ਜ਼ਮੀਨ ਦੇ ਝਗੜੇ ਨੂੰ ਲੈ ਕੇ ਭਤੀਜਿਆਂ ਵਲੋਂ ਚਾਚੇ ਦਾ ਕਹੀ ਮਾਰ ਕੇ ਕਤਲ
ਪੁਨੀਤ ਅਰੋੜਾ
ਸ਼ਾਹਕੋਟ, 2 ਜੁਲਾਈ 2024 - ਸ਼ਾਹਕੋਟ ਦੇ ਨਜ਼ਦੀਕੀ ਪਿੰਡ ਪਰਜੀਆਂ ਖੁਰਦ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜਿਆਂ ਵਲੋਂ ਆਪਣੇ ਹੀ ਚਾਚੇ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਲਖਵੀਰ ਸਿੰਘ ਉਰਫ ਲੱਖਾ (65) ਪੁੱਤਰ ਨਾਜਰ ਰਾਮ ਵਾਸੀ ਪਰਜੀਆਂ ਖੁਰਦ (ਸ਼ਾਹਕੋਟ) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਖਵੀਰ ਸਿੰਘ ਦਾ ਆਪਣੇ ਵੱਡੇ ਭਰਾ ਦੇ ਪੁੱਤਰਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਸੀ। ਭਤੀਜੇ ਲਖਵੀਰ ਸਿੰਘ ਨੂੰ ਖੇਤਾਂ ’ਚ ਪਾਣੀ ਲਗਾਉਣ ਅਤੇ ਖੇਤਾਂ ਵਿੱਚ ਵੜਨ ਤੋਂ ਰੋਕਦੇ ਸਨ ਅਤੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਸਵੇਰੇ ਕਰੀਬ 10 ਵਜੇ ਖੇਤਾਂ ’ਚ ਗਿਆ ਤਾਂ ਇਸੇ ਦੌਰਾਨ ਅਚਾਨਕ ਹੀ ਉਥੇ ਮੱਕੀ ਦੇ ਖੇਤ ’ਚੋਂ ਨਿਕਲੇ ਭਤੀਜਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਕਹੀ ਨਾਲ ਕਈ ਵਾਰ ਕਰਕੇ ਉਸਨੂੰ ਜ਼ਖਮੀ ਕਰਕੇ ਸੁੱਟ ਕੇ ਭੱਜ ਗਏ। ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ ਤੇ ਉਨ੍ਹਾਂ ਲਖਵੀਰ ਸਿੰਘ ਗੰਭੀਰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਸ਼ਾਹਕੋਟ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਰੈਫਰ ਕੀਤਾ ਗਿਆ, ਪਰ ਹਸਪਤਾਲ ’ਚ ਜ਼ਖਮਾਂ ਦੀ ਤਾਬ ਨਾ ਸਹਾਰਦਾ ਲਖਵੀਰ ਸਿੰਘ ਇਲਾਜ ਦੌਰਾਨ ਦਮ ਤੋੜ ਗਿਆ।
ਇਸ ਘਟਨਾ ਸਬੰਧੀ ਪਤਾ ਲੱਗਣ ’ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਅਮਨ ਸੈਣੀ ਅਤੇ ਤਲਵੰਡੀ ਸੰਘੇੜਾ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ. ਬੂਟਾ ਰਾਮ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਐਸ.ਐਚ.ਓ. ਅਮਨ ਸੈਣੀ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਦੇ ਭਤੀਜਿਆਂ ਤੀਰਥ ਰਾਮ ਅਤੇ ਸਰਬਜੀਤ (ਦੋਵੇਂ) ਪੁੱਤਰ ਮਲਕੀਤ ਸਿੰਘ ਵਾਸੀ ਪਰਜੀਆਂ ਖੁਰਦ, ਉਨ੍ਹਾਂ ਦੀ ਮਾਤਾ ਇੰਦਰਜੀਤ ਕੌਰ ਤੇ ਸੁਖਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।