ਮਲੇਰਕੋਟਲਾ: ਪਰਾਲੀ ਨੂੰ ਸੁਚੱਜੇ ਢੰਗ ਨਾਲ ਸੰਭਾਲ ਬਾਰੇ ਕਿਸਾਨਾਂ ਲਈ ਜਾਗਰੂਕਤਾ ਕੈਂਪ
- ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 11 ਸਤੰਬਰ 2024 - ਜ਼ਿਲਾ ਮਾਲੇਰਕੋਟਲਾ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਅਤੇ ਇਸ ਦੇ ਯੋਗ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਮਾਲੇਰਕੋਟਲਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਦੀ ਲੜੀ ਅਧੀਨ ਅੱਜ ਪਿੰਡ ਸੰਗਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਖੇਤੀਬਾੜੀ ਵਿਕਾਸ ਅਫਸਰ ਮਾਲੇਰਕੋਟਲਾ ਡਾ. ਕੁਲਦੀਪ ਕੌਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮਸ਼ੀਨਰੀ ਉਪਕਰਨਾਂ ਬਾਰੇ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਬੇਲਰ, ਮਲਚਰ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਹਨਾਂ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਜਿਵੇਂ ਕਿ ਧਰਤੀ ਦੇ ਉਪਜਾਊ ਤੱਤ ਨਸ਼ਟ ਹੋਣਾ, ਜਮੀਨ ਦੇ ਮਿੱਤਰ ਕੀੜਿਆਂ ਦਾ ਖਤਮ ਹੋਣਾ, ਵਾਤਾਵਰਣ ਦੂਸ਼ਿਤ ਹੋਣਾ ਅਤੇ ਸਾਹ ਲੈਣ ਦੀਆਂ ਬਿਮਾਰੀਆਂ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸੀ.ਆਰ.ਐਮ ਸਕੀਮ ਤਹਿਤ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਸਬੰਧੀ ਵੱਖ-ਵੱਖ ਮਸ਼ੀਨਰੀ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਇਸ ਕੈਂਪ ਵਿੱਚ ਝੋਨੇ ਦੀ ਮੌਜੂਦਾ ਸਥਿਤੀ ਮੁਤਾਬਿਕ ਬਿਮਾਰੀਆਂ ਅਤੇ ਕੀਟਾਂ ਦੁਆਰਾ ਫਸਲਾਂ ਤੇ ਹੋ ਰਹੇ ਨੁਕਸਾਨ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਉਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਬਾਰੇ ਵੀ ਦੱਸਿਆ ਗਿਆ ਅਤੇ 10 ਕੀਟਨਾਸ਼ਕ ਦਵਾਈਆਂ ਜੋ ਕਿ ਬਾਸਮਤੀ ਜੀਰੀ ਉੱਪਰ ਵਰਜਿਤ ਹਨ, ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਤੋਂ ਇਲਾਵਾ ਖੇਤੀਬਾੜੀ ਟੈਕਨੋਲੋਜੀ ਮੈਨੇਜਰ ਦਲਜੀਤ ਸਿੰਘ ਆਤਮਾ ਦੁਆਰਾ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਸਫਲ ਕਾਸ਼ਤ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਆਈ-ਖੇਤ ਪੰਜਾਬ ਐੱਪ ਬਾਰੇ ਜਾਣੂ ਕਰਵਾਇਆ ਗਿਆ। ਕਿਸਾਨ ਇਸ ਐਪਲੀਕੇਸ਼ਨ ਨੂੰ ਆਪਣੇ ਫੋਨ ਉੱਪਰ ਡਾਊਨਲੋਡ ਕਰਕੇ ਇਸਦੀ ਵਰਤੋਂ ਨਾਲ ਆਪਣੇ ਨੇੜਲੇ ਪਿੰਡਾਂ ਵਾਲੇ ਕਿਸਾਨਾਂ/ ਕਸਟਮ ਹਾਈਰਿੰਗ ਸੈਂਟਰਾਂ ਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਮਸ਼ੀਨਾ ਕਿਰਾਏ ਉੱਪਰ ਆਫਲਾਈਨ ਜਾਂ ਆਨਲਾਈਨ ਬੁਕਿੰਗ ਕਰਵਾ ਕੇ ਮਸ਼ੀਨਾਂ ਵਰਤ ਸਕਦੇ ਹਨ।
ਇਸ ਮੌਕੇ ਮਾਨਵ ਵਿਕਾਸ ਸੰਸਥਾ ਦੇ ਪਰਾਨਾਂ ਪ੍ਰੋਜੈਕਟ ਸਬੰਧਤ ਕਿਸਾਨ ਮਿੱਤਰ ਸੁਖਵੀਰ ਸਿੰਘ ਵੱਲੋਂ ਵੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹਰਸ਼ਪ੍ਰੀਤ ਸਿੰਘ ਬੇਲਦਾਰ, ਤਰਸੇਮ ਸਿੰਘ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।