ਖੰਨਾ: ਨੈਸ਼ਨਲ ਹਾਈਵੇ ਜਾਮ, ਦਿੱਲੀ-ਜੰਮੂ ਨੈਸ਼ਨਲ ਹਾਈਵੇ ਤੇ ਲੱਗਿਆ ਕਈ ਕਿੱਲੋਮੀਟਰ ਦਾ ਜਾਮ
ਖੰਨਾ, 15 ਅਗਸਤ 2024- ਖੰਨਾ ਵਿਚ ਨੈਸ਼ਨਲ ਹਾਈਵੇ ਹਿੰਦੂ ਸੰਗਠਨਾਂ ਦੇ ਵਲੋਂ ਜਾਮ ਕਰ ਦਿੱਤਾ ਗਿਆ। ਇਸ ਦੇ ਕਾਰਨ ਦਿੱਲੀ-ਜੰਮੂ ਨੈਸ਼ਨਲ ਹਾਈਵੇ ਤੇ ਕਈ ਕਿੱਲੋਮੀਟਰ ਦਾ ਜਾਮ ਲੱਗ ਗਿਆ। ਦਰਅਸਲ, ਵੀਰਵਾਰ ਤੜਕੇ ਕਰੀਬ 3.30 ਵਜੇ ਖੰਨਾ ਦੇ ਸ਼ਿਵਪੁਰੀ ਮੰਦਰ 'ਚ ਚੋਰਾਂ ਨੇ ਦਾਖਲ ਹੋ ਕੇ 20 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਦੋ ਨਕਾਬਪੋਸ਼ ਚੋਰਾਂ ਨੇ ਮੂਰਤੀਆਂ 'ਤੇ ਲੱਗੇ ਸੋਨੇ ਤੇ ਚਾਂਦੀ ਦੇ ਮੁਕਟ, ਬਰਤਨਾਂ 'ਚ ਰੱਖੀ ਨਗਦੀ ਅਤੇ ਸ਼ਿਵਲਿੰਗ ਦੇ ਉਪਰੋਂ ਚਾਂਦੀ ਦਾ ਗੰਡਾਸ ਚੋਰੀ ਕਰ ਲਿਆ| ਚੋਰਾਂ ਨੇ ਹਥੌੜੇ ਅਤੇ ਕਾਂਬਾ ਦੀ ਮਦਦ ਨਾਲ ਸ਼ਿਵਲਿੰਗ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਅਤੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਹਿੰਦੂ ਸੰਗਠਨਾਂ 'ਚ ਗੁੱਸਾ ਵਧ ਗਿਆ। ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਸ਼ਹਿਰ ਦੇ ਬਾਜ਼ਾਰ ਬੰਦ ਕਰਵਾ ਕੇ ਰੋਸ ਪ੍ਰਗਟ ਕਰਦੇ ਹੋਏ ਧਰਨਾ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਪ੍ਰਣ ਕੀਤਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਉਦੋਂ ਤੱਕ ਮੰਦਰਾਂ ਦੇ ਦਰਵਾਜ਼ੇ ਬੰਦ ਰਹਿਣਗੇ। ਖੰਨਾ ਦੇ ਸ਼ਨੀ ਮੰਦਿਰ ਦੇ ਪੰਡਿਤ ਜੈ ਸ਼ਾਸਤਰੀ ਨੇ ਕਿਹਾ ਕਿ ਇਹ ਚੋਰੀ ਨਹੀਂ ਹੈ, ਸ਼ਾਸਤਰਾਂ ਅਨੁਸਾਰ ਇਹ ਕਤਲ ਹੈ। ਜਦੋਂ ਵੀ ਕੋਈ ਮੂਰਤੀ ਸਥਾਪਿਤ ਕੀਤੀ ਜਾਂਦੀ ਹੈ ਤਾਂ ਉਸਨੂੰ ਮੰਤਰਾਂ ਰਾਹੀਂ ਪਵਿੱਤਰ ਕੀਤਾ ਜਾਂਦਾ ਹੈ, ਜਿਸਦਾ ਅਰਥ ਹੈ ਕਿ ਹੁਣ ਮੂਰਤੀ ਵਿੱਚ ਜੀਵਨ ਹੈ, ਜੇਕਰ ਉਸ ਤੋਂ ਬਾਅਦ ਮੂਰਤੀ ਨੂੰ ਨਸ਼ਟ ਕੀਤਾ ਜਾਂਦਾ ਹੈ ਤਾਂ ਇਹ ਕਤਲ ਮੰਨਿਆ ਜਾਵੇਗਾ। ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਕਤਲ ਦਾ ਮਾਮਲਾ ਹੈ, ਚੋਰੀ ਦਾ ਨਹੀਂ, ਪੁਲਿਸ ਨੂੰ ਕਤਲ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਮੰਦਰ ਤੋਂ ਇਲਾਵਾ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।