Hathras ਅੱਪਡੇਟ: ਸਤਿਸੰਗ ਦੌਰਾਨ ਮਚੀ ਭਗਦੜ 'ਚ ਹੁਣ ਤੱਕ 75 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
ਹਾਥਰਸ , 2 ਜੁਲਾਈ 2024- ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਭੋਲੇ ਬਾਬਾ ਦੇ ਸਤਿਸੰਗ ਦੇ ਸਮਾਪਤੀ ਸਮਾਰੋਹ 'ਚ ਭਗਦੜ ਮਚ ਗਈ। ਡੀਐਮ ਆਸ਼ੀਸ਼ ਕੁਮਾਰ ਮੁਤਾਬਕ ਇਸ ਘਟਨਾ ਵਿੱਚ ਹੁਣ ਤੱਕ 75 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਦਰਜਨਾਂ ਲੋਕ ਜ਼ਖਮੀ ਹੋਏ ਹਨ ਅਤੇ ਹਸਪਤਾਲ 'ਚ ਇਲਾਜ ਅਧੀਨ ਹਨ। ਭਗਦੜ ਵਿੱਚ ਮਰਨ ਵਾਲੀਆਂ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਮਰਨ ਵਾਲਿਆਂ ਵਿੱਚ 25 ਔਰਤਾਂ ਵੀ ਸ਼ਾਮਲ ਹਨ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਤਰੀ ਲਕਸ਼ਮੀ ਨਰਾਇਣ, ਮੰਤਰੀ ਸੰਦੀਪ ਸਿੰਘ, ਮੁੱਖ ਸਕੱਤਰ ਅਤੇ ਡੀਜੀਪੀ ਨੂੰ ਮੌਕੇ 'ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਹਨ ਅਤੇ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਏਡੀਜੀ ਆਗਰਾ ਅਤੇ ਅਲੀਗੜ੍ਹ ਦੇ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਜਾਂਚ ਟੀਮ ਬਣਾਈ ਗਈ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮ੍ਰਿਤਕਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ। ਇਸ ਦੇ ਨਾਲ ਹੀ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਜਾਵੇਗੀ।