ਸੇਵਾ ਮੁਕਤ ਫੌਜੀ ਅਫਸਰ ਦੀ ਧੀ ਨੇ ਸੰਭਾਲਿਆ ਐਸਐਮਓ ਦਾ ਅਹੁਦਾ
ਰੋਹਿਤ ਗੁਪਤਾ
ਗੁਰਦਾਸਪੁਰ , 22 ਅਗਸਤ 2024 : ਜਿਲਾ ਗੁਰਦਾਸਪੁਰ ਦੇ ਕਸਬਾ ਨਸ਼ਹਿਰਾ ਮੱਝਾ ਸਿੰਘ ਦੇ ਕਰੀਬੀ ਪਿੰਡ ਕਲੇਰ ਖੁਰਦ ਦੀ ਜੰਮਪਲ ਹੋਣਹਾਰ ਡਾਕਟਰ ਕੁਲਜੀਤ ਰੰਧਾਵਾ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਨੁਸ਼ਹਿਰਾ ਮੱਝਾ ਸਿੰਘ ਦਾ ਅੱਜ ਚਾਰਜ ਸੰਭਾਲ ਲਿਆ ਹੈ ।।
ਭਾਰਤੀ ਸੈਨਾ ਤੋ ਸੇਵਾ ਮੁਕਤ ਹੋਏ ਅਧਿਕਾਰੀ ਸਤਨਾਮ ਸਿੰਘ ਰੰਧਾਵਾ ਦੀ ਧੀ ਡਾਕਟਰ ਕੁਲਜੀਤ ਰੰਧਾਵਾ ਅੱਜ ਆਪਣੇ ਪਿਤਾ ਦਾ ਆਸ਼ੀਰਵਾਦ ਲੈ ਕੇ ਆਪਣੀ ਕੁਰਸੀ ਤੇ ਬੈਠੀ।
ਗੱਲਬਾਤ ਦੌਰਾਨ ਐਸਐਮਓ ਦੇ ਪਿਤਾ ਸਤਨਾਮ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ ਤੇ ਬਹੁਤ ਮਾਣ ਹੈ ਜਿਸ ਨੇ ਅੱਜ ਉਹਨਾਂ ਦਾ ਸੁਪਨਾ ਪੂਰਾ ਕੀਤਾ ਹੈ।
ਗੱਲਬਾਤ ਦੌਰਾਨ ਐਸਐਮਓ ਡਾਕਟਰ ਰੰਧਾਵਾ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਉਹਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਜੋ ਵੀ ਲੋਕ ਉਹਨਾਂ ਦੇ ਹੋਸਪਿਟਲ ਵਿੱਚ ਆਣਗੇ ਉਹਨਾਂ ਦੀ ਹਰ ਤਰੀਕੇ ਦੇ ਨਾਲ ਮਦਦ ਕਰਨਗੇ
ਡਾਕਟਰ ਕੁਲਜੀਤ ਰੰਧਾਵਾ ਨੇ ਕਿਹਾ ਕਿ ਹੋਸਪਿਟਲ ਦੇ ਵਿੱਚ ਸਾਫ ਸਫਾਈ ਦਾ ਪੂਰਾ ਪ੍ਰਬੰਧ ਹੈ ਅਤੇ ਸੀਸੀਟੀਵੀ ਕੈਮਰਿਆਂ ਦੇ ਨਾਲ ਸੁਰੱਖਿਆ ਪੱਖੋਂ ਵੀ ਨਜ਼ਰ ਰੱਖੀ ਜਾਂਦੀ ਹੈ। ਸੁਰੱਖਿਆ ਕਰਮੀ ਦੀ ਰਾਤ ਸਮੇਂ ਡਿਊਟੀ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਉਹਨਾਂ ਨੇ ਕਿਹਾ ਕਿ ਰਾਤ ਵੇਲੇ ਉਹਨਾਂ ਨੇ ਇੱਕ ਚੌਂਕੀਦਾਰ ਰੱਖਿਆ ਹੋਇਆ ਹੈ ਅਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਉਹ ਐਸਐਸਪੀ ਬਟਾਲਾ ਨੂੰ ਹਸਪਤਾਲ ਦੀ ਰਾਤ ਨੂੰ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਇੱਕ ਮੈਮੋਰੈਂਡਮ ਦੇਣਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਸਮੁੱਚਾ ਸਟਾਫ ਬਿਹਤਰ ਸਿਹਤ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਲੋਕ ਸਿੱਧੇ ਆ ਕੇ ਜਦੋਂ ਮਰਜ਼ੀ ਸਿਹਤ ਸੁਵਿਧਾਵਾਂ ਜੋ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਗਈਆਂ ਹਨ ਉਹਨਾਂ ਦਾ ਲਾਭ ਲੈ ਸਕਦੇ ਹਨ।