ਅੱਜ ਜਦੋਂ ਅਸੀ ਆਪਣੇ ਆਲੇ-ਦੁਅਲੇ ਦੀ ਡਿਜੀਟਲ ਦੁਨੀਆਂ ਨੂੰ ਦੇਖਦੇ ਹਾਂ ਤਾਂ ਬੱਚਿਆਂ ਦੇ ਹੱਥਾਂ ਅਕਸਰ ਮੋਬਾਇਲ ਫੋਨ ਹੁੰਦਾ ਹੈ। ਬੱਚਿਆਂ ਨੂੰ ਮੋਬਾਇਲ ਦੀ ਐਨੀ ਜ਼ਿਆਦਾ ਆਦਤ ਹੋ ਚੁੱਕੀ ਹੈ ਕਿ ਮੋਬਇਲ ਨਾ ਮਿਲਣ ਤੇ ਉਹ ਰੋਣ ਲੱਗ ਜਾਂਦੇ ਹਨ, ਚਿਲਾਉਂਦੇ ਹਨ, ਚੀਜਾਂ ਚੁੱਕ ਚੱਕ ਕੇ ਮਾਰਨ ਲੱਗਦੇ ਹਨ। ਰੋਜ਼ਾਨਾ /ਦਿਨ ਦੇ ਹਰ ਕੰਮ ਲਈ ਜਿਵੇਂ ਕਿ ਰੋਟੀ ਖਾਣਾ, ਤਿਆਰ ਹੋਣਾ, ਗੁਰੂਦੁਆਰੇ ਚੁੱਪ ਕਰ ਕੇ ਬੈਠਣ ਲਈ ਵੀ ਬੱਚੇ ਫੋਨ ਮੰਗਦੇ ਹਨ। ਮਾਂ-ਬਾਪ ਵੀ ਕਦੇ ਖੁਸ਼ੀ ਨਾਲ ਤੇ ਕਦੇ ਮਜਬੂਰੀ ਵਿੱਚ ਬੱਚੇ ਦੇ ਹੱਥ ਵਿੱਚ ਫੋਨ ਦੇ ਦਿੰਦੇ ਹਨ।ਅਕਸਰ ਮਾਪੇ ਆਪਣੇ ਕੰਮ ਵਿੱਚ ਉਲਝੇ ਹੁੰਦੇ ਹਨ, ਕਈ ਵਾਰ ਬਾਹਰ ਰੋਟੀ ਖਾਣ ਵੇਲੇ ,ਪਰਿਵਾਰਿਕ ਸੰਮੇਲਨਾ ਵਿੱਚ , ਇੱਥੋਂ ਤੱਕ ਕਿ ਡਾਕਟਰ ਦੀ ਵਾਰੀ ਲਈ ਇੰਤਜ਼ਾਰ ਕਰਨ ਲਈ ਵੀ ਬੱਚਿਆਂ ਦੇ ਹੱਥਾਂ ਵਿੱਚ ਅਕਸਰ ਫੋਨ ਦੇ ਦਿੱਤਾ ਜਾਂਦਾ ਹੈ ਤਾਂ ਕਿ ਬੱਚਾ ਤੰਗ ਨਾ ਕਰੇ ਪਰ ਇਸ ਨਾਲ ਬੱਚੇ ਆਦੀ ਹੋ ਜਾਂਦੇ ਹਨ ਤੇ ਹਰ ਥਾਂ ਤੇ ਜਾ ਕਿ ਫੋਨ ਦੇਖਣ ਦੀ ਜ਼ਿਦ ਕਰਦੇ ਹਨ।
ਮੋਬਾਇਲ ਫੋਨ ਲਗਾਤਾਰ ਵੇਖਣ ਨਾਲ ਬੱਚੇ ਕਈਂ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਵੇਂ ਕਿ ਅੱਖਾਂ ਦੀਆਂ ਬਿਮਾਰੀਆਂ(ਸੁੱਕਣਾ, ਭੈਂਗ ਮਾਰਨਾ, ਰੌਸ਼ਨੀ ਘੱਟ ਜਾਣਾ), ਸੁਣਨਾ ਘੱਟ ਜਾਣਾ, ਬੋਲਣ ਵਿੱਚ ਦਿੱਕਤ ਆਉਣਾ, ਵਰਚੂਅਲ ਆਟੀਜ਼ਮ (ਬੋਲਣ-ਸੁਣਨ ਤੇ ਕਿਸੇ ਨਾਲ ਗੱਲ ਨਾ ਕਰ ਪਾਉਣਾ)।ਬਹੁਤ ਜ਼ਿਆਦਾ ਗੁੱਸਾ ਆਉਣਾ, ਖਿੱਝਣਾ, ਉੱਚੀ ਬੋਲਣਾ, ਕਈ ਤਰਾਂ ਦੀਆਂ ਦਿਮਾਗੀ ਬਿਮਾਰੀਆਂ ਆਦਿ ਵੀ ਲਗਾਤਾਰ ਮੋਬਾਇਲ ਫੋਨ ਵੇਖਣ ਨਾਲ ਬੱਚਿਆਂ ਵਿੱਚ ਹੋ ਜਾਂਦੀਆਂ ਜਨ।
ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖਣਾ ਬਹੁਤ ਹੀ ਜ਼ਰੂਰੀ ਹੈ,ਮਾਂ-ਬਾਪ ਬਚਿਆਂ ਨੂੰ ਮੋਬਾਇਲ ਫੋਨ ਤੋਂ ਦੂਰ ਰੱਖਣ ਲਈ ਹੇਠ ਲਿੱਖੀਆਂ ਗੱਲਾਂ ਦਾ ਪਾਲਣ ਕਰ ਸਕਦੇ ਹਨ।
ਬੱਚੇ ਦੀ ਇੱਕ ਪੱਕੀ ਦਿਨ ਚਰਿਆ ਬਣਾਉ।ਲਾਜਮੀ ਬਣਾਉ ਕਿ ਬੱਚਾ ਹਰ ਦਿਨ ਇੱਕ ਪੱਕੀ ਰੂਟੀਨ ਵਿੱਚ ਆਪਣਾ ਹਰ ਕੰਮ ਕਰੇ ਜਿਵੇਂ ਕਿ ਖਾਣਾ-ਪੀਣਾ, ਸੌਣਾ, ਉੱਠਣਾ ਆਦਿ। ਇਸ ਨਾਲ ਬੱਚੇ ਦਾ ਫੋਨ ਵੇਖਣ ਦਾ ਸਮਾਂ ਵੀ ਨਿਰਧਾਰਿਤ ਕਰੋ।
ਸ਼ਾਂਤ ਮਾਪੇ ਬਣੋ: ਬੱਚਿਆਂ ਨਾਲ ਪੇਸ਼ ਆਉਂਦੇ ਸਮੇਂ ਆਪਣੇ ਆਪ ਨੂੰ ਸ਼ਾਂਤ ਰੱਖੋ। ਆਪਣੀ ਕਹੀ ਗੱਲ ਤੇ ਦ੍ਰਿੜ ਰਹੋ. ਬੱਚੇ ਨਾਲ ਗੁੱਸੇ ਨਾਲ ਨਾ ਬੋਲੋ। ਆਪਣੇ ਬੱਚੇ ਤੋਂ ਮੋਬਾਈਲ/ਸਕਰੀਨ ਵਾਪਿਸ ਲੈਂਦੇ ਸਮੇਂ ਆਪਣੇ ਬੱਚੇ ਨਾਲ ੳੱਚੀ ਬੋਲਣ ਦੀ ਬਜਾਏ ਸ਼ਾਂਤੀ ਨਾਲ ਗੱਲ ਕਰੋ।
ਰੋਲ ਮਾਡਲ ਬਣੋ: ਬੱਚੇ ਨੂੰ ਤੁਸੀਂ ਕਦੇ ਵੀ ਉਸ ਕੰਮ ਤੋਂ ਨਹੀਂ ਰੋਕ ਸਕਦੇ ਜੋ ਤੁਸੀਂ ਆਪ ਬੱਚੇ ਦੇ ਸਾਹਮਣੇ ਕਰ ਰਹੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਟੀਵੀ ਨਾ ਦੇਖਣ ਜਾਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਤਾਂ ਆਪ ਵੀ ਬੱਚਿਆਂ ਦੇ ਸਾਹਮਣੇ ਮੋਬਾਈਲ ਫ਼ੋਨ ਦੀ ਵਰਤੋਂ ਬੰਦ ਕਰੋ/ਪ੍ਰਹੇਜ਼ ਕਰੋ।
ਆਪਣੇ ਬੱਚਿਆਂ ਦੇ ਨਾਲ ਚੰਗਾ ਸਮਾਂ ਬਿਤਾਉਣਾ : ਬੱਚੇ ਨਾਲ ਹਰ ਦਿਨ ਸਮਾਂ ਬਿਤਾਉ।ਕੋਸ਼ਿਸ਼ ਕਰੋ ਉਸ ਵੇਲੇ ਆਲੇ-ਦੁਆਲੇ ਕੋਈ ਗੈਜੇਟ(ਟੀ.ਵੀ, ਮੋਬਾਇਲ ਆਦਿ) ਨਾ ਹੋਵੇ। ਲੁਡੋ, ਚੈਸ ਗੇਮਾਂ ਖੇਡੋ ਇਕੱਠੇ ਬਾਹਰ ਸੈਰ ਕਰਨ ਜਾਓ।ੇ ਬੱਚਿਆਂ ਨਾਲ ਆਪਣੇ ਰਿਸ਼ਤੇ ਵਧੀਆ ਰੱਖਣਾ, ਨਿਯਮਿਤ ਤੌਰ 'ਤੇ ਬੱਚਿਆਂ ਨਾਲ ਸਮਾਂ ਬਿਤਾਉਣਾ ਸਮਾਰਟ ਫੋਨ ਦੀ ਲਤ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ।
ਤਕਨਾਲੋਜੀ ਖੁਦ ਇਸ ਮੁੱਦੇ ਨੂੰ ਰੋਕ ਸਕਦੀ ਹੈ - ਕਿਡਜ਼ ਮੋਡ: ਮੋਬਾਈਲ ਫ਼ੋਨਾਂ ਵਿੱਚ ਬੱਚਿਆਂ ਦਾ ਮੋਡ ਸੈੱਟ ਕਰਨ ਜਾਂ ਕੁਝ ਐਪਾਂ ਲਈ ਪਾਸਵਰਡ ਸੈੱਟ ਕਰਨ ਦਾ ਵਿਕਲਪ ਹੁੰਦਾ ਹੈ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਮਾਰਟਫ਼ੋਨ ਦਿੰਦੇ ਹੋ ਤਾਂ ਇਹਨਾਂ ਵਿਕਲਪਾਂ ਦਾ ਇਸਤੇਮਾਲ ਕਰੋ। ਇਹਨਾਂ ਨਾਲ ਤੁਸੀਂ ਫੋਨ ਵੇਖਣ ਦਾ ਸਮਾਂ ਸੈੱਟ ਕਰਦਿੳ ਤੇ ਉਸ ਤੋਂ ਬਾੳਦ ਫੋਨ ਆਪੇ ਹੀ ਬੰਦ ਹੋ ਜਾਵੇਗਾ।
ਸ਼ਲਾਘਾ ਵਜੋਂ ਫ਼ੋਨ ਦੇਣਾ ਬੰਦ ਕਰੋ :ਕਈ ਵਾਰ ਅਸੀਂ ਮਾਪੇ ਹੋਣ ਦੇ ਨਾਤੇ ਆਪਣੇ ਬੱਚਿਆਂ ਨਾਲ ਵਾਅਦਾ ਕਰਦੇ ਹਾਂ ਕਿ ਜੇਕਰ ਉਹ ਰਿਸ਼ਤੇਦਾਰਾਂ ਦੇ ਸਾਹਮਣੇ ਚੰਗਾ ਵਿਵਹਾਰ ਕਰਨਗੇ ਤਾਂ ਉਨ੍ਹਾਂ, ਵੀਡੀਓ ਦੇਖਣ ਜਾਂ ਗੇਮਾਂ ਖੇਡਣ ਲਈ ਮੋਬਾਈਲ ਮਿਲੇਗਾ ਆਦਿ।ਇਹ ਤਰੀਕਾ ਲੰਬੇ ਸਮੇਂ ਲਈ ਕਾਰਗਾਰ ਨਹੀਂ ਰਹੇਗਾ।
ਬੱਚਿਆਂ ਨੂੰ ਖੇਡਣ ਲਈ ਬਾਹਰ ਭੇਜੋ : ਇੱਕਲੇ ਬੱਚੇ ਹੀ ਨਹੀਂ ਸਗੋਂ ਵੱਡੇ ਵੀ ਮੋਬਾਈਲ ਗੇਮਾਂ ਖੇਡਣ ਦੇ ਆਦੀ ਹਨ। ਬੱਚੇ ਪਹਿਲਾਂ ਵਾਂਗ ਬਾਹਰ ਖੇਡਣ ਨਹੀਂ ਜਾਂਦੇ ਜਿਵੇਂ ਅਸੀਂ ਖੇਡਦੇ ਸੀ। ਬਾਹਰੀ ਖੇਡਾਂ ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਵਿੱਚ ਮਦਦ ਕਰਦੀਆਂ ਹਨ, ਇਹ ਧਿਆਨ ਅਤੇ ਇਕਾਗਰਤਾ ਵਿੱਚ ਸੁਧਾਰ ਕਰਦੀਆਂ ਹਨ। ਬਾਹਰ ਖੇਡਣਾ ਬੱਚਿਆਂ ਨੂੰ ਸਮਾਰਟਫ਼ੋਨ ਦੀ ਲਤ ਛੱਡਣ ਵਿੱਚ ਮਦਦ ਕਰਦਾ ਹੈ ਅਤੇ ਮਾਪਿਆਂ ਦੇ ਬੱਚੇ ਦੇ ਬਿਹਤਰ ਰਿਸ਼ਤੇ ਨੂੰ ਬਣਾਉਣ ਵਿੱਚ ਵੀ ਮਦਦ ਕਰਦਾ ਹੈ।
ਸਮਾਰਟ-ਫੋਨ ਨੂੰ ਹਮੇਸ਼ਾ ਆਖਰੀ ਤਰਜੀਹ ਦਿਉ: ਹਮੇਸ਼ਾ ਆਪਣੇ ਬੱਚਿਆਂ ਨੂੰ ਦੱਸੋ ਕਿ ਜਿਨ੍ਹਾਂ ਹੋ ਸਕੇ ਬੱਚਿਆਂ ਨੂੰ ਆਪਣਾ ਕੰਮ ਆਪ ਕਰਨ ਦੀ ਆਦਤ ਪਾਉ। ਤੁਸੀਂ ਆਪ ਵੀ ਉਨ੍ਹਾਂ ਨੂੰ ਆਪਣੇ ਨਾਲ ਕੰਮ ਵਿੱਚ ਸ਼ਾਮਿਲ ਕਰੋ, ਇਸ ਨਾਲ ਉਹਨਾਂ ਦਾ ਸਮਾਂ ਹੋਰ ਪਾਸੇ ਵਤੀਤ ਹੋਵੇਗਾ ਤੇ ਮੋਬਾਇਲ ਵੱਲ ਧਿਆਨ ਘੱਟ ਜਾਵੇਗਾ।
-
ਪਰਵਿੰਦਰ ਕੌਰ, ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ/ਲੁਧਿਆਣਾ (ਸਮਰਾਲਾ)
*******
9814076259
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.