ਵੱਡੇ ਦੁਸ਼ਮਣ ਨੂੰ ਢਾਉਣ ਲਈ ਕੀ ਛੋਟੇ ਦੁਸ਼ਮਣ ਦੀ ਮਦਦ ਕਰੇਗਾ ਲੰਗਾਹ? ਕੀ ਅਕਾਲੀ ਦਲ ਦੇ ਕਿੰਗ ਮੇਕਰ ਬਣਨ ਦੀ ਚਰਚਾ ਹੋਵੇਗੀ ਸੱਚ?
ਰੋਹਿਤ ਗੁਪਤਾ
ਗੁਰਦਾਸਪੁਰ, 7 ਨਵੰਬਰ 2024- ਡੇਰਾ ਬਾਬਾ ਨਾਨਕ ਤੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿਚ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਵਿਖੇ ਅਕਾਲੀ ਦਲ ਦੇ ਵਰਕਰਾਂ ਦਾ ਵੱਡਾ ਇਕੱਠ ਹੋਇਆ। ਇਸ ਇਕੱਠ ਨਾਲ ਡੇਰਾ ਬਾਬਾ ਨਾਨਕ ਜਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿੰਗ ਮੇਕਰ ਬਣਨ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਇੱਕ ਵਾਰ ਫਿਰ ਤੋਂ ਹਵਾ ਮਿਲ ਗਈ ਹੈ ਹਾਲਾਂਕਿ ਲੰਗਾਹ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਅਕਾਲੀ ਦਲ ਡੇਰਾ ਬਾਬਾ ਨਾਨਕ ਹਲਕੇ ਵਿੱਚ ਵੋਟ ਕਿਹਨੂੰ ਪਵਾਵੇਗਾ ਪਰ ਇਹ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਸਖਤ ਵਿਰੋਧ ਕੀਤਾ ਜਾਵੇਗਾ । ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਮਾਮਲੇ ਵਿੱਚ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਇੱਕ ਪਾਸੇ ਉਹ ਸਮਰਥਨ ਮੰਗ ਰਹੇ ਹਨ ਤੇ ਦੂਜੇ ਪਾਸੇ ਸਾਡੇ ਨੌਜਵਾਨ ਆਗੂ ਦੇ ਖਿਲਾਫ ਗੋਲੀ ਚਲਾਉਣ ਦਾ ਝੂਠਾ ਮਾਮਲਾ ਦਰਜ ਕਰ ਰਹੇ ਹਨ । ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰਕੇ ਅਕਾਲੀ ਦਲ ਕਿਸ ਨੂੰ ਸਮਰਥਨ ਦੇਵੇਗਾ ਇਸ ਦਾ ਫੈਸਲਾ ਕਰਨ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤੇ 15 ਨਵੰਬਰ ਨੂੰ ਇੱਕ ਵਾਰ ਫਿਰ ਤੋਂ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇਹ ਸਪਸ਼ਟ ਕਰ ਦਿੱਤਾ ਜਾਵੇਗਾ ਕਿ ਅਕਾਲੀ ਦਲ ਦੀ ਵੋਟ ਕਿਸ ਦੀ ਝੋਲੀ ਵਿੱਚ ਜਾਵੇਗੀ।