ਸਰਕਾਰੀ ਸਕੂਲਾਂ ਵਿੱਚ ਇਸ ਵਾਰ ਪਿਛਲੇ ਸਾਲ ਨਾਲੋਂ 1300 ਵਿਦਿਆਰਥੀ ਘੱਟ ਦਾਖਲ ਹੋਏ
- ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲ ਮੁਖੀਆਂ ਦੀ ਬੁਲਾਈ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ 2 ਜੁਲਾਈ 2024 - ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਿੱਚ ਹਰ ਸਾਲ ਵਾਧਾ ਕੀਤਾ ਜਾਵੇ ਅਤੇ ਇਸ ਸਬੰਧੀ ਹਰ ਸਾਲ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤਾ ਜਾਂਦਾ ਹੈ ਪਰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੇ ਮਾਮਲੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਇਸ ਵਾਰ ਪਿਛੜ ਰਿਸਿ ਹੈ। ਹਾਲਾਂਕਿ ਜਿਲਾ ਸਿੱਖਿਆ ਅਧਿਕਾਰੀ ਨੂੰ ਉਮੀਦ ਹੈ ਕਿ ਦਾਖਲਿਆਂ ਦੀ ਆਖਰੀ ਮਿਤੀ ਤੱਕ ਇਹ ਆੰਕੜੇ ਬਦਲ ਜਾਣਗੇ ਅਤੇ ਪਿਛਲੇ ਸਾਲ ਨਾਲੋਂ ਇਸ ਵਾਰ ਵੱਧ ਦਾਖਲੇ ਹੋਣਗੇ।
ਇਸ ਸਾਲ ਜ਼ਿਲ੍ਹਾ ਗੁਰਦਾਸਪੁਰ ਦੇ 351 ਸਕੂਲਾਂ ਵਿੱਚ ਹਜੇ ਤੱਕ ਪਿਛਲੇ ਸਾਲ ਨਾਲੋਂ 13 ਸੌ ਦੇ ਕਰੀਬ ਵਿਦਿਆਰਥੀਆਂ ਦਾ ਦਾਖਲਾ ਘੱਟ ਹੋਇਆ ਹੈ, ਜਿਸ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਾਰੇ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਦਾਖਲੇ ਘੱਟ ਹੋਣ ਦੀ ਜਾਣਕਾਰੀ ਅਤੇ ਜਵਾਬ ਮੰਗਿਆ ਹੈ। ਜੇਕਰ ਕੋਈ ਸਕੂਲ ਮੁਖੀ 5 ਜੁਲਾਈ ਤੱਕ ਨੋਟਿਸ ਦਾ ਜਵਾਬ ਨਹੀਂ ਦਿੰਦਾ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।ਜਿਲਾ ਸਿੱਖਿਆ ਅਧਿਕਾਰੀ ਨੇ ਇਸ ਸਬੰਧੀ ਕਲ ਸਵੇਰੇ ਸਮੂਹ ਸਕੂਲ ਮੁਖੀਆਂ ਦੀ ਮੀਟਿੰਗ ਵੀ ਬੁਲਾਈ ਗਈ ਹੈ।
ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਫਿਲਹਾਲ ਸਾਲ 2023 ਦੇ ਮੁਕਾਬਲੇ ਸਾਲ 2024 ਵਿੱਚ ਕਰੀਬ 13 ਸੌ ਬੱਚਿਆਂ ਦੇ ਦਾਖ਼ਲੇ ਘੱਟ ਹਨ, ਪਰ ਇਹ ਗਿਣਤੀ ਦਾਖਲਿਆਂ ਦੀ ਆਖਰੀ ਮਿਤੀ ਤੱਕ ਵੱਧ ਜਾਵੇਗੀ । ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਜ਼ਿਲ੍ਹੇ ਵਿੱਚ 79 ਹਜ਼ਾਰ ਦੇ ਕਰੀਬ ਬੱਚੇ ਦਾਖ਼ਲ ਹੋਏ ਸਨ ਪਰ ਸਾਲ 2024 ਵਿੱਚ ਹੁਣ ਤੱਕ 77 ਹਜ਼ਾਰ 700 ਵਿਦਿਆਰਥੀ ਦਾਖ਼ਲ ਹੋਏ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਸਕੂਲ ਮੁਖੀਆ ਦੀਆਂ ਕਮੀਆਂ ਵੀ ਹੋ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮੀਆਂ ਬਾਰੇ ਜਾਣੂ ਕਰਵਾਉਣ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਸਮੂਹ ਸਕੂਲ ਮੁਖੀਆਂ ਦੀ ਮੀਟਿੰਗ 3 ਜੁਲਾਈ ਨੂੰ ਸਵੇਰੇ 11 ਵਜੇ ਗੋਲਡਨ ਕਾਲਜ ਆਫ਼ ਇੰਜਨੀਅਰਿੰਗ, ਹਰਦੋਚੰਨੀ ਰੋਡ, ਗੁਰਦਾਸਪੁਰ ਵਿਖੇ ਬੁਲਾਈ ਗਈ ਹੈ ਅਤੇ ਮੀਟਿੰਗ ਵਿੱਚ ਜਿਲੇ ਦੇ ਸਮੂਹ ਸਕੂਲ ਮੁਖੀਆਂ ਦੀ ਹਾਜ਼ਰੀ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮੀਟਿੰਗ ਵਿੱਚ ਸਕੂਲ ਮੁਖੀਆਂ ਨਾਲ ਗੱਲਬਾਤ ਕਰਕੇ ਦਾਖਲਾ ਘੱਟ ਹੋਣ ਦੇ ਕਾਰਨਾਂ ਦਾ ਪਤਾ ਲਗਾ ਕੇ ਕੋਈ ਹੱਲ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਗੁਰਦਾਸਪੁਰ ਕੋਲ ਅਜੇ ਅਗਸਤ ਮਹੀਨੇ ਤੱਕ ਦਾ ਸਮਾਂ ਹੈ ਅਤੇ ਉਹ ਉਦੋਂ ਤੱਕ ਇਸ ਕਮੀ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।