ਪੀ.ਏ.ਯੂ. ਦੇ ਉੱਘੇ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀ ਭਲਾਈ ਦੇ ਜੁਆਇੰਟ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ
ਲੁਧਿਆਣਾ 20 ਨਵੰਬਰ, 2024 - ਕੀਟ ਵਿਗਿਆਨ ਵਿਭਾਗ ਦੇ ਉੱਘੇ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੂੰ ਪੀ.ਏ.ਯੂ. ਵਿਚ ਵਿਦਿਆਰਥੀ ਭਲਾਈ ਦਾ ਜੁਆਇੰਟ ਨਿਰਦੇਸ਼ਕ ਨਿਯੁਕਤ ਕਤਿਾ ਗਿਆ ਹੈ| ਡਾ. ਸੂਰੀ ਨੇ ਆਪਣੀ ਬਿਹਤਰੀਨ ਅਕਾਦਮਿਕ ਅਤੇ ਪ੍ਰਸਾਸ਼ਨਿਕ ਯੋਗਤਾ ਨਾਲ ਹੁਣ ਤੱਕ ਯੂਨੀਵਰਸਿਟੀ ਵਿਚ ਉਮਦਾ ਕਾਰਜ ਅੰਜ਼ਾਮ ਦਿੱਤਾ ਹੈ| ਉਹ ਕੀਟ ਵਿਗਿਆਨ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਹੋਣ ਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਦੀ ਕੀਟਾਂ ਸੰਬੰਧੀ ਹਰ ਸਮੱਸਿਆ ਨਾਲ ਨੇੜਿਓ ਜੁੜੇ ਹੋਏ ਸੁਹਿਰਦ ਮਾਹਿਰ ਹਨ|
ਡਾ. ਸੂਰੀ ਨੇ 16 ਵੱਖ-ਵੱਖ ਖੋਜ ਪ੍ਰੋਜੈਕਟਾਂ ਨੂੰ ਨੇਪਰੇ ਚੜ੍ਹਨ ਵਿਚ ਯੋਗਦਾਨ ਪਾਇਆ| ਇਹ ਪ੍ਰੋਜੈਕਟ ਭਾਰਤ ਦੀਆਂ ਪ੍ਰਸਿੱਧ ਅਕਾਦਮਿਕ ਏਜੰਸੀਆਂ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ, ਯੂ ਜੀ ਸੀ, ਆਈ ਸੀ ਏ ਆਰ, ਨਾਬਾਰਡ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਪ੍ਰਾਯੋਜਿਤ ਰਹੇ| ਇਸ ਤੋਂ ਇਲਾਵਾ ਉਹ 40 ਦੇ ਕਰੀਬ ਕੀਟ ਨਾਸ਼ਕ ਉਦਯੋਗਾਂ ਵੱਲੋਂ ਪ੍ਰਾਯੋਜਿਤ ਪ੍ਰੋਜੈਕਟਾਂ ਨਾਲ ਵੀ ਜੁੜੇ ਰਹੇ| ਉਹਨਾਂ ਨੇ 72 ਖੋਜ ਲੇਖ, 3 ਰਿਵਿਊ ਪੇਪਰ, ਕਿਤਾਬਾਂ ਦੇ ਤਿੰਨ ਚੈਪਟਰ, 114 ਮਕਬੂਲ ਲੇਖ, 9 ਪਸਾਰ ਕਿਤਾਬਚੇ ਅਤੇ 6 ਪੈਫਲੈਟ ਪ੍ਰਕਾਸ਼ਿਤ ਕਰਵਾਏ| ਪੀ.ਏ.ਯੂ. ਵੱਲੋਂ ਖੇਤੀ ਦੇ ਤਰੀਕਿਆਂ ਦੀ ਕਿਤਾਬ ਵਿਚ ਉਹਨਾਂ ਦੀਆਂ 72 ਸਿਫ਼ਾਰਸ਼ਾਂ ਸ਼ਾਮਿਲ ਹੋਈਆਂ ਹਨ|
47 ਵਾਰ ਉਹ ਰੇਡੀਓ ਅਤੇ ਟੀ ਵੀ ਤੋਂ ਇਲਾਵਾ ਫੇਸਬੁੱਕ ਲਾਈਵ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਏ ਅਤੇ ਉਹਨਾਂ ਨੇ 5 ਵੀਡੀਓ ਕੈਪਸੂਲ ਨਿਰਮਤ ਕੀਤੇ| ਕਿਸਾਨ ਮੇਲਿਆਂ ਦੌਰਾਨ ਸੰਯੁਕਤ ਕੀਟ ਪ੍ਰਬੰਧਣ ਵਿਸ਼ੇ ਤੇ ਉਹਨਾਂ ਬਹੁਤ ਸਾਰੇ ਭਾਸ਼ਣ ਦਿੱਤੇ| ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ, ਫਸਲ ਸੈਮੀਨਾਰ, ਗੋਸ਼ਟੀਆਂ ਆਦਿ ਦਾ ਹਿੱਸਾ ਬਣਦੇ ਰਹੇ ਹਨ| ਪੀ.ਏ.ਯੂ. ਦੇ ਮਾਸਿਕ ਰਸਾਲਿਆਂ ਦੇ ਸੰਪਾਦਕੀ ਮੰਡਲ ਵਿਚ ਉਹਨਾਂ ਦੀ ਭੂਮਿਕਾ ਸਰਗਰਮ ਰਹੀ ਹੈ| ਉਹ ਪੀ.ਏ.ਯੂ. ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਸਲਾਹਕਾਰ ਬੋਰਡ ਵਿਚ ਵੀ ਸ਼ਾਮਿਲ ਰਹੇ| ਕਈ ਰਾਸ਼ਟਰੀ-ਅੰਤਰਰਾਸ਼ਟਰੀ ਸੰਸਥਾਵਾਂ ਅਤੇ ਅਦਾਰਿਆਂ ਨੇ ਉਹਨਾਂ ਦੀ ਯੋਗਤਾ ਨੂੰ ਪਛਾਣਿਆ ਅਤੇ ਯੋਗ ਸਨਮਾਨ ਕੀਤਾ| 6 ਮਹੀਨਿਆਂ ਲਈ ਉਹ ਨੌਕਸਵਿਲੇ ਅਮਰੀਕਾ ਦੀ ਟੈਨਸੀ ਯੂਨੀਵਰਸਿਟੀ ਵਿਚ ਬਾਹਰੀ ਮਾਹਿਰ ਵਜੋਂ ਸ਼ਾਮਿਲ ਰਹੇ|
ਡਾ. ਸੂਰੀ ਮੁੰਡਿਆਂ ਦੇ ਹੋਸਟਲਾਂ ਦੀ ਚੀਫ ਵਾਰਡਨ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਰਹੇ| ਕੀਟ ਵਿਗਿਆਨ ਵਿਭਾਗ ਦੇ ਅਕਾਦਮਿਕ ਕਮੇਟੀ ਦੇ ਚੇਅਰਪਰਸਨ ਹੋਣ ਦਾ ਮਾਣ ਵੀ ਉਹਨਾਂ ਨੂੰ ਮਿਲਿਆ| ਇਸ ਤੋਂ ਇਲਾਵਾ ਉਹ ਰਾਸ਼ਟਰੀ ਸੁਸਾਇਟੀਆਂ ਦੇ ਮੈਂਬਰ ਅਤੇ ਅਹੁਦੇਦਾਰ ਵੀ ਰਹੇ ਹਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਡਾ. ਸੂਰੀ ਨੂੰ ਇਸ ਨਿਯੁਕਤੀ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹਨਾਂ ਦੀ ਨਿਗਰਾਨੀ ਹੇਠ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਉਸਾਰੂ ਅਕਾਦਮਿਕ ਅਤੇ ਖੋਜ ਮਾਹੌਲ ਮੁਹਈਆ ਹੋ ਸਕੇਗਾ| ਡਾ. ਸੂਰੀ ਨੇ ਇਸ ਮੌਕੇ ਭਰੋਸਾ ਦਿਵਾਇਆ ਕਿ ਉਹ ਵਿਦਿਆਰਥੀ ਭਲਾਈ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਨੇਪਰੇ ਚਾੜਨ ਲਈ ਤਨਦੇਹੀ ਨਾਲ ਕਾਰਜ ਕਰਨਗੇ|