CM ਮਾਨ ਨੇ ਜਲੰਧਰ ਪੱਛਮੀ ਵਿਚ ਜਨਤਕ ਰੈਲੀਆਂ ਨੂੰ ਕੀਤਾ ਸੰਬੋਧਨ, ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਕੀਤੀ ਅਪੀਲ
- ਮੈਂ ਰੋਜ਼ਾਨਾ ਸਵੇਰੇ ਜਲੰਧਰ ਸਥਿਤ ਆਪਣੇ ਘਰ 500 ਲੋਕਾਂ ਨੂੰ ਮਿਲਦਾ ਹਾਂ, ਹੁਣ ਤੁਹਾਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਜਾਣ ਦੀ ਲੋੜ ਨਹੀਂ, ਸਰਕਾਰ ਤੁਹਾਡੇ ਦਰਵਾਜ਼ੇ 'ਤੇ ਹੈ: ਭਗਵੰਤ ਮਾਨ
- ਮੁੱਖ ਮੰਤਰੀ ਨੇ ਲੋਕਾਂ ਨੂੰ ਕੀਤਾ ਵਾਅਦਾ, ਕਿਹਾ- ਤੁਸੀਂ ਮੋਹਿੰਦਰ ਭਗਤ ਨੂੰ ਵਿਧਾਇਕ ਬਣਾਓ, ਅਸੀਂ ਉਨ੍ਹਾਂ ਨੂੰ ਮੰਤਰੀ ਬਣਾਵਾਂਗੇ ਤਾਂ ਜੋ ਉਹ ਜਲੰਧਰ ਦੇ ਲੋਕਾਂ ਦੀ ਹੋਰ ਵੀ ਬਿਹਤਰ ਸੇਵਾ ਕਰ ਸਕਣ
- ਸਿਆਸਤ ਤੁਹਾਡੀ ਜ਼ਿੰਦਗੀ ਦੀ ਹਰ ਚੀਜ਼ ਦਾ ਫ਼ੈਸਲਾ ਕਰਦੀ ਹੈ, ਇਸ ਤੋਂ ਭੱਜੋ ਨਾ, ਰਾਜਨੀਤੀ ਵਿਚ ਸਰਗਰਮੀ ਨਾਲ ਹਿੱਸਾ ਲਓ: ਭਗਵੰਤ ਮਾਨ
- ਭਗਵੰਤ ਮਾਨ ਸਰਕਾਰ ਵਿਚ ਕੰਮ ਤਾਂ ਹੋ ਰਿਹਾ ਹੈ, ਪਰ ਗੈਰ-ਕਾਨੂੰਨੀ ਜਾਂ ਭ੍ਰਿਸ਼ਟ ਕੰਮ ਨਹੀਂ: ਮੋਹਿੰਦਰ ਭਗਤ
ਜਲੰਧਰ, 4 ਜੁਲਾਈ 2024 - ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਪੱਛਮੀ ਦੇ ਵਾਰਡ ਨੰਬਰ 40 ਅਤੇ ਵਾਰਡ ਨੰਬਰ 45 'ਚ ‘ਆਪ’ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਮੋਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾਵਾਂਗੇ ਤਾਂ ਜੋ ਜਲੰਧਰ ਦੇ ਕੰਮ ਹੋਰ ਤੇਜ਼ੀ ਨਾਲ ਹੋ ਸਕਣ।
ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਡੱਟ ਕੇ ਖੜੇ ਹਨ। ‘ਆਪ’ ਨੂੰ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਪਿਆਰ ਅਤੇ ਅਸ਼ੀਰਵਾਦ ਦਾ ਕਰਜ਼ਾ ਕਦੇ ਵੀ ਨਹੀਂ ਚੁਕਾ ਸਕਦੇ।
ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਸਰਕਾਰ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ, ਨਾ ਤਾਂ ਸਾਡੀ ਸਰਕਾਰ ਡਿੱਗੇਗੀ ਤੇ ਨਾ ਹੀ ਕਿਸੇ ਹੋਰ ਦੀ ਸਰਕਾਰ ਬਣੇਗੀ, ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਤੁਹਾਡਾ ਸਰਕਾਰ ਵਿਚ ਹਿੱਸਾ ਪਾਵੇਗੀ, ਜਿਸ ਸਦਕਾ ਇਸ ਇਲਾਕੇ ਦਾ ਵਿਕਾਸ ਹੋਰ ਤੇਜ਼ ਰਫ਼ਤਾਰ ਨਾਲ ਹੋਵੇਗਾ।
ਮਾਨ ਨੇ ਕਿਹਾ ਕਿ ਉਹ ਦੋਆਬੇ ਵਿੱਚ ਦਫ਼ਤਰ ਸਥਾਪਤ ਕਰਨ ਲਈ ਕਾਫੀ ਸਮੇਂ ਤੋਂ ਯੋਜਨਾ ਬਣਾ ਰਹੇ ਸਨ ਤਾਂ ਜੋ ਉਹ ਦੁਆਬੇ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ ਅਤੇ ਉਨ੍ਹਾਂ ਦੇ ਕੰਮ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਦੌਰਾਨ ਇਕ ਚੰਗੀ ਗੱਲ ਸਾਹਮਣੇ ਆਈ ਹੈ ਕਿ ਉਹ ਆਖ਼ਰਕਾਰ ਉਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਕਾਮਯਾਬ ਹੋ ਗਏ ਅਤੇ ਇੱਥੇ ਆਪਣਾ ਦਫ਼ਤਰ ਸਥਾਪਿਤ ਕਰ ਲਿਆ। ਮਾਨ ਨੇ ਕਿਹਾ ਕਿ ਉਹ ਰੋਜ਼ਾਨਾ ਸਵੇਰੇ 500 ਲੋਕਾਂ ਨੂੰ ਜਲੰਧਰ ਸਥਿਤ ਆਪਣੀ ਰਿਹਾਇਸ਼ 'ਤੇ ਮਿਲਦੇ ਹਨ। ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਹੁਣ ਸਰਕਾਰ ਤੁਹਾਡੇ ਦਰਵਾਜ਼ੇ 'ਤੇ ਹੈ। ਇਸ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ। ਮਾਨ ਨੇ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਵੀ ਇਸ ਰਿਹਾਇਸ਼ 'ਚ ਹਫ਼ਤੇ ਵਿਚ 3-4 ਦਿਨ ਰਹਿਣਗੇ ਤਾਂ ਜੋ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ।
ਮਾਨ ਨੇ ਕਿਹਾ ਕਿ ਭਾਜਪਾ ਦੀ ਨਫਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਪੰਜਾਬ ਵਿੱਚ ਕਦੇ ਵੀ ਨਹੀਂ ਚੱਲ ਸਕਦੀ। ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ। ਇੱਥੇ ਨਫ਼ਰਤ ਦੇ ਬੀਜ ਨੂੰ ਕਦੇ ਵੀ ਉੱਗਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਗੁਰਪੁਰਬ, ਈਦ, ਦੀਵਾਲੀ ਅਤੇ ਕ੍ਰਿਸਮਸ ਇਕੱਠੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਹਨ।
ਮਾਨ ਨੇ ਕਿਹਾ ਕਿ ਰਾਜਨੀਤੀ ਮਾੜੀ ਨਹੀਂ ਹੁੰਦੀ, ਇਸ ਵਿੱਚ ਮਾੜੇ ਲੋਕਾਂ ਦੀ ਗਿਣਤੀ ਹੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਜ਼ਿੰਦਗੀ ਵਿਚ ਹਰ ਚੀਜ਼ ਦਾ ਫ਼ੈਸਲਾ ਰਾਜਨੀਤੀ ਨਾਲ ਹੁੰਦਾ ਹੈ, ਭਾਵੇਂ ਤੁਸੀਂ ਰਾਤ ਦੇ ਖਾਣੇ ਵਿਚ ਕੀ ਖਾਂਦੇ ਹੋ, ਇਸ ਲਈ ਇਸ ਤੋਂ ਦੂਰ ਨਾ ਭੱਜੋ, ਰਾਜਨੀਤੀ ਵਿਚ ਸਰਗਰਮੀ ਨਾਲ ਹਿੱਸਾ ਲਓ, ਬਦਲਾਅ ਲਿਆਓ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਹਰ ਰੋਜ਼ ਨੌਜਵਾਨ ਉਨ੍ਹਾਂ ਕੋਲ ਆਉਂਦੇ ਹਨ ਅਤੇ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ।
ਸੀਐਮ ਨੇ ਕਿਹਾ ਕਿ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਆਪਣੇ ਰੁਝੇਵੇਂ ਸਮੇਂ ਵਿਚੋਂ ਆਪਣੇ ਪਰਿਵਾਰ ਨੂੰ ਸਮਾਂ ਕਿਵੇਂ ਦਿੰਦੇ ਹੋ। ਮਾਨ ਨੇ ਕਿਹਾ ਕਿ ਪੂਰਾ ਪੰਜਾਬ ਮੇਰਾ ਪਰਿਵਾਰ ਹੈ, ਇਸ ਲਈ ਕੰਮ ਕਰਦੇ ਹੋਏ ਵੀ ਮੈਂ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਹਾਂ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਂਦਾ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ 43 ਹਜ਼ਾਰ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਤੋਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਿਫ਼ਾਰਸ਼ ਨੂੰ ਸਵੀਕਾਰ ਨਹੀਂ ਕਰਦੇ ਭਾਵੇਂ ਉਹ ਉਨ੍ਹਾਂ ਦੇ ਆਪਣੇ ਵਿਧਾਇਕ ਦੀ ਹੀ ਕਿਉਂ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਇਸ ਵਾਰ ਇਮਾਨਦਾਰ ਉਮੀਦਵਾਰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਮਾਨ ਨੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ (ਆਪ) ਹੀ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਪਲੇਟਫ਼ਾਰਮ ਅਤੇ ਮੌਕਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਰਵਾਇਤੀ ਪਾਰਟੀਆਂ ਵਿੱਚ ਆਮ ਲੋਕਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਨੇ 25 ਸਾਲ ਪੰਜਾਬ 'ਤੇ ਰਾਜ ਕੀਤਾ, ਪਰ ਇਨ੍ਹਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ, ਇਸੇ ਕਰਕੇ ਉਨ੍ਹਾਂ (ਮਾਨ) ਵਰਗੇ ਲੋਕਾਂ ਨੂੰ ਸਿਆਸਤ ਵਿਚ ਆਉਣਾ ਪਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਰਗੇ ਲੋਕਾਂ ਤੋਂ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਲੋਕ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਕਿਵੇਂ ਬਣ ਗਏ। ਉਨ੍ਹਾਂ ਅੱਗੇ ਕਿਹਾ ਕਿ ਪ੍ਰਮਾਤਮਾ ਸਭ ਕੁਝ ਚੰਗੇ ਲਈ ਕਰਦਾ ਹੈ, ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜਲੰਧਰ ਦੇ ਲੋਕਾਂ ਨੂੰ ਜਲਦ ਇੱਕ ਇਮਾਨਦਾਰ ਵਿਧਾਇਕ ਮਿਲ ਰਿਹਾ ਹੈ।
ਮਾਨ ਸਰਕਾਰ ਵਿਚ ਕੰਮ ਤਾਂ ਹੋ ਰਿਹਾ ਹੈ, ਪਰ ਗੈਰ-ਕਾਨੂੰਨੀ ਜਾਂ ਭ੍ਰਿਸ਼ਟ ਕੰਮ ਨਹੀਂ: ਮੋਹਿੰਦਰ ਭਗਤ
ਲੋਕਾਂ ਨੂੰ ਸੰਬੋਧਨ ਕਰਦਿਆਂ 'ਆਪ' ਉਮੀਦਵਾਰ ਮੋਹਿੰਦਰ ਭਗਤ ਨੇ ਇਸ ਜਨ ਸਭਾ 'ਚ ਐਨੀ ਵੱਡੀ ਗਿਣਤੀ 'ਚ ਪਹੁੰਚਣ 'ਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਮਾਨ ਸਰਕਾਰ ਵਿੱਚ ਕੰਮ ਨਹੀਂ ਹੋ ਰਹੇ ਪਰ ਇਹ ਕੋਰਾ ਝੂਠ ਹੈ। ਸੱਚ ਤਾਂ ਇਹ ਹੈ ਕਿ ਮਾਨ ਸਰਕਾਰ ਵਿੱਚ ਕੰਮ ਤਾਂ ਹੋ ਰਹੇ ਹਨ ਪਰ ਕੋਈ ਵੀ ਗੈਰ-ਕਾਨੂੰਨੀ ਜਾਂ ਭ੍ਰਿਸ਼ਟ ਕੰਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਵਿੱਚ ਬੇਮਿਸਾਲ ਕੰਮ ਕਰ ਰਹੀ ਹੈ।