ਪੰਚਾਇਤੀ ਚੋਣਾਂ: ਵੋਟਰ ਸੂਚੀਆਂ ਅੱਪਡੇਟ ਕਰਨ ਲਈ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ - ਡੀਸੀ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 17 ਅਗਸਤ 2027: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਰਾਜ ਵਿੱਚ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਦੀਆਂ ਤਿਆਰੀਆਂ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਵਰਤੋਂ ਲਈ ਵੋਟਰ ਸੂਚੀਆਂ ਦੀ ਯੋਗਤਾ ਮਿਤੀ 1 ਜਨਵਰੀ 2023 ਦੇ ਆਧਾਰ ‘ਤੇ 7 ਜਨਵਰੀ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਨੂੰ ਮਿਤੀ 29 ਦਸੰਬਰ 2023 ਤੱਕ ਆਮ ਲੋਕਾਂ ਤੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਕੇ ਅਤੇ 05 ਜਨਵਰੀ 2024 ਨੂੰ ਉਨ੍ਹਾਂ ਦਾ ਨਿਪਟਾਰਾ ਕਰਕੇ ਅੰਤਿਮ ਪ੍ਰਕਾਸ਼ਨਾ ਕੀਤੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਵੋਟਰ ਸੂਚੀਆਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦਿਆਂ ਇਹ ਯਕੀਨੀ ਬਣਾਉਣ ਲਈ ਕਿ ਸਾਰੇ ਯੋਗ ਵੋਟਰ, ਜਿਨ੍ਹਾਂ ਨੇ ਅਜੇ ਤੱਕ ਵੋਟਰ ਸੂਚੀਆਂ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾਇਆ, ਉਹ ਵੋਟਰ ਸੂਚੀਆਂ ਵਿਚ ਆਪਣਾ ਨਾਮ ਦਰਜ ਕਰਵਾ ਸਕਣ, ਇਸ ਲਈ ਕਮਿਸ਼ਨ ਵੱਲੋਂ ਹਦਾਇਤਾਂ ਮੁਤਾਬਕ ਸਮੂਹ ਚੋਣ ਰਜਿਸਟ੍ਰੇਸ਼ਨ ਅਫਸਰਾਂ /ਐਸ.ਡੀ.ਐਮਜ਼ ਵੱਲੋਂ ਕੰਮਕਾਜੀ ਦਿਨਾਂ ਦੌਰਾਨ ਵੋਟਰਾਂ ਨੂੰ ਰਜਿਸਟਰ ਕਰਨ, ਵੋਟਾਂ ਕੱਟਣ ਅਤੇ ਵੋਟਰ ਸੂਚੀ ਵਿੱਚ ਸੋਧ ਲਈ ਆਮ ਲੋਕਾਂ ਤੋਂ ਕ੍ਰਮਵਾਰ ਫਾਰਮ I, II ਅਤੇ III ਵਿੱਚ ਅਰਜ਼ੀਆਂ ਨੂੰ ਸਵੀਕਾਰ ਕਰਨ ਲਈ ਮਿਤੀ 20 ਅਗਸਤ 2024 (ਮੰਗਲਵਾਰ), 21 ਅਗਸਤ 2024 (ਬੁੱਧਵਾਰ) ਅਤੇ 22 ਅਗਸਤ 2024 ਵੀਰਵਾਰ ਨੂੰ ਪੰਚਾਇਤੀ ਚੋਣਾਂ ਵਿੱਚ ਵਰਤੀ ਜਾਣ ਵਾਲੀ ਵੋਟਰ ਸੂਚੀ ਨੂੰ ਅੱਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਵਿੱਚ ਸਬੰਧਤ ਗ੍ਰਾਮ ਪੰਚਾਇਤਾਂ ਦੇ ਮਾਲ ਅਸਟੇਟ ਅਧੀਨ ਆਉਂਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਰਜਿਸਟਰ ਕਰਵਾਉਣ ਲਈ ਫਾਰਮ । ਕਿਸੇ ਵੀ ਇਤਰਾਜ਼/ਵੋਟ ਕਟਾਉਣ ਲਈ ਫਾਰਮ II ਅਤੇ ਵੋਟਰ ਸੂਚੀ ਵਿੱਚ ਕਿਸੇ ਵੀ ਸੋਧ ਲਈ ਫਾਰਮ III ਦੀ ਵਰਤੋਂ ਕਰ ਸਕਦੇ ਹਨ। ਇਹ ਫਾਰਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਐਸ.ਡੀ.ਐਮਜ਼) ਦੇ ਦਫ਼ਤਰ ਵਿਖੇ ਉਪਲਬਧ ਹਨ ਜਾਂ ਇਨ੍ਹਾਂ ਨੂੰ "ਪੰਚਾਇਤੀ ਚੋਣਾਂ ਸਟੈਚੂਅਰੀ ਫਾਰਮਜ਼" ਅਧੀਨ ਕਮਿਸ਼ਨ ਦੀ ਵੈੱਬਸਾਈਟ sec.punjab.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।