ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ ! ਕੀ ਆਉਣਗੇ ਪੰਜਾਬ ?
ਗੁਰਪ੍ਰੀਤ ਸਿੰਘ
ਚੰਡੀਗੜ੍ਹ, 4 ਜੁਲਾਈ 2024- ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਜੋ ਕਿ ਪੰਜਾਬ ਦੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਹਨ, ਉਹ 5 ਜੁਲਾਈ ਨੂੰ ਐਮ.ਪੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਅੰਮ੍ਰਿਤਪਾਲ ਦੇ ਇਸ ਸਹੁੰ ਚੁੱਕ ਪ੍ਰੋਗਰਾਮ ਨੂੰ ਲੈ ਕੇ ਉਹਨੂੰ ਚਾਰ ਦਿਨਾਂ ਦੀ ਪਰੋਲ ਦਿੱਤੀ ਗਈ ਹੈ। ਅੰਮ੍ਰਿਤਪਾਲ ਨੂੰ ਮਿਲੀ ਪੈਰੋਲ ਤੋਂ ਬਾਅਦ ਕਈ ਲੋਕ ਸਵਾਲ ਖੜੇ ਹੋ ਰਹੇ ਹਨ ਕਿ ਕੀ ਅੰਮ੍ਰਿਤਪਾਲ ਹੁਣ ਇਸ ਪੈਰੋਲ ਦੇ ਦੌਰਾਨ ਪੰਜਾਬ ਆਉਣਗੇ? ਇਸ ਸਵਾਲ ਦਾ ਜਵਾਬ ਛੋਟੇ ਸ਼ਬਦਾਂ ਵਿੱਚ ਤਾਂ ਇਹੋ ਹੈ ਕਿ ਅੰਮ੍ਰਿਤਪਾਲ ਇਸ ਪੈਰੋਲ ਦੇ ਦੌਰਾਨ ਪੰਜਾਬ ਨਹੀਂ ਆਉਣਗੇ।
ਕਿਉਂਕਿ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀ ਐਨਐਸਏ ਦੇ ਤਹਿਤ ਡਿਪਰੂਗੜ੍ਹ ਦੀ ਜੇਲ ਦੇ ਅੰਦਰ ਬੰਦ ਹਨ ਅਤੇ ਇਹ ਪੈਰੋਲ ਉਹਨੂੰ ਸਿਰਫ ਸਹੁੰ ਚੁੱਕਣ ਲਈ ਹੀ ਦਿੱਤੀ ਗਈ ਹੈ। ਇੱਥੇ ਦੱਸ ਦਈਏ ਕਿ ਅੰਮ੍ਰਿਤਪਾਲ ਨੂੰ ਪੈਰੋਲ ਦਿੰਦਿਆਂ ਹੋਇਆਂ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ, ਜਿਸ ਦੇ ਤਹਿਤ ਅੰਮ੍ਰਿਤਪਾਲ ਪੰਜਾਬ ਨਹੀਂ ਆ ਸਕਣਗੇ। ਇਸ ਤੋਂ ਇਲਾਵਾ ਉਹ ਇਸ ਪੈਰੋਲ ਦੇ ਦੌਰਾਨ ਦਿੱਲੀ ਦੇ ਅੰਦਰ ਹੀ ਰਹਿਣਗੇ। ਜਦੋਂਕਿ ਉਹ ਆਪਣੇ ਘਰ ਜੋ ਕਿ ਪੰਜਾਬ ਦੇ ਅੰਦਰ ਹੈ, ਉਥੇ ਨਹੀਂ ਜਾ ਸਕਣਗੇ ਅਤੇ ਨਾ ਹੀ ਆਪਣੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਵਿਖੇ ਆਉਣਗੇ।
ਸ਼ਰਤਾਂ ਦੇ ਮੁਤਾਬਿਕ, ਅੰਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਦੇ ਘੇਰੇ ਵਿੱਚ ਪੈਰੋਲ ਦੇ ਦੌਰਾਨ ਰੱਖਿਆ ਜਾਵੇਗਾ। ਅੰਮ੍ਰਿਤਪਾਲ ਨੂੰ ਹਵਾਈ ਜਾਂ ਫਿਰ ਰੇਲ ਰਾਹੀਂ ਦਿੱਲੀ ਲਿਆਂਦਾ ਜਾਵੇਗਾ, ਇਸ ਬਾਰੇ ਹਾਲੇ ਤੱਕ ਸੂਚਨਾ ਆਉਣੀ ਬਾਕੀ ਹੈ, ਹਾਲਾਂਕਿ ਸੁਰੱਖਿਆ ਦੇ ਹਵਾਲੇ ਨਾਲ ਇਸ ਨੂੰ ਸੀਕਰੇਟ ਰੱਖਿਆ ਗਿਆ ਹੈ।
ਜਾਣਕਾਰੀ ਇਹ ਵੀ ਹੈ ਕਿ ਸੜਕ, ਹਵਾਈ ਜਾਂ ਫਿਰ ਰੇਲ ਰਾਹੀਂ ਅੰਮ੍ਰਿਤਪਾਲ ਨੂੰ ਦਿੱਲੀ ਲਿਆਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਮੌਸਮ ਮੌਕਾ ਅਤੇ ਵਕਤ ਦੇਖਣਾ ਹੋਵੇਗਾ ਕਿ ਅੰਮ੍ਰਿਤਪਾਲ ਨੂੰ ਛੇਤੀ ਤੋਂ ਛੇਤੀ ਕਿਵੇਂ ਦਿੱਲੀ ਲਿਆਂਦਾ ਜਾਣਾ ਹੈ।
ਉੱਥੇ ਦੂਜੇ ਪਾਸੇ ਅੰਮ੍ਰਿਤਪਾਲ ਦੇ ਪਰਿਵਾਰ ਦਾ ਵੀ ਇਸ ਪਹਿਲੀ ਪੈਰੋਲ 'ਤੇ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਪੈਰੋਲ ਤਾਂ ਦੇ ਦਿੱਤੀ ਗਈ ਹੈ, ਪਰ ਉਸਨੂੰ ਪੰਜਾਬ ਆਉਣ ਦੀ ਆਗਿਆ ਨਹੀਂ ਦਿੱਤੀ ਗਈ, ਜਦੋਂ ਕਿ ਇਹ ਬਿਲਕੁਲ ਗਲਤ ਹੈ। ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਤਰਸੇਮ ਸਿੰਘ ਨੇ ਕੁਝ ਮੀਡੀਆ ਨੂੰ ਦੱਸਿਆ ਕਿ ਅੰਮ੍ਰਿਤਪਾਲ ਨੂੰ ਪੰਜਾਬ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ। ਅੰਮ੍ਰਿਤਪਾਲ ਦੇ ਮਾਪਿਆਂ ਨੇ ਖੰਡੂਰ ਸਾਹਿਬ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਗਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਆਉਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰ ਸਕਣ ਅਤੇ ਉਹਨਾਂ ਦੇ ਮਸਲੇ ਹੱਲ ਕਰ ਸਕਣ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਅਸਾਮ ਦੀ ਡਿਬਰੂਗੜ ਜੇਲ ਦੇ ਵਿੱਚ ਬੰਦ ਰਹਿ ਕੇ ਖਡੂਰ ਸਾਹਿਬ ਲੋਕ ਸਭਾ ਹਲਕਾ ਤੋਂ ਚੋਣ ਲੜੀ ਹੈ। ਉਹਨਾਂ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ, ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੂੰ ਹਰਾ ਕੇ ਰਿਕਾਰਡ ਤੋੜ ਜਿੱਤ ਦਰਜ ਕੀਤੀ ਹੈ। ਦੱਸਣਾ ਬਣਦਾ ਹੈ ਕਿ, ਅੰਮ੍ਰਿਤਪਾਲ 'ਤੇ ਆਪਣੇ ਸਮਰਥਕਾਂ ਨਾਲ ਅਜਨਾਲਾ ਥਾਣੇ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਦਾ ਦੋਸ਼ ਹੈ।