ਛਠ ਦੇ ਪਵਿੱਤਰ ਤਿਉਹਾਰ ਤੋਂ ਬਾਅਦ MP ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਦੇ ਸੈਕਟਰ-42 ਦੀ ਝੀਲ 'ਤੇ ਸਫਾਈ ਮੁਹਿੰਮ ਚਲਾਈ
ਹਰਜਿੰਦਰ ਸਿੰਘ ਭੱਟੀ
- 150 ਤੋਂ ਵੱਧ ਵਲੰਟੀਅਰਾਂ ਨਾਲ ਐੱਮ.ਪੀ. ਸਤਨਾਮ ਸਿੰਘ ਸੰਧੂ ਵੱਲੋਂ ਚੰਡੀਗੜ੍ਹ ਦੇ ਸੈਕਟਰ-42 ਦੀ ਝੀਲ 'ਤੇ ਸਫਾਈ ਮੁਹਿੰਮ ਚਲਾਈ ਗਈ
- ਚੰਡੀਗੜ੍ਹ 'ਚ ਸੈਕਟਰ 42 ਦੀ ਝੀਲ ਵਿਖੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਵਿਸ਼ਾਲ ਸਫਾਈ ਮੁਹਿੰਮ ਨਾਲ ਛਠ ਦਾ ਤਿਉਹਾਰ ਸਮਾਪਤ
- ਚੰਡੀਗੜ੍ਹ ਸ਼ਹਿਰ ਨੂੰ ਸਵੱਛ ਰੱਖਣ ਦੇ ਉਦੇਸ਼ ਨਾਲ ਐੱਮ.ਪੀ. ਸਤਨਾਮ ਸਿੰਘ ਸੰਧੂ ਨੇ ਚਲਾਈ ਵਿਸ਼ੇਸ਼ ਸਫਾਈ ਮੁਹਿੰਮ
ਚੰਡੀਗੜ੍ਹ, 8 ਨਵੰਬਰ 2024 - ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਅੱਜ (ਸ਼ੁਕਰਵਾਰ ਮਿਤੀ 8 ਨਵੰਬਰ 2024) ਚੰਡੀਗੜ੍ਹ ਦੀ ਸੈਕਟਰ-42 ਦੀ ਝੀਲ ਵਿਖੇ ਛਠ ਦੇ ਪਵਿੱਤਰ ਤਿਉਹਾਰ ਤੋਂ ਬਾਅਦ ਸਵੇਰੇ ਸਫਾਈ ਮੁਹਿੰਮ ਚਲਾਈ ਗਈ। ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗੁਆਈ ਵਿਚ ਵੱਡੀ ਗਿਣਤੀ 'ਚ ਵਲੰਟੀਅਰ ਪੂਰੀ ਆਸਥਾ ਤੇ ਮਿਹਨਤ ਲਗਨ ਨਾਲ ਇਸ ਮੁਹਿੰਮ ਦਾ ਹਿੱਸਾ ਬਣੇ। ਛਠ ਪੂਜਾ ਇੱਕ ਪ੍ਰਮੁੱਖ ਹਿੰਦੂ ਤਿਉਹਾਰ ਹੈ ਜੋ ਸੂਰਜ ਦੇਵਤਾ ਦੀ ਪੂਜਾ ਨੂੰ ਸਮਰਪਿਤ ਹੁੰਦਾ ਹੈ। ਵੀਰਵਾਰ ਦੀ ਸ਼ਾਮ ਚੰਡੀਗੜ ਦੇ ਸੇਕਟਰ-42 ਦੀ ਝੀਲ 'ਤੇ ਪੂਰਵਾਂਚਲ ਅਤੇ ਬਿਹਾਰ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਛਠ ਪੂਜਾ ਸਮਾਗਮ ਵਿਚ ਸ਼ਾਮਲ ਹੁੰਦੇ ਹੋਏ ਭਗਵਾਨ ਭਾਸਕਰ ਅਤੇ ਛਠੀ ਮਾਤਾ ਦਾ ਅਸ਼ੀਰਵਾਦ ਲਿਆ ਸੀ।
ਸੂਰਜ ਦੇਵਤਾ ਦੀ ਪੂਜਾ ਦਾ ਇਹ ਚਾਰ ਰੋਜ਼ਾ ਛਠ ਪੂਜਾ ਤਿਉਹਾਰ ਸ਼ੁਕਰਵਾਰ ਸਵੇਰੇ ਸੈਕਟਰ-42 ਦੀ ਝੀਲ 'ਚ 'ਇਸ਼ਨਾਨ ਅਤੇ ਭੋਜਨ' ਅਤੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੀ ਰਸਮ ਨਾਲ ਸਮਾਪਤ ਹੋਇਆ। ਇਸ ਤੋਂ ਬਾਅਦ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ 'ਚ 150 ਤੋਂ ਵੱਧ ਵਲੰਟੀਅਰਾਂ ਨੇ ਝੀਲ 'ਤੇ ਸਫਾਈ ਮੁਹਿੰਮ ਚਲਾਈ।
ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਪਵਿੱਤਰ ਤਿਉਹਾਰ ਮੌਕੇ ਛਠ ਪੂਜਾ ਵਿਚ ਸ਼ਾਮਲ ਹੋਏ ਸ਼ਰਧਾਲੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ,"ਛਠ ਪੂਜਾ ਇੱਕ ਪ੍ਰਮੁੱਖ ਹਿੰਦੂ ਤਿਉਹਾਰ ਹੈ ਜੋ ਸੂਰਜ ਦੇਵਤਾ ਦੀ ਪੂਜਾ ਨੂੰ ਸਮਰਪਿਤ ਹੁੰਦਾ ਹੈ। ਛੱਠ ਸਿਰਫ਼ ਇੱਕ ਆਮ ਤਿਉਹਾਰ ਨਹੀਂ, ਸਗੋਂ ਇੱਕ ਬੜਾ ਹੀ ਖ਼ਾਸ ਅਤੇ ਮਹਾਨ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਉਹਾਰ ਪਰਿਵਾਰਕ ਖੁਸ਼ਹਾਲੀ ਅਤੇ ਇੱਛਤ ਨਤੀਜਿਆਂ ਦੀ ਪ੍ਰਾਪਤੀ ਲਈ ਮਨਾਇਆ ਜਾਂਦਾ ਹੈ ਅਤੇ ਛਠ ਪੂਜਾ ਦਾ ਪਵਿੱਤਰ ਤਿਉਹਾਰ ਚੜ੍ਹਦੇ ਅਤੇ ਡੁੱਬਦੇ ਸੂਰਜ ਦੀ ਪੂਜਾ ਨਾਲ ਜੁੜਿਆ ਹੋਇਆ ਹੈ, ਜੋ ਸਾਡੇ ਜੀਵਨ 'ਚ ਉਤਰਾਅ-ਚੜ੍ਹਾਅ ਦਾ ਪ੍ਰਤੀਕ ਵੀ ਹੁੰਦਾ ਹੈ। ਅੱਜ ਅਸੀਂ ਸਾਰੇ ਇਸ ਪਵਿੱਤਰ ਤਿਉਹਾਰ ਦੀ ਸਮਾਪਤੀ ਮੌਕੇ ਸਫਾਈ ਮੁਹਿੰਮ ਵੀ ਚਲਾ ਰਹੇ ਹਾਂ ਕਿਓਂਕਿ ਆਪਣੇ ਦੇਸ਼, ਰਾਜ, ਘਰ ਨੂੰ ਸਾਫ ਰੱਖਣ ਦੀ ਜਿੰਮੇਦਾਰੀ ਸਾਡੀ ਹੀ ਹੈ ਅਤੇ ਅਸੀਂ ਸਾਰੇ ਇੱਕ ਪਰਿਵਾਰ ਵਾਂਗ ਹਾਂ ਤੇ ਚੰਡੀਗੜ੍ਹ ਵੀ ਸਾਡਾ ਆਪਣਾ ਘਰ ਹੀ ਹੈ।"
ਲੋਕਾਂ ਨੂੰ ਆਪਣੇ ਇਲਾਕੇ ਅਤੇ 'ਸਿਟੀ ਬਿਊਟੀਫੁੱਲ' ਚੰਡੀਗੜ੍ਹ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ, “ਅਸੀਂ ਸਵੱਛ ਭਾਰਤ ਮੁਹਿੰਮ ਦੇ 10 ਸਾਲ ਪੂਰੇ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਦੇਸ਼ ਨੂੰ ਇੱਕ ਸਵੱਛ ਅਤੇ ਸਵੈ-ਨਿਰਭਰ ਦੇਸ਼ ਬਣਾਉਣ ਦੇ ਸੁਪਨੇ ਨੂੰ ਵੀ ਸਾਕਾਰ ਕਰ ਰਹੇ ਹਾਂ। ਸਾਨੂੰ ਸਵੱਛ, ਹਰੇ ਭਰੇ ਅਤੇ ਸੋਹਣੇ ਭਾਰਤ ਵੱਲ ਵਧਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਮਾਰਗ 'ਤੇ ਚੱਲਣਾ ਜਾਰੀ ਰੱਖਣਾ ਚਾਹੀਦਾ ਹੈ। ਅਸੀਂ ਸਵੱਛ ਭਾਰਤ ਅਤੇ ਸਵੈ-ਨਿਰਭਰ ਭਾਰਤ ਆਉਣ ਵਾਲੀ ਪੀੜ੍ਹੀਆਂ ਲਈ ਬਣਾ ਰਹੇ ਹਾਂ।"
ਉਨ੍ਹਾਂ ਅੱਗੇ ਕਿਹਾ, "ਅਸੀਂ ਚੰਡੀਗੜ੍ਹ ਸ਼ਹਿਰ ਨੂੰ ਸਵੱਛ ਅਤੇ ਹਰਿਆ-ਭਰਿਆ ਰੱਖਣ ਲਈ ਆਪਣਾ ਕੰਮ ਉਦੋਂ ਤੱਕ ਨਹੀਂ ਰੋਕਾਂਗੇ ਜਦੋਂ ਤੱਕ ਚੰਡੀਗੜ੍ਹ ਸਵੱਛ ਸਰਵੇਖਣ ਰੈਂਕਿੰਗ 'ਚ ਇੱਕ ਵਾਰ ਫਿਰ ਪਹਿਲੇ ਸਥਾਨ ‘ਤੇ ਨਹੀਂ ਆ ਜਾਂਦਾ।"
ਉਨ੍ਹਾਂ ਅੱਗੇ ਕਿਹਾ ਕਿ 2023 ਦੀ ਸਵੱਛ ਸਰਵੇਖਣ ਰੈਂਕਿੰਗ 'ਚ ਚੰਡੀਗੜ੍ਹ ਨੂੰ 11ਵਾਂ ਸਭ ਤੋਂ ਸਾਫ਼-ਸੁਥਰਾ ਸ਼ਹਿਰ ਚੁਣਿਆ ਗਿਆ ਸੀ।
ਇਸ ਮੌਕੇ ਪੂਰਵਾਂਚਲ ਯੁਵਾ ਸਮਿਤੀ ਦੇ ਸਕੱਤਰ ਅਚਾਰੀਆ ਰਾਜਿੰਦਰ ਮਿਸ਼ਰਾ ਦੀ ਤਰਫੋਂ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੂੰ ਸਫਾਈ ਮੁਹਿੰਮ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸਫਾਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਾਮਨਾ ਕੀਤੀ ਕਿ ਸਤਨਾਮ ਸਿੰਘ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਛਠ ਮਾਤਾ ਦੀਆਂ ਅਸੀਸਾਂ ਬਣੀ ਰਹੇ ਅਤੇ ਉਹ ਇਸ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ 'ਚ ਆਪਣਾ ਯੋਗਦਾਨ ਪਾਉਂਦੇ ਰਹਿਣ। ਘਾਟ 'ਤੇ ਹੋਈ ਛਠ ਸਮਾਗਮ ਦੀ ਵਿਸ਼ੇਸ਼ ਪੁਜਾਵਾਂ ਰਾਜੇਂਦਰ ਮਿਸ਼ਰਾ ਦੀ ਨਿਗਰਾਨੀ ਹੇਠ ਹੀ ਹੋਈਆਂ ਸਨ।