ਜਕੋਤਕੀ ’ਚ ਫਸੀ ਬਠਿੰਡਾ ਪੁਲਿਸ ਨੇ ਬੋਹਣੀ ਲਈ ਦਰਜ ਕੀਤੇ ਨਵੇਂ ਕਾਨੂੰਨਾਂ ਤਹਿਤ ਦੋ ਮੁਕੱਦਮੇ
ਅਸ਼ੋਕ ਵਰਮਾ
ਬਠਿੰਡਾ,2ਜੁਲਾਈ 2024:ਪਹਿਲੀ ਜੁਲਾਈ ਨੂੰ ਪੂਰਾ ਦਿਨ ਜਕੋਤਕੀ ’ਚ ਫਸੀ ਰਹੀ ਬਠਿੰਡਾ ਪੁਲਿਸ ਨੇ ਦੋ ਨਵੇਂ ਅਪਰਾਧਿਕ ਕਾਨੂੰਨਾਂ ਤਹਿਤ ਦੋ ਮੁਕੱਦਮੇ ਦਰਜ ਕਰਕੇ ਇਹ ਕਾਨੂੰਨ ਅਮਲ ’ਚ ਲਿਆਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਬਠਿੰਡਾ ਪੁਲਿਸ ਰੋਜਾਨਾ ਦਰਜ ਹੁੰਦੇ ਮੁਕੱਦਮਿਆਂ ਦੀ ਅਗਲੇ ਦਿਨ ਕ੍ਰਾਈਮ ਰਿਪੋਰਟ ਜਾਰੀ ਕਰਦੀ ਹੈ। ਥਾਣਾ ਕੈਨਾਲ ਕਲੋਨੀ ’ਚ ਇੱਕ ਵਿਅਕਤੀ ਦੀ ਕੁੱਟਮਾਰ ਸਬੰਧੀ ਦਰਜ ਪਹਿਲੀ ਐਫਆਈਆਰ ਵਿੱਚ ਧਾਰਾ 109,118(1),115 (2) ,191 (3) ,130 ,351 ਬੀਐਨਐਸ ਤਹਿਤ 6 ਵਿਅਕਤੀਆਂ ਨੂੰ ਨਾਵਾਂ ਸਮੇਤ ਅਤੇ 4 ਅਣਪਛਾਤਿਆਂ ਨੂੰ ਨਾਮਜਦ ਕੀਤਾ ਗਿਆ ਹੈ। ਦੂਸਰਾ ਮਾਮਲਾ ਥਾਣਾ ਮੌੜ ਦਾ ਹੈ ਜਿੱਥੇ ਮੁਖਬਰੀ ਦੇ ਅਧਾਰ ’ਤੇ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਧਾਰਾ 303 (2) 317(2) ਬੀਐਨਐਸ ਤਹਿਤ ਵਹੀਕਲ ਚੋਰੀ ਦਾ ਮੁਕੱਦਮਾ ਦਰਜ ਹੋਇਆ ਹੈ ।
ਪੁਲਿਸ ਦਾ ਦਾਅਵਾ ਹੈ ਕਿ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੀੜਤਾਂ ਨੂੰ ਜਲਦੀ ਨਿਆਂ ਮਿਲ ਸਕੇਗਾ ਪਰ ਇਸ ਨਵੀਂ ਪ੍ਰਕਿਰਿਆ ਨੇ ਪਿਛਲੇ ਲੰਬੇ ਸਮੇਂ ਤੋਂ ਪੁਰਾਣੇ ਕਾਨੂੰਨਾਂ ਮੁਤਾਬਕ ਕੰਮ ਕਰਦੇ ਆ ਰਹੇ ਮੁਲਾਜਮਾਂ ਲਈ ਨਵੀਂ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਪ੍ਰਸ਼ਾਸ਼ਨ ਤਰਫੋਂ ਥਾਣਾ ਇੰਚਾਰਜਾਂ ਨੂੰ ਇੰਨ੍ਹਾਂ ਕਾਨੂੰਨਾਂ ਸਬੰਧੀ ਪੰਜਾਬੀ ਭਾਸ਼ਾ ’ਚ ਪ੍ਰਕਾਸ਼ਿਤ ਪੁਸਤਕ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਆਮ ਲੋਕਾਂ ਨੂੰ ਜਾਣਕਾਰੀ ਮਹੱਈਆ ਕਰਵਾਉਣ ਲਈ ਹਰ ਥਾਣੇ ਵਿੱਚ ਵੱਡੇ ਵੱਡੇ ਪੋਸਟਰ ਲਾਏ ਗਏ ਹਨ। ਇਸ ਦੇ ਬਾਵਜੂਦ ਸਾਲਾਂ ਤੋਂ ਚੱਲਦੇ ਆ ਰਹੇ ਪੁਰਾਣੇ ਕਾਨੂੰਨਾਂ ਅਤੇ ਪੁਰਾਣੀਆਂ ਧਾਰਾਵਾਂ ਦੀ ਥਾਂ ਨਵੇਂ ਕਾਨੂੰਨ ਅਤੇ ਨਵੀਆਂ ਧਾਰਾਵਾਂ ਦੀ ਪੂਰੀ ਜਾਣਕਾਰੀ ਨਾਂ ਹੋਣ ਕਾਰਨ ਮੁਲਾਜਮਾਂ ਨੂੰ ਪਹਿਲੇ ਦਿਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਮੁਲਾਜਮ ਆਖਦੇ ਹਨ ਕਿ ਉਨ੍ਹਾਂ ਨੂੰ ਤਾਂ ਇਹੋ ਡਰ ਸਤਾ ਰਿਹਾ ਹੈ ਕਿ ਜੇਕਰ ਕੋਈ ਤਕਨੀਕੀ ਖਾਮੀ ਰਹਿ ਗਈ ਤਾਂ ਉਨ੍ਹਾਂ ਨੂੰ ਝਿੜਕਾਂ ਪੈਣਗੀਆਂ ਅਤੇ ਕਿਸੇ ਨੇ ਨਹੀਂ ਦੇਖਣਾ ਕਿ ਕਾਨੂੰਨੀ ਪ੍ਰਕਿਰਿਆ ਨਵੀਂ ਹੈ। ਕਿਉਂਕਿ ਨਵੇਂ ਕਾਨੂੰਨ ਤਹਿਤ ਐਫਆਈਆਰ ਹੱਥ ਨਾਲ ਲਿਖਕੇ ਨਹੀਂ ਬਲਕਿ ਕੰਪਿਊਟਰ ਤੇ ਆਨਲਾਈਨ ਦਰਜ ਕੀਤੀ ਜਾਣੀ ਸੀ ਜਿਸ ਕਰਕੇ ਪੁਲਿਸ ਮੁਲਾਜਮਾਂ ਨੇ ਕਾਫੀ ਸੋਚ ਸਮਝਕੇ ਅਤੇ ਮਾਹਿਰਾਂ ਦੀ ਸਲਾਹ ਨਾਲ ਕੰਮ ਕਰਨ ’ਚ ਭਲਾਈ ਸਮਝੀ। ਜਾਣਕਾਰੀ ਅਨੁਸਾਰ ਬਠਿੰਡਾ ਜਿਲ੍ਹੇ ਦੇ 14 ਸੌ ਤੋਂ ਵੱਧ ਮੁਲਾਜਮਾਂ ਨੂੰ ਨਵੀਆਂ ਧਾਰਾਵਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਵਾਰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਹੌਲਦਾਰ ਤੋਂ ਲੈ ਕੇ ਐਸਪੀ ਪੱਧਰ ਦੇ ਪੁਲਿਸ ਅਧਿਕਾਰੀ, ਥਾਣਿਆਂ ਦੇ ਤਫ਼ਤੀਸ਼ੀ ਅਫ਼ਸਰ ਅਤੇ ਕ੍ਰਾਈਮ ਐਂਡ ਕ੍ਰਾਈਮ ਟਰੈਕਿੰਗ ਨੈੱਟਵਰਕ ਸਿਸਟਮ ਅਧੀਨ ਕੰਮ ਕਰਦੇ ਕਰਮਚਾਰੀ ਸ਼ਾਮਲ ਹਨ।
ਵੇਰਵਿਆਂ ਬਠਿੰਡਾ ਜ਼ਿਲ੍ਹੇ ਵਿੱਚ ਤਿੰਨ ਥਾਵਾਂ ’ਤੇ ਸਿਖਲਾਈ ਚੱਲ ਰਹੀ ਹੈ । ਇਸ ਤੋਂ ਇਲਾਵਾ ਐਫਆਈਆਰ ਆਨਲਾਈਨ ਦਰਜ ਕਰਨ ਲਈ 5-5 ਟੈਬ ਪਹਿਲਾਂ ਹੀ ਸਾਰੇ ਥਾਣਿਆਂ ਵਿੱਚ ਉਪਲਬਧ ਕਰਵਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਪ੍ਰਕਿਰਿਆ ਰਾਹੀਂ ਪੁਲਿਸ ਅਧਿਕਾਰੀ ਮੌਕੇ ’ਤੇ ਜਾਕੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਤੇ ਸਬੂਤ ਵਜੋਂ ਆਨਲਾਈਨ ਅਪਡੇਟ ਕਰਨ ਦੇ ਯੋਗ ਬਣ ਜਾਣਗੇ। ਬਠਿੰਡਾ ਜਿਲ੍ਹੇ ਦੇ ਸਮੂਹ ਥਾਣਿਆਂ ਅਤੇ ਪੁਲਿਸ ਚੌਂਕੀਆਂ ਵਿੱਚ ਨਵੇਂ ਕਾਨੂੰਨਾਂ ਦੀ ਜਾਣਕਾਰੀ ਦੇਣ ਲਈ ਸੋਮਵਾਰ ਨੂੰ ਲਗਾਤਾਰ ਪ੍ਰੋਗਰਾਮ ਕਰਵਾਏ ਗਏ। ਪੁਲਿਸ ਅਫਸਰਾਂ ਦਾ ਮੰਨਣਾ ਹੈ ਕਿ ਸ਼ੁਰੂਆਤੀ ਦਿਨਾਂ ਦੌਰਾਨ ਕੁੱਝ ਮੁਸ਼ਕਲਾਂ ਆਉਣਗੀਆਂ ਪਰ ਜਲਦੀ ਹੀ ਅਧਿਕਾਰੀ ਅਤੇ ਮੁਲਾਜਮ ਨਵੇਂ ਸਾਫਟਵੇਅਰ ਤੇ ਆਨਲਾਈਨ ਕੰਮ ਕਰਨ ’ਚ ਪੂਰੀ ਤਰਾਂ ਮੁਹਾਰਤ ਹਾਸਲ ਕਰ ਲੈਣਗੇ।
ਇੱਕ ਪੁਲਿਸ ਮੁਲਾਜਮ ਨੇ ਦੱਸਿਆ ਕਿ ਨਵੇਂ ਕਾਨੂੰਨਾਂ ਨਾਲ ਕਾਫੀ ਧਾਰਾਵਾਂ ਖਤਮ ਹੋ ਜਾਣਗੀਆਂ ਜਿਸ ਨਾਲ ਕੰਮ ਦਾ ਬੋਝ ਘਟ ਜਾਏਗਾ ਅਤੇ ਪਾਰਦਰਸ਼ਤਾ ਆਏਗੀ। ਆਨਲਾਈਨ ਕੰਮ ਹੋਣ ਕਾਰਨ ਉਨ੍ਹਾਂ ਦਾ ਫਾਈਲਾਂ ਸੰਭਾਲਣ ਤੋਂ ਵੀ ਖਹਿੜਾ ਛੁੱਟ ਜਾਏਗਾ। ਹਾਂ ਨਵੇਂ ਢੰਗ ਨਾਲ ਕੰਮ ਕਰਨ ਸਮਾਂ ਜਰੂਰ ਲੱਗੇਗਾ । ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਖੇਤਰੀ ਫੋਰੈਂਸਿਕ ਲੈਬ ਹੈ, ਜਿੱਥੇ ਨਮੂਨਿਆਂ ਦੀ ਫੋਰੈਂਸਿਕ ਜਾਂਚ ਕੀਤੀ ਜਾਂਦੀ ਹੈ। ਲੈਬ ’ਚ ਫੋਰੈਂਸਿਕ ਟੀਮ ਵੀ ਹੈ ਜੋ ਵਾਰਦਾਤ ਵਾਲੀ ਥਾਂ ’ਤੇ ਪੁੱਜਕੇ ਜਾਂਚ ਕਰਦੀ ਹੈ। ਉਨ੍ਹਾਂ ਦੱਸਿਆ ਕਿ ਟੀਮ ਨੂੰ ਸਾਫਟਵੇਅਰ ਵਿੱਚ ਐਂਟਰੀ ਕਿਵੇਂ ਕਰਨੀ ਹੈ, ਸਬੂਤ ਕਿਵੇਂ ਇਕੱਠੇ ਕਰਨੇ ਹਨ ਆਦਿ ਬਾਰੇ ਵੀ ਸਿਖਲਾਈ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੀਸੀਟੀਐਨਐਸ ਵਿੱਚ ਨਵੇਂ ਕਾਨੂੰਨਾਂ ਨਾਲ ਸਬੰਧਤ ਬਦਲਾਅ ਵੀ ਕਰ ਦਿੱਤੇ ਗਏ ਹਨ।
ਜਮਹੂਰੀ ਹੱਕ ਕੁਚਲਣ ਵਾਲੇ ਕਾਨੂੰਨ
ਜਮਹੂਰੀ ਅਧਿਕਾਰ ਸਭਾ ਦੇ ਆਗੂ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਨਵੇਂ ਕਾਨੂੰਨ ਨਾਗਰਿਕਾਂ ਦੇ ਮੌਲਿਕ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਵੀ ਕੁਚਲਣ ਵਾਲੇ ਅਤੇ ਨਿਆਂ ਦੇ ਨਾਮ ਹੇਠ ਲੋਕਾਂ ਸਿਰ ਤਾਨਾਸ਼ਾਹ ਪੁਲਸੀਆ ਰਾਜ ਮੜ੍ਹਨ ਵਾਲਾ ਕਦਮ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਣਗੇ ਤੇ ਨਾਗਰਿਕਾਂ ਨੂੰ ਸੱਤਾ ਦੇ ਜੁਲਮ ਦਾ ਸ਼ਿਕਾਰ ਹੋਣਾ ਪਵੇਗਾ।
ਦੰਡ ਨਹੀਂ ਨਿਆਂ ਵਾਲੇ ਕਾਨੂੰਨ :ਐਸਐਸਪੀ
ਐਸਐਸਪੀ ਦੀਪਕ ਪਾਰੀਕ ਦਾ ਕਹਿਣਾ ਸੀ ਕਿ ਇਹ ਕਾਨੂੰਨ ਦੰਡਕਾਰੀ ਨਹੀਂ ਸਗੋਂ ਇਨਸਾਫ਼ ਦੇਣ ਵਾਲੇ ਹਨ। ਉਨ੍ਹਾਂ ਕਿਹਾ ਕਿ ਨਿਆਂ ਪ੍ਰਣਾਲੀ ਵਿਚਲੀਆਂ ਖਾਮੀਆਂ ਦੂਰ ਹੋਣ ਨਾਲ ਪੀੜਤ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣਾ ਅਤੇ ਇਨਸਾਫ ਹਾਸਲ ਕਰਨਾ ਆਸਾਨ ਹੋ ਜਾਵੇਗਾ।