ਵਿਆਹੁਤਾ ਔਰਤ ਨੇ ਭਾਖੜਾ ਨਹਿਰ ਵਿੱਚ ਮਾਰੀ ਛਾਲ, ਲਾਸ਼ ਬਰਾਮਦ, ਔਰਤ ਨੂੰ ਬਚਾਉਂਦਾ ਨੌਜਵਾਨ ਪਾਣੀ ਦੇ ਵਹਾਉ 'ਚ ਰੁੜਿਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 26 ਜੁਲਾਈ 2024- ਰੋਪੜ ਸ਼ਹਿਰ ਦੇ ਨੇੜਿਓਂ ਲੰਘਦੀ ਭਾਖੜਾ ਨਹਿਰ ਵਿੱਚ ਇੱਕ ਵਿਆਹੁਤਾ ਲੜਕੀ ਦੀ ਛਾਲ ਮਾਰਨ ਉਪਰੰਤ ਮੌਤ ਹੋ ਗਈ ਅਤੇ ਉਹ ਨੂੰ ਬਚਾਉਣ ਵਾਲੇ ਨੌਜਵਾਨ ਦੀ ਵੀ ਮੌਤ ਹੋਣ ਦੀ ਖ਼ਬਰ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਇੱਕ ਨੌਜਵਾਨ ਵਿਹਿਉਤਾ ਲੜਕੀ ਵੱਲੋਂ ਮਾਜਰੀ ਪੁੱਲ ਦੇ ਨੇੜੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਦਿੱਤੀ ਗਈ,ਮੌਕੇ ਤੇ ਨੇੜਿਉਂ ਲੰਘਦੇ ਲੋਕਾਂ ਵੱਲੋਂ ਲੜਕੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਦੌਰਾਨ ਇੱਕ ਨੌਜਵਾਨ ਵੱਲੋਂ ਲੜਕੀ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ,ਇਸ ਦੌਰਾਨ ਲੜਕੀ ਨੂੰ ਬਚਾਉਣ ਵਾਲਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਵਿੱਚ ਡੁੱਬ ਗਿਆ। ਉਕਤ ਲੜਕੀ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਲੜਕੀ ਨੂੰ ਬਚਾਉਣ ਵਾਲੇ ਨੌਜਵਾਨ ਦੀ ਕੋਈ ਉਘਸੁੱਘ ਨਹੀਂ ਮਿਲੀ।
ਇਸ ਮੌਕੇ ਹਾਜ਼ਰ ਪੁਲਿਸ ਅਧਿਕਾਰੀ ਰਜਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਮਿ੍ਤਕ ਲੜਕੀ ਦੀ ਪਹਿਚਾਣ ਜਸਵਿੰਦਰ ਕੌਰ ਪਿੰਕੀ ਵਜੋਂ ਹੋਈ ਜ਼ੋ ਕਿ ਪਿੰਡ ਰੁੜਕਾ ਜ਼ਿਲ੍ਹਾ ਮੋਹਾਲੀ ਵਿਖੇ ਵਿਆਹੀ ਹੋਈ ਸੀ ਅਤੇ ਉਸ ਦਾ ਪੇਕਾ ਪਿੰਡ ਫਤਹਿਪੁਰ ਰੋਪੜ ਹੈ। ਲੜਕੀ ਨੂੰ ਬਚਾਉਣ ਸਮੇਂ ਡੁੱਬਣ ਵਾਲੇ ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਨੇੜਲੇ ਪਿੰਡ ਰਾਮਪੁਰ ਮਾਜਰੀ ਵਜੋਂ ਹੋਈ ਹੈ। ਪੁਲਿਸ ਵੱਲੋਂ ਮਿ੍ਤਕ ਦੀ ਲਾਸ਼ ਕਬਜ਼ੇ ਵਿੱਚ ਲੈਣ ਕੇ ਸਿਵਿਲ ਹਸਪਤਾਲ ਵਿੱਚ ਮੁਰਦਾ ਘਰ ਵਿੱਚ ਰਖਵਾ ਦਿੱਤੀ ਗਈ ਹੈ। ਲੜਕੀ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ,ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ । ਮਿਰਤਕ ਨੌਜਵਾਨ ਕੁਲਵਿੰਦਰ ਸਿੰਘ ਦੀ ਗੋਤਾਖੋਰਾਂ ਵੱਲੋਂ ਭਾਲ ਜਾਰੀ ਹੈ ।