ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਲੋਕਾਂ ਨੂੰ ਜ਼ਖ਼ਮੀ ਕਰਨ ਵਾਲਾ ਬਾਂਦਰ ਫੜਿਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 11 ਸਤੰਬਰ 2024: ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਖਾਸ ਟੀਮ ਨੇ ਅੱਜ ਦਰਜਨਾਂ ਲੋਕਾਂ ਨੂੰ ਜ਼ਖ਼ਮੀ ਕਰਨ ਵਾਲਾ ਬਾਂਦਰ ਕਾਫੀ ਮੁਸ਼ੱਕਤ ਕਰਨ ਤੋ ਬਾਅਦ ਫੜ੍ਹ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐਫ.ਓ ਵਣ ਤੇ ਜੰਗਲੀ ਜੀਵ ਵਿਭਾਗ ਕੁਲਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਛੋਟੀ ਬੱਚੀ ਉਤੇ ਹਮਲਾ ਕਰਨ ਵਾਲੇ ਬਾਂਦਰ ਨੂੰ ਫੜਨ ਲਈ ਵਣ ਤੇ ਜੰਗਲੀ ਜੀਵ ਵਿਭਾਗ ਦੀ ਟੀਮ ਵਲੋਂ ਟਰੈਪ ਲਗਾ ਕੇ ਯਤਨ ਕੀਤੇ ਜਾ ਰਹੇ ਸਨ ਜਿਸ ਨੇ ਪਹਿਲਾਂ ਵੀ ਸ਼ਹਿਰ ਵਾਸੀਆਂ ਉਤੇ ਹਮਲਾ ਕੀਤਾ ਗਿਆ ਸੀ ਜਿਸ ਕਰਕੇ ਸਪੈਸ਼ਲ ਟੀਮ ਵਲੋਂ ਇਸ ਨੂੰ ਫੜਨ ਵਾਸਤੇ ਜਿਥੇ ਪਿੰਜਰਾ ਲਗਾਇਆ ਗਿਆ ਉਥੇ ਹੀ ਇਸ ਨੂੰ ਫੜਨ ਦੇ ਹੋਰ ਵੀ ਯਤਨ ਕੀਤੇ ਗਏ ਸਨ ਪਰ ਇਹ ਬਾਂਦਰ ਜੰਗਲ ਵਿਚ ਭੱਜ ਗਿਆ ਸੀ।
ਉਨ੍ਹਾਂ ਦੱਸਿਆ ਕਿ ਅੱਜ ਇਸ ਖਤਰਨਾਕ ਬਾਂਦਰ ਨੂੰ ਫੜਨ ਲਈ ਬਲਾਕ ਅਫਸਰ ਸੁਖਬੀਰ ਸਿੰਘ, ਰੇਂਜ ਅਫਸਰ ਨਰਿੰਦਰਪਾਲ ਸਿੰਘ ਅਤੇ ਫੋਰੇਸਟ ਗਾਰਡ ਜਸਬੀਰ ਸਿੰਘ, ਜਸਪ੍ਰੀਤ ਸਿੰਘ ਗੁਰਮੁਖ ਸਿੰਘ ਦੀ ਟੀਮ ਗਠਿਤ ਕੀਤੀ ਗਈ ਸੀ ਜਿਨ੍ਹਾਂ ਨੇ ਬਾਂਦਰ ਨੂੰ ਅੱਜ ਸਫਲਤਾਪੂਰਵਕ ਫੜ ਲਿਆ।