ਪਵਿੱਤਰ ਬਾਈਬਲ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਅੰਧਵਿਸ਼ਵਾਸ ਫੈਲਾਉਣ ਵਾਲਿਆਂ 'ਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ: ਸੁਖਜਿੰਦਰ ਗਿੱਲ
- ਈਸਾਈ ਧਰਮ ਅਪਣਾਉਣ ਵਾਲੇ ਦਲਿਤ ਸਮੁਦਾਇ ਦੇ ਲੋਕ ਸਰਕਾਰ ਤੋਂ ਆਰਖਿਤ ਕੋਟੇ ਤੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਵਾਪਸ ਕਰਣ: ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀਨ
- ਧਰਮ ਦੇ ਨਾਂ 'ਤੇ ਇਸ ਤਰ੍ਹਾਂ ਦੇ ਕੁਕਿਰਤਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ : ਅਡਵੋਕੇਟ ਗੁਰਮੋਹਨ ਪ੍ਰੀਤ ਸਿੰਘ
ਚੰਡੀਗੜ੍ਹ, 2 ਜੁਲਾਈ 2024 - ਪਿਛਲੇ ਕੁਝ ਸਾਲਾਂ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਵਿਅਕਤੀ ਚਰਚ ਦਾ ਨਾਮ ਲੈ ਕੇ ਝੂਠਾ ਪ੍ਰਚਾਰ ਕਰ ਰਹੇ ਹਨ। ਇਹਨਾਂ ਦਾ ਈਸਾਈ ਧਰਮ ਨਾਲ ਕੋਈ ਸਬੰਧ ਨਹੀਂ ਹੈ। ਇਹ ਕਹਿਣਾ ਹੈ ਕੈਥਲਿਕ ਚਰਚ, ਸੈਕਟਰ 19, ਚੰਡੀਗੜ੍ਹ ਦੇ ਮੈਂਬਰ ਸਟੇਟ ਅਵਾਰਡੀ ਸੁਖਜਿੰਦਰ ਗਿੱਲ ਦਾ। ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਜਿੰਦਰ ਗਿੱਲ, ਜੋ ਜਨਹਿਤ ਸਮਾਜ ਸੇਵਾ ਅਤੇ ਬਲੱਡ ਸੇਵਾ ਸੰਸਥਾਵਾਂ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਇਹ ਲੋਕ ਭੋਲੇ-ਭਾਲੇ ਲੋਕਾਂ ਨੂੰ ਉਹਨਾਂ ਦੀਆਂ ਬੀਮਾਰੀਆਂ ਅਤੇ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਣ ਲਈ ਪਾਣੀ ਅਤੇ ਤੇਲ ਦੀਆਂ ਬੋਤਲਾਂ ਵੇਚ ਰਹੇ ਹਨ ਅਤੇ ਲੋਕਾਂ ਦੀ ਜ਼ਿੰਦਗੀ ਬਾਰੇ ਭਵਿੱਖਵਾਣੀ ਕਰਕੇ ਅੰਧਵਿਸ਼ਵਾਸ ਨੂੰ ਵਧਾਵਾ ਦੇ ਰਹੇ ਹਨ। ਉਨ੍ਹਾਂ ਮੁਤਾਬਕ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਈਸਾਈ ਧਰਮ ਦੀ ਬਦਨਾਮੀ ਹੋ ਰਹੀ ਹੈ ਅਤੇ ਸੱਚੇ ਈਸਾਈ ਇਸ ਕਾਰਨ ਹੀਨ ਭਾਵਨਾ ਦਾ ਸ਼ਿਕਾਰ ਹੋ ਕੇ ਕਿਸੇ ਨੂੰ ਆਪਣਾ ਧਰਮ ਦੱਸਣ ਵਿੱਚ ਵੀ ਝਿਜਕਦੇ ਹਨ। ਉਨ੍ਹਾਂ ਕਿਹਾ ਕਿ ਜਦ ਵੀ ਈਸਾਈ ਧਰਮ ਦੇ ਧਰਮਗੁਰੂਆਂ ਅਤੇ ਈਸਾਈ ਅਧਿਕਾਰੀਆਂ ਨੇ ਇਹਨਾਂ ਨੂੰ ਸਮਝਾਉਣ ਅਤੇ ਜ਼ਿਲ੍ਹਾ ਅਧਿਕਾਰੀਆਂ ਤੱਕ ਇਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ।
ਉਹਨਾਂ ਖੁਲਾਸਾ ਕੀਤਾ ਕਿ ਇਹ ਸੋਸ਼ਲ ਮੀਡੀਆ ਰਾਹੀਂ ਆਪਣਾ ਮੱਕੜਜਾਲ ਫੈਲਾਉਂਦੇ ਹਨ ਅਤੇ ਭੋਲੇ-ਭਾਲੇ ਲੋਕਾਂ ਦਾ ਮਾਨਸਿਕ ਅਤੇ ਧਾਰਮਿਕ ਸ਼ੋਸ਼ਣ ਕਰਦੇ ਹਨ। ਇਹ ਯੂਟਿਊਬ, ਫੇਸਬੁੱਕ ਆਦਿ 'ਤੇ ਵੀਡੀਓ ਪਾ ਕੇ ਭ੍ਰਾਂਤਮਕ ਪ੍ਰਚਾਰ ਕਰਦੇ ਹਨ ਕਿ ਕਿਵੇਂ ਇਹਨਾਂ ਨੇ ਭੂਤ ਪ੍ਰੇਤ ਕੱਢੇ ਅਤੇ ਬੀਮਾਰੀਆਂ ਠੀਕ ਕੀਤੀਆਂ, ਅਤੇ ਪਵਿੱਤਰ ਬਾਈਬਲ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਅੰਧਵਿਸ਼ਵਾਸ ਫੈਲਾਉਂਦੇ ਹਨ।
ਉਨ੍ਹਾਂਨੇ ਜਾਣਕਾਰੀ ਦਿਤੀ ਕਿ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਯਾਦੀ ਪੇਸ਼ ਕਰਕੇ ਇਹਨਾਂ 'ਤੇ ਯੋਗ ਕਾਰਵਾਈ ਕਰਨ ਅਤੇ ਇਹਨਾਂ ਦੀਆਂ ਸੋਸ਼ਲ ਸਾਈਟਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਉੱਤੇ ਮੌਜੂਦ ਉਦਾਸੀਨ ਟਕਸਾਲ ਇੰਟਰਨੈਸ਼ਨਲ ਦੇ ਮੁਖੀ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀਨ (ਕੈਲੀਫੋਰਨੀਆ) ਨੇ ਕਿਹਾ ਕਿ ਦਲਿਤ ਸਮੁਦਾਇ ਦੇ ਲੋਕ ਸਰਕਾਰ ਤੋਂ ਆਰਖਿਤ ਕੋਟੇ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਵੀ ਉਠਾ ਰਹੇ ਹਨ ਅਤੇ ਨਾਲ ਹੀ ਧਰਮ ਪਰਿਵਰਤਨ ਕਰਕੇ ਈਸਾਈ ਵੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਉਹਨਾਂ ਨੇ ਧਰਮ ਬਦਲਣਾ ਹੈ, ਤਾਂ ਪਹਿਲਾਂ ਦਲਿਤ ਕੋਟੇ ਤੋਂ ਲਈਆਂ ਸਹੂਲਤਾਂ ਵਾਪਸ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਸਰਕਾਰ ਤੋਂ ਵੀ ਇਸ ਪ੍ਰਕਾਰ ਦੇ ਗੈਰਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਦੀ ਮੰਗ ਕੀਤੀ ਹੈ।
ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਰਿਸ਼ਠ ਵਕੀਲ ਅਡਵੋਕੇਟ ਗੁਰਮੋਹਨ ਪ੍ਰੀਤ ਸਿੰਘ, ਜਿਨ੍ਹਾਂ ਨੂੰ ਹਿੰਦੂ, ਸਿੱਖ ਅਤੇ ਇਸਾਈ ਧਰਮਾਂ ਦੀਆਂ ਜਥੇਬੰਦੀਆਂ ਨੇ ਕਾਨੂੰਨੀ ਮਦਦ ਲਈ ਸੰਪਰਕ ਕੀਤਾ ਸੀ, ਨੇ ਦੱਸਿਆ ਕਿ ਇਹ ਬਹੁਤ ਹੀ ਗੰਭੀਰ ਮੁੱਦੇ ਹਨ ਅਤੇ ਧਰਮ ਦੇ ਨਾਂ 'ਤੇ ਇਸ ਤਰ੍ਹਾਂ ਦੇ ਕੁਕਿਰਤਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਕੁਝ ਗੈਰ-ਸਮਾਜਿਕ ਤੱਤਾਂ ਕਾਰਨ ਪੰਜਾਬ ਦਾ ਧਾਰਮਿਕ ਭਰਾਵਾਂਪ ਅਤੇ ਅਮਨ-ਸ਼ਾਂਤੀ ਦਾ ਮਾਹੌਲ ਬਿਲਕੁਲ ਖਰਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਦੱਸਿਆ ਕਿ ਹਰ ਧਰਮ ਵਿੱਚ ਪਾਖੰਡੀ ਮੌਜੂਦ ਹਨ ਅਤੇ ਉਨ੍ਹਾਂ ਸਭ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਗੱਲ ਕਿਸੇ ਇੱਕ ਧਰਮ ਦੀ ਨਹੀਂ ਹੈ, ਗੱਲ ਇਨਸਾਨੀਅਤ ਦੀ ਹੈ।
ਇਸ ਮੌਕੇ 'ਤੇ ਏਆਈਜੀ ਐਡਵੋਕੇਟ ਸਵਰਨ ਸਿੰਘ ਖੰਨਾ ਅਤੇ ਹਿੰਦੂ ਸਿੱਖ ਮਹਾਸਭਾ ਐਕਸ਼ਨ ਕਮੇਟੀ, ਪੰਜਾਬ ਦੇ ਮੈਂਬਰ ਸੁਖਪਾਲ ਸਿੰਘ ਸਰਾ ਆਦਿ ਵੀ ਮੌਜੂਦ ਸਨ।