ਹੁਸ਼ਿਆਰਪੁਰ: DC ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਬਾਲ ਭਲਾਈ ਕਮੇਟੀ ਦੇ ਕੰਮਕਾਜ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 11 ਸਤੰਬਰ 2024 - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਅਤੇ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਦੇ ਕੰਮਕਾਜ ਸਬੰਧੀ ਤਿਮਾਹੀ ਮੀਟਿੰਗ ਦੀ ਸਮੀਖਿਆ ਕੀਤੀ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵੀ ਮੌਜੂਦ ਸਨ। ਮੀਟਿੰਗ ਵਿਚ ਬੱਚਿਆਂ ਦੀ ਸੰਭਾਲ ਦੇ ਲਈ ਬਣੇ ਸਰਕਾਰੀ ਹੋਮਾਂ, ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕੰਮਾਂ ਦੇ ਬਾਰੇ ਵਿਚ ਚਰਚਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਸੁਰੱਖਿਆ ਅਤੇ ਸੰਭਾਲ ਦੇ ਲਈ ਜ਼ਰੂਰੀ ਬੱਚਿਆਂ ਜਿਵੇਂ ਕਿ ਅਨਾਥ, ਬੇਸਹਾਰਾ, ਗੁਮਸ਼ੁੱਦਾ ਹਾਲਤ ਵਿਚ ਮਿਲੇ ਬੱਚੇ, ਬਾਲ ਵਿਆਹ, ਯੌਨ ਸ਼ੋਸ਼ਣ ਤੋਂ ਪੀੜਤ ਬੱਚਿਆਂ ਦੇ ਕੇਸਾਂ ਦੇ ਨਿਪਟਾਰੇ ਸਬੰਧੀ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬਾਲ ਭਿਖਿਆ ਨੂੰ ਰੋਕਣ ਲਈ ਜੀਵਨਜੋਤ ਪ੍ਰੋਜੈਕਟ ਚਲਾਉਣ ਦੀ ਹਦਾਇਤ ਕੀਤੀ ਅਤੇ ਬਾਲ ਭਿਖਿਆ ਤੋਂ ਛੁਡਾਏ ਗਏ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਵਾਉਦ ਲਈ ਕਿਹਾ। ਇਸ ਤਿਮਾਹੀ ਮੀਟਿੰਗ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਵੱਲੋਂ 35 ਨਿਸੰਤਾਨ ਜੋੜਿਆਂ ਨੂੰ ਕਾਨੂੰਨੀ ਢੰਗ ਨਾਲ ਅਡਾਪਸ਼ਨ ਪ੍ਰਕ੍ਰਿਆ ਦੇ ਬਾਰੇ ਵਿਚ ਸਮਝਾਇਆ ਗਿਆ ਅਤੇ ਯੂਨਿਟ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਪੈਸ਼ਨ ਜੁਵੇਨਾਈਲ ਪੁਲਿਸ ਯੂਨਿਟ ਅਤੇ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜਰਾਂ ਦੀ ਪਾਕਸੋ ਐਕਟ, ਜੁਵੇਨਾਈਲ ਜਸਟਿਸ ਐਕਟ, ਚਾਈਲਡ ਮੈਰਿਜ ਪ੍ਰੋਹਿਬਸ਼ਨ ਐਕਟ ਅਤੇ ਲਾਈਲਡ ਲੇਬਰ ਪ੍ਰੋਹਿਬਸ਼ਨ ਐਂਡ ਰਿਹੈਬਲੀਟੇਸ਼ਨ ਐਕਟ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਜੇਕਰ ਕਿਸੇ ਅਨਾਥ, ਬੇਸਹਾਰਾ, ਸੁਰੱਖਿਆ ਅਤੇ ਸੰਭਾਲ ਦੀ ਲੋੜ ਹੈ ਤਾਂ ਉਹ ਸਿੱਧੇ ਤੌਰ ‘ਤੇ ਬਾਲ ਭਲਾਈ ਕਮੇਟੀ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਵਿਚ ਸੰਪਰਕ ਕਰ ਸਕਦੇ ਹਨ ਜਾਂ ਚਾਈਲਡ ਹੈਲਪਲਾਈਨ 1098 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਪਿੰਡ ਪੱਧਰ ਬਾਲ ਸੁਰੱਖਿਆ ਕਮੇਟੀਆ ਅਤੇ ਬਲਾਕ ਪੱਧਰੀ ਬਾਲ ਸੁਰੱਖਿਆ ਕਮੇਟੀਆ ਦੀ ਕਾਰਗੁਜਾਰੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਸਮੂਹ ਸੁਪਰੀਡੈਂਟ ਹੋਮਜ਼ ਵੱਲੋਂ ਹੋਮਜ਼ ਵਿਚ ਰਹੇ ਰਹੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆ ਸੁਵਿਧਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਖੇਡ ਅਫ਼ਸਰ, ਮੈਡੀਕਲ ਅਫ਼ਸਰ ਹੁਸ਼ਿਆਰਪਰ, ਸਮੂਹ ਸੁਪਰੀਡੈਂਟ ਹੋਮਜ਼, ਬਾਲ ਭਲਾਈ ਕਮੇਟੀ, ਜੁਵੇਨਾਈਲ ਜਸਟਿਸ ਬੋਰਡ ਹੁਸ਼ਿਆਰਪੁਰ ਦੇ ਮੈਂਬਰ, ਸਮੂਹ ਸਟਾਫ ਬਾਲ ਸੁਰੱਖਿਆ ਯੂਨਿਟ ਅਤੇ ਵਨ ਸਟਾਪ ਸੈਂਟਰ ਹੁਸ਼ਿਆਰਪੁਰ ਤੋਂ ਸਟਾਫ ਮੌਜੂਦ ਸੀ।