁੱਲੇ ਯੋਗਦਾਨ ਦੇ ਬਾਵਜੂਦ, ਉਨ੍ਹਾਂ ਦੇ ਯਤਨਾਂ ਨੂੰ ਅਤੀਤ ਵਿੱਚ ਮੁਸ਼ਕਿਲ ਨਾਲ ਹੀ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੇ ਅਥਾਹ ਯੋਗਦਾਨ ਲਈ ਤਿੰਨ ਸਾਲ ਪਹਿਲਾਂ ਐੱਫਏਪੀ ਪੁਰਸਕਾਰ ਸ਼ੁਰੂ ਕੀਤੇ ਗਏ ਸਨ। ਪੁਰਸਕਾਰਾਂ ਦੇ ਪਹਿਲੇ ਸੰਸਕਰਣ ਵਿੱਚ, ਪੁਰਸਕਾਰ ਸਿਰਫ ਪੰਜਾਬ ਰਾਜ ਦੇ ਸਰਬੋਤਮ ਸਕੂਲਾਂ, ਸਰਬੋਤਮ ਅਧਿਆਪਕ ਅਤੇ ਨਿੱਜੀ ਸਕੂਲਾਂ ਦੇ ਸਰਬੋਤਮ ਪ੍ਰਿੰਸੀਪਲ ਨੂੰ ਦਿੱਤੇ ਗਏ ਸਨ। ਪਰ ਐੱਫਏਪੀ ਦੇ ਦੂਜੇ ਸੰਸਕਰਣ ਤੋਂ ਬਾਅਦ, ਪੁਰਸਕਾਰਾਂ ਦੇ ਦਾਇਰੇ ਨੂੰ ਪੂਰੇ ਭਾਰਤ ਭਰ ’ਚ ਵਧਾਇਆ ਹੈ।
“ਜਿੱਥੇ ਇਹ ਪੁਰਸਕਾਰ ਹੋਣਹਾਰ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਨੂੰ ਸਕੂਲਾਂ ਅਤੇ ਭਾਈਚਾਰੇ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਮਾਨਤਾ ਦਿੰਦੇ ਹਨ, ਉੱਥੇ ਇਹ ਉਨ੍ਹਾਂ ਸਕੂਲਾਂ ਨੂੰ ਵੀ ਸਨਮਾਨਿਤ ਕਰਦੇ ਹਨ ਜਿਨ੍ਹਾਂ ਨੇ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰਾਂ ’ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਲਈ ਵੀ ਸਨਮਾਨਿਤ ਕੀਤਾ ਜਾਵੇਗਾ। ਐੱਫਏਪੀ ਅਵਾਰਡ-2024 ਵਿੱਚ ਸਰਬੋਤਮ ਸਕੂਲਾਂ, ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਪੁਰਸਕਾਰ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਯੋਗ ਉਮੀਦਵਾਰਾਂ ਨੂੰ ਦਿੱਤੇ ਜਾਣਗੇ।
ਐੱਫ. ਏ. ਪੀ. ਦੇ ਪ੍ਰਧਾਨ, ਜਗਜੀਤ ਸਿੰਘ ਧੂਰੀ ਨੇ ਕਿਹਾ, “ਪ੍ਰਿੰਸੀਪਲਾਂ, ਅਧਿਆਪਕਾਂ ਤੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗ ਮਾਨਤਾ ਦੇਣ ਲਈ, ਹਰ ਸਾਲ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਾਂ ਆਫ ਪੰਜਾਬ ਦੁਆਰਾ ਐੱਫ. ਏ. ਪੀ. ਨੈਸ਼ਨਲ ਅਵਾਰਡ ਦਿੱਤੇ ਜਾਂਦੇ ਹਨ। ਨਾਮਜ਼ਦਗੀਆਂ ਹਰ ਸਾਲ ਲਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਮੁਲਾਂਕਣ ਆਨਲਾਈਨ ਦੇ ਨਾਲ-ਨਾਲ ਆਫਲਾਈਨ ਤਜਰਬੇਕਾਰ ਸਿੱਖਿਆ ਸ਼ਾਸਤਰੀਆਂ ਦੁਆਰਾ ਪ੍ਰਮਾਣ ਪੱਤਰਾਂ ਨਾਲ ਕੀਤਾ ਜਾਂਦਾ ਹੈ ਜੋ ਪੁਰਸਕਾਰਾਂ ਦਾ ਅਧਾਰ ਬਣਦੇ ਹਨ। ਫੈਡਰੇਸ਼ਨ ਵੱਖ-ਵੱਖ ਮਾਪਦੰਡਾਂ ’ਤੇ ਉੱਤਮਤਾ ਪ੍ਰਾਪਤ ਕਰਨ ਵਾਲੇ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਇਨਾਮ ਦੇਣ ਲਈ ਆਪਣੀ ਕਿਸਮ ਦਾ ਇੱਕ ਐੱਫਏਪੀ ਰਾਸ਼ਟਰੀ ਪੁਰਸਕਾਰ ਸਮਾਰੋਹ ਆਯੋਜਿਤ ਕਰਦਾ ਹੈ। ਐੱਫਏਪੀ ਰਾਸ਼ਟਰੀ ਪੁਰਸਕਾਰਾਂ ਦਾ ਮੁੱਖ ਉਦੇਸ਼ ਨਿੱਜੀ ਸਕੂਲਾਂ ਵਿੱਚ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੇ ਭਾਰਤ ਵਿੱਚ ਪ੍ਰਾਈਵੇਟ ਸਕੂਲਾਂ ਦੁਆਰਾ ਕੀਤੇ ਗਏ ਯਤਨਾਂ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ ਜਾ ਸਕੇ।
ਧੂਰੀ ਨੇ ਕਿਹਾ, “ਇਹ ਪਹਿਲਕਦਮੀ ਨਾ ਸਿਰਫ ਪ੍ਰਾਈਵੇਟ ਸਕੂਲਾਂ ਦੇ ਯਤਨਾਂ ਨੂੰ ਮਾਨਤਾ ਦਿੰਦੀ ਹੈ ਜੋ ਸਿਖਰ ’ਤੇ ਪਹੁੰਚ ਗਏ ਹਨ ਬਲਕਿ ਹੋਰ ਸਕੂਲਾਂ ਨੂੰ ਵੀ ਅਕਾਦਮਿਕ, ਖੇਡਾਂ, ਸੱਭਿਆਚਾਰਕ ਵਿਰਾਸਤ, ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਮੁਕਾਬਲੇ ਵਾਸਤੇ ਉਤਸ਼ਾਹਿਤ ਕਰਦੀ ਹੈ।