ਫੈਡਰੇਸ਼ਨ ਦੇ ਵਫਦ ਨੇ ਚੇਅਰਮੈਨ ਸਟੇਟ ਲੈਵਲ ਬੈਂਕਰਸ ਕਮੇਟੀ ਪੰਜਾਬ ਨਾਲ ਕੀਤੀ ਮੁਲਾਕਾਤ
- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੂਬੇ ਅੰਦਰ ਨੈਗੋਸ਼ੀਏਵਲ ਇੰਸਟਰੂਮੈਂਟ ਐਕਟ ਤਹਿਤ ਬੈਂਕਾਂ ਵਿੱਚ ਛੁੱਟੀ ਕਰਨ ਦੀ ਕੀਤੀ ਮੰਗ
ਲੁਧਿਆਣਾ 20 ਨਵੰਬਰ 2024 - ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਅਤੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਦੇ ਇੱਕ ਵਫਦ ਨੇ ਜਸਵੀਰ ਸਿੰਘ ਪਮਾਲੀ ਦੀ ਅਗਵਾਈ ਵਿੱਚ ਸ਼੍ਰੀ ਪ੍ਰਵੇਸ਼ ਕੁਮਾਰ ਚੇਅਰਮੈਨ ਸਟੇਟ ਲੈਵਲ ਬੈਂਕਰਸ ਕਮੇਟੀ ਪੰਜਾਬ ਅਤੇ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਰੂਪ ਵਿੱਚ ਪੱਤਰ ਦਿੰਦਿਆਂ ਮੰਗ ਕੀਤੀ ਕਿ ਜੋ ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਬੈਂਕਾਂ ਵਿੱਚ ਹੋਣ ਵਾਲੀ ਛੁੱਟੀ ਬੰਦ ਕੀਤੀ ਗਈ ਹੈ।
ਉਸ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਤਹਿਤ ਦੁਬਾਰਾ ਚਾਲੂ ਕੀਤਾ ਜਾਵੇ ਅਤੇ ਬਕਾਇਦਾ ਤੌਰ ਤੇ ਇਸ ਛੁੱਟੀ ਨੂੰ ਬੈਂਕਾਂ ਦੀ 2025 ਦੀ ਛੁੱਟੀਆਂ ਵਾਲੀ ਲਿਸਟ ਵਿੱਚ ਸ਼ਾਮਿਲ ਕੀਤਾ ਜਾਵੇ। ਇਸ ਮੌਕੇ ਸ਼੍ਰੀ ਪ੍ਰਵੇਸ਼ ਕੁਮਾਰ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਨੇ ਵਫਦ ਨੂੰ ਵਿਸ਼ਵਾਸ ਦਵਾਇਆ ਕਿ ਇਸ ਸਬੰਧੀ ਯੋਗ ਕਾਰਵਾਈ ਜਲਦੀ ਹੋਂਦ ਵਿੱਚ ਲਿਆਂਦੀ ਜਾਵੇ। ਇਸ ਸਮੇਂ ਸ਼੍ਰੀ ਤਰਸੇਮ ਲਾਲ ਚੁੰਬਰ ਫਗਵਾੜਾ ਅਤੇ ਭਾਈ ਸੁਖਦਰਸ਼ਨ ਸਿੰਘ ਜੀ ਖਾਲਸਾ ਵੀ ਹਾਜ਼ਰ ਸਨ।