ਨਵਾਂਸ਼ਹਿਰ: ਡਾਕਟਰਾਂ ਵੱਲੋਂ ਜਬਰਦਸਤ ਰੋਸ ਵਿਖਾਵਾ, ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਜ਼ਾਵਾਂ ਦੇਣ ਦੀ ਮੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 17 ਅਗਸਤ 2024- ਡਾਕਟਰਾਂ ਦੀ ਜਥੇਬੰਦੀ ਆਈਐਮਏ ਦੀ ਨਵਾਂ ਸ਼ਹਿਰ ਇਕਾਈ ਵੱਲੋਂ ਬੀਤੇ ਦਿਨੀ ਕਲਕੱਤਾ ਦੇ ਆਰ.ਜੀ.ਕਰ. ਮੈਡੀਕਲ ਕਾਲਜ ਵਿੱਚ ਦੂਜੇ ਸਾਲ ਦੀ ਸਿਖਿਆਰਥੀ ਡਾਕਟਰ ਲੜਕੀ ਨਾਲ ਦਰਿੰਦਿਆਂ ਵੱਲੋਂ ਕੀਤੇ ਵਸ਼ਿਆਨਾ ਗੈਂਗਰੇਪ ਉਪਰੰਤ ਹੱਤਿਆ ਕਰਨ ਦੀ ਪੁਰਜੋਰ ਨਿਖੇਦੀ ਕਰਦਿਆਂ ਸਥਾਨਕ ਸਮੁੱਚੇ ਹਸਪਤਾਲ ਬੰਦ ਕਰਕੇ ਸੁਖਮਨੀ ਹਸਪਤਾਲ ਦੇ ਅਹਾਤੇ ਅੰਦਰ ਜਬਰਦਸਤ ਰੋਸ ਵਿਖਾਵਾ ਕੀਤਾ ਗਿਆ ਤੇ ਰੋਸ ਰੈਲੀ ਕੀਤੀ ਗਈ। ਬੁਲਾਰਿਆਂ ਵੱਲੋਂ ਦੋਸ਼ੀ ਦਰਿੰਦਿਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਲਾਖਾਂ ਅੰਦਰ ਦੇ ਕੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ। ਅਤੀ ਨਿੰਦਣ ਯੋਗ ਹੈ ਕਿ ਇਸ ਵੈਹਿਸ਼ੀ ਕਾਰੇ ਖਿਲਾਫ ਉਪਰੋਕਤ ਕਾਲਜ ਅੰਦਰ ਸ਼ਾਂਤਮਈ ਰੋਸ ਵਿਖਾਵਾ ਕਰਦੇ ਸਿਖਿਆਰਥੀ ਡਾਕਟਰਾਂ ਉੱਤੇ ਅਚਾਨਕ ਲੋਕਾਂ ਦੇ ਹਜੂਮ ਵਲੋ ਹਮਲਾ ਕਰ ਦਿੱਤਾ ਗਿਆ ਅਤੇ ਵਿਖਾਵਾ ਕਰਦੇ ਸਖਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਤੇ ਸਰਕਾਰੀ ਮੈਡੀਕਲ ਕਾਲਜ ਦੇ ਹਸਪਤਾਲ ਦੀ ਜਬਰਦਸਤ ਭੰਨ ਤੋੜ ਕੀਤੀ ਗਈ। ਬੁਲਾਰਿਆਂ ਨੇ ਬੋਲਦਿਆਂ ਮੰਗ ਕੀਤੀ ਕਿ,:- ਓਪਰੋਕਤ ਵੈਸ਼ੀ ਕਾਰਾ ਕਰਨ ਵਾਲੇ ਦਰਿੰਦਿਆਂ ਨੂੰ ਜਲਦ ਗ੍ਰਿਫਤਾਰ ਕਰਕੇ ਫਾਸਟ ਟਰੈਕ ਅਦਾਲਤ ਰਾਹੀਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੋਂ ਇਹੋ ਜਿਹੇ ਵੈਹਿਸ਼ੀ ਕਾਰਨਾਮਿਆਂ ਨੂੰ ਕੋਈ ਅੰਜਾਮ ਨਾ ਦੇ ਸਕੇ। ਲੰਮੇ ਸਮੇਂ ਤੋਂ ਆਈ.ਐਮ.ਏ ਵੱਲੋਂ ਹਸਪਤਾਲਾਂ ਅੰਦਰ ਹੁੱਲੜਬਾਜਾਂ ਵੱਲੋਂ ਕੀਤੀ ਜਾਂਦੀ ਭੰਨ ਤੋੜ ਖਿਲਾਫ ਕੇਂਦਰ ਸਰਕਾਰ ਤੋਂ ਮੰਗ ਕੀਤੇ ਜਾ ਰਹੇ ਕਾਨੂੰਨ ਨੂੰ ਜਲਦ ਤੋਂ ਜਲਦ ਅਮਲ ਵਿੱਚ ਲਿਆਂਦਾ ਜਾਵੇ। ਸਮੁੱਚੀ ਦੇਸ਼ ਅੰਦਰ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਨੂੰ ਸੁਰੱਖਿਤ ਖੇਤਰ ਐਲਾਨਿਆ ਜਾਵੇ। ਉਪਰੰਤ ਆਈਐਮਏ ਦੀ ਕੇਂਦਰੀ ਇਕਾਈ ਨੂੰ ਅਪੀਲ ਕੀਤੀ ਗਈ ਕਿ ਅਗਰ ਸਰਕਾਰ ਵੱਲੋਂ ਉਪਰੋਕਤ ਦੋਸ਼ੀਆਂ ਖਿਲਾਫ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਅਗਲੇ ਸਖ਼ਤ ਐਕਸ਼ਨ ਦਾ ਐਲਾਨ ਕੀਤਾ ਜਾਵੇ , ਜਿਸ ਵਿੱਚ ਸਥਾਨਿਕ ਨਵਾਂ ਸ਼ਹਿਰ ਇਕਾਈ ਵੱਧ ਚੜ ਕੇ ਹਿੱਸਾ ਪਾਵੇਗੀ। ਅੱਜ ਡਾਕਟਰਾਂ ਦੇ ਪ੍ਰਮੁੱਖ ਬੁਲਾਰਿਆਂ ਵਿੱਚ ਪਰਮਜੀਤ ਮਾਨ ਸਹਾਇਕ ਸਕੱਤਰ ਕੌਮੀ ਇਕਾਈ, ਸੁਖਵਿੰਦਰ ਸੁਖੀ ਐਮ.ਐਲ.ਏ ਬੰਗਾ,ਮਨਜੀਤ ਸਿੰਘ ਪ੍ਰਧਾਨ ਸਥਾਨਕ ਇਕਾਈ, ਜਸਵਿੰਦਰ ਸਿੰਘ, ਬਚਿੱਤਰ ਸਿੰਘ, ਅਜਵਿੰਦਰ ਕੌਰ ਚਾਹਲ, ਨੀਲਮ ਸੈਣੀ, ਜੇ ਐਸ ਸੰਧੂ, ਕੁਲਵਿੰਦਰ ਮਾਨ ,ਐਲ ਆਰ ਬੱਧਣ ,ਕੇ ਐਸ ਪੁਰੇਵਾਲ, ਅਰੁਣ ਗੁਪਤਾ, ਸੰਜੀਵ ਅਗਰਵਾਲ, ਬਲਰਾਜ ਚੌਧਰੀ ,ਇੰਦਰ ਮੋਹਨ ਸਿੰਘ, ਊਸ਼ਾ ਰਾਣੀ, ਪਵਨ ਕੁਮਾਰ ,ਬਲਵੀਰ ਕੁਮਾਰ ,ਐਸ ਆਰ ਕੈਂਥ, ਜਿਵਦੇਸ਼ ਪਾਹਵਾ, ਦੀਪਇੰਦਰ ਸੰਧੂ ,ਦਵਿੰਦਰ ਚਾਹਲ, ਰਣਵੀਰ ਰਾਣਾ, ਏ ਕੇ ਰਾਜਪਾਲ, ਦਿਨੇਸ਼ ਵਰਮਾ, ਗੁਰਦੀਪ ਸਿੰਘ ਸੇਠੀ ,ਐਸਕੇ ਸੂਦਨ, ਪਰਮਜੀਤ ਸੈਣੀ, ਅਨੁਪਮ ਤਿਆਗੀ ,ਭੁਪਿੰਦਰ ਸੂਰੀ ਆਦਿ ਸਮੁੱਚੇ ਡਾਕਟਰ ਸ਼ਾਮਿਲ ਹੋਏ।