ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੌਮੀ ਕਾਨਫਰੰਸ ਵਿੱਚ ਖੱਟਿਆ ਨਾਮਣਾ
ਲੁਧਿਆਣਾ 20 ਨਵੰਬਰ 2024 - ਸੈਂਟਰ ਫਾਰ ਵਨ ਹੈਲਥ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇੰਡੀਅਨ ਐਸੋਸੀਏਸ਼ਨ ਆਫ ਵੈਟਨਰੀ ਪਬਲਿਕ ਹੈਲਥ ਸਪੈਸ਼ਲਿਸਟਸ ਦੀ 20ਵੀਂ ਸਾਲਾਨਾ ਕਾਨਫਰੰਸ ਅਤੇ ਰਾਸ਼ਟਰੀ ਗੋਸ਼ਟੀ ਵਿੱਚ ਵੱਕਾਰੀ ਪ੍ਰਸੰਸਾ ਪ੍ਰਾਪਤ ਕੀਤੀ। ਕਾਨਫਰੰਸ ਦਾ ਵਿਸ਼ਾ ਸੀ "ਸਿਹਤ ਦਾ ਏਕੀਕਰਨ : ਮਨੁੱਖ-ਜਾਨਵਰ-ਵਾਤਾਵਰਣ ਦੇ ਅੰਤਰ-ਸੰਬੰਧ ਪਾੜੇ ਨੂੰ ਭਰਨਾ"। ਇਹ ਸਮਾਗਮ ਮਹਾਰਾਸ਼ਟਰ ਐਨੀਮਲ ਐਂਡ ਫਿਸ਼ਰੀ ਸਾਇੰਸਜ਼ ਯੂਨੀਵਰਸਿਟੀ, ਨਾਗਪੁਰ ਅਧੀਨ ਕ੍ਰਾਂਤੀਸਿਨ ਨਾਨਾ ਪਾਟਿਲ ਕਾਲਜ ਆਫ਼ ਵੈਟਨਰੀ ਸਾਇੰਸ, ਸਿ਼ਰਵਾਲ ਵੱਲੋਂ ਕਰਵਾਇਆ ਗਿਆ।
ਕਾਨਫਰੰਸ ਦੌਰਾਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਅਤੇ ਇਸ ਸੋਸਾਇਟੀ ਦੇ ਪ੍ਰਧਾਨ ਨੇ ਪਸ਼ੂ ਸਿਹਤ ਦੇ ਖੇਤਰ ਵਿੱਚ ਤਕਨੀਕੀ ਤਰੱਕੀ ਦਾ ਲਾਭ ਉਠਾ ਕੇ ਰਾਸ਼ਟਰੀ ਪੱਧਰ `ਤੇ ਇੱਕ ਸਿਹਤ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਮਹੱਤਤਾ `ਤੇ ਜ਼ੋਰ ਦਿੰਦੇ ਹੋਏ ਇੱਕ ਪ੍ਰਭਾਵਸ਼ਾਲੀ ਪ੍ਰਧਾਨਗੀ ਭਾਸ਼ਣ ਦਿੱਤਾ। ਡਾ. ਗਿੱਲ ਨੇ ਨੌਜਵਾਨ ਵਿਗਿਆਨੀਆਂ ਨੂੰ ਮਨੁੱਖ-ਪਸ਼ੂ-ਵਾਤਾਵਰਣ ਅੰਤਰ-ਸੰਬੰਧਾਂ ਤੇ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਲਾਗੂ ਕੀਤੇ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਵੀ ਪ੍ਰੇਰਿਤ ਕੀਤਾ। ਵੈਟਨਰੀ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਦੇ ਨਿਰਦੇਸ਼ਕ ਡਾ. ਜਸਬੀਰ ਸਿੰਘ ਬੇਦੀ ਨੂੰ ਭੋਜਨ ਸੁਰੱਖਿਆ ਦੇ ਖੇਤਰ ਵਿੱਚ ਕੰਮ ਕਰਨ ਲਈ ਵੱਕਾਰੀ ਡਾ. ਆਰ.ਕੇ. ਅਗਰਵਾਲ ਫੂਡ ਸੇਫਟੀ ਅਵਾਰਡ ਪ੍ਰਦਾਨ ਕੀਤਾ ਗਿਆ।
ਡਾ. ਬੇਦੀ ਨੇ ਵਨ ਹੈਲਥ ਢਾਂਚੇ ਵਿੱਚ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਬਾਰੇ ਇੱਕ ਦਿਸ਼ਾ ਦਸੇਰਾ ਭਾਸ਼ਣ ਵੀ ਪੇਸ਼ ਕੀਤਾ। ਡਾ. ਰਣਧੀਰ ਸਿੰਘ ਨੂੰ ਐਂਟੀਮਾਈਕਰੋਬਾਇਲ ਪ੍ਰਤੀਰੋਧ `ਤੇ ਖੋਜ ਲਈ ਸਰਵੋਤਮ ਵਿਗਿਆਨਕ ਪੇਸ਼ਕਾਰੀ ਪੁਰਸਕਾਰ ਮਿਲਿਆ। ਡਾ. ਪੰਕਜ ਢਾਕਾ ਨੂੰ ਫਾਰਮਾਂ `ਤੇ ਜੈਵਿਕ ਸੁਰੱਖਿਆ ਲਾਗੂ ਕੀਤੇ ਜਾਣ ਵਾਲੇ ਖੋਜ ਕਾਰਜ ਲਈ ਸਰਵੋਤਮ ਵਿਗਿਆਨਕ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਚੰਗੀ ਕਾਰਗੁਜ਼ਾਰੀ ਦਰਜ ਕੀਤੀ। ਡਾ. ਪ੍ਰੀਤੀ ਨੂੰ ਸਰਵੋਤਮ ਐਮਵੀਐਸਸੀ ਥੀਸਿਸ ਅਵਾਰਡ ਮਿਲਿਆ, ਜਦੋਂ ਕਿ ਡਾ. ਗੌਰਵ ਨੇ ਆਪਣੇ ਪੀਐਚ.ਡੀ ਖੋਜ ਕਾਰਜ ਲਈ ਮੌਖਿਕ ਪੇਸ਼ਕਾਰੀ ਅਵਾਰਡ ਪ੍ਰਾਪਤ ਕੀਤਾ।
ਡਾ. ਗਿੱਲ ਨੇ ਸੈਂਟਰ ਫਾਰ ਵਨ ਹੈਲਥ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਖੇਤਰੀ ਅਤੇ ਰਾਸ਼ਟਰੀ ਪੱਧਰ `ਤੇ ਵਨ ਹੈਲਥ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਹਿਲਕਦਮੀਆਂ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।