ਕੈਬਨਿਟ ਸਬ ਕਮੇਟੀ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਮੰਗਾਂ ਮੰਨਣ ਦਾ ਭਰੋਸਾ
- ਭਰਤੀ ਅਤੇ ਨਿਯਮਾਂ 'ਚ ਸੋਧ ਲਈ ਸਮਾਂ ਮੰਗਿਆ
ਦਲਜੀਤ ਕੌਰ
ਚੰਡੀਗੜ੍ਹ, 11 ਸਤੰਬਰ, 2024: ਬੇਰੁਜ਼ਗਾਰ ਸਾਂਝੇ ਮੋਰਚੇ ਪੰਜਾਬ ਦੀ ਕੈਬਨਿਟ ਸਬ ਕਮੇਟੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕੈਬਨਿਟ ਸਬ ਕਮੇਟੀ ਵੱਲੋਂ ਸਾਂਝੇ ਮੋਰਚੇ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਭਰਤੀ ਅਤੇ ਨਿਯਮਾਂ ਵਿੱਚ ਸੋਧ ਕਰਨ ਲਈ ਪੰਜਾਬ ਸਰਕਾਰ ਨੂੰ ਕੁਝ ਸਮਾਂ ਦੇਣ ਦੀ ਮੰਗ ਕੀਤੀ।ਇਸ ਮੀਟਿੰਗ ਵਿੱਚ ਸਬ ਕਮੇਟੀ ਵੱਲੋ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੁਲਦੀਪ ਸਿੰਘ ਧਾਲੀਵਾਲ, ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ, ਹਰਪ੍ਰੀਤ ਸਿੰਘ ਡਿਪਟੀ ਡਾਇਰੈਕਟਰ ਭਰਤੀ ਬੋਰਡ ਅਤੇ ਜਸਕੀਰਤ ਕੌਰ ਡੀ ਪੀ ਆਈ ਦਫਤਰ ਸਮੇਤ ਸਮੁੱਚਾ ਅਮਲਾ ਸਿਹਤ ਅਤੇ ਸਿੱਖਿਆ ਹਾਜ਼ਰ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਜਸਵੰਤ ਘੁਬਾਇਆ, ਹਰਜਿੰਦਰ ਝੁਨੀਰ ਆਦਿ ਨੇ ਦੱਸਿਆ ਕਿ ਇਸ ਬੈਠਕ ਵਿੱਚ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰਨ, ਭਰਤੀ ਲਈ ਗ੍ਰੈਜੂਏਸ਼ਨ ਵਿੱਚੋਂ 55 ਪ੍ਰਤੀਸ਼ਤ ਦੀ ਬੇਤੁਕੀ ਸ਼ਰਤ ਰੱਦ ਕਰਨ, ਉਮਰ ਹੱਦ ਛੋਟ ਦੇਣ, ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕਰਨ, ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਉਮਰ ਹੱਦ ਛੋਟ ਸਮੇਤ ਜਾਰੀ ਕਰਨ ਦੀ ਮੰਗ ਪੂਰੀ ਕਰਨ ਲਈ ਕੁਝ ਸਮੇਂ ਦੀ ਮੰਗ ਕੀਤੀ ਗਈ। ਕੈਬਨਿਟ ਸਬ ਕਮੇਟੀ ਨੇ ਭਰਤੀਆਂ ਤੋ ਪਹਿਲਾਂ ਪ੍ਰਮੋਸ਼ਨ ਚੈਨਲ ਮੁਕੰਮਲ ਕਰਨ ਕੁਝ ਨਿਯਮਾਂ ਵਿੱਚ ਸੋਧ ਲਈ ਵਿਭਿੰਨ ਵਿਭਾਗਾਂ ਨਾਲ ਰਾਬਤਾ ਕਰਨ ਅਤੇ ਪ੍ਰਕਿਰਿਆ ਮੁਕੰਮਲ ਕਰਨ ਲਈ ਸਮੇ ਦੀ ਮੰਗ ਕੀਤੀ।
ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਭਰਤੀ ਸ਼ੁਰੂ ਨਾ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਕਿਹਾ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਕਰਕੇ ਉਲੀਕੀ ਜਾਵੇਗੀ।
ਇਸ ਮੌਕੇ ਅਮਨ ਸੇਖਾ, ਲਲਿਤਾ ਪਟਿਆਲਾ, ਕੁਲਵਿੰਦਰ ਗਿੱਲ, ਪ੍ਰੇਮ ਕੁਮਾਰ, ਗੁਰਪ੍ਰੀਤ ਸਿੰਘ ਪੱਕਾ, ਰਿੰਕੂ ਸਿੰਘ ਮੈਥ /ਸਾਇੰਸ, ਹਰਪ੍ਰੀਤ ਸਿੰਘ ਲੰਬਰ ਪੀ ਐਸ ਪੀ ਸੀ ਐੱਲ ਮ੍ਰਿਤਕ ਆਸ਼ਰਿਤ ਯੂਨੀਅਨ ਆਦਿ ਹਾਜ਼ਰ ਸਨ।