ਹਰਿਆਣਾ 'ਚ ਕਾਂਗਰਸ ਅਤੇ 'ਆਪ' ਵਿਚਾਲੇ ਗਠਜੋੜ ਦਾ ਅੱਜ ਹੋ ਸਕਦੈ ਰਸਮੀ ਐਲਾਨ
ਰਮੇਸ਼ ਗੋਇਤ
ਚੰਡੀਗੜ੍ਹ, 09 ਸਤੰਬਰ 2024 - ਹਰਿਆਣਾ ਵਿੱਚ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦਾ ਐਲਾਨ ਹੋ ਸਕਦਾ ਹੈ। ਇਸ ਗਠਜੋੜ ਦਾ ਰਸਮੀ ਐਲਾਨ ਸਾਂਝੀ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਜਾਵੇਗਾ।
ਇਸ ਸਬੰਧੀ ਸ਼ਨੀਵਾਰ ਰਾਤ ਨੂੰ ਕਾਂਗਰਸ ਅਤੇ 'ਆਪ' ਵਿਚਾਲੇ ਮੀਟਿੰਗ ਹੋਈ, ਜਿਸ 'ਚ ਕਾਂਗਰਸ ਨੇ 'ਆਪ' ਨੂੰ 4+1 ਫਾਰਮੂਲਾ ਯਾਨੀ ਕੁੱਲ 5 ਸੀਟਾਂ ਦਾ ਪ੍ਰਸਤਾਵ ਦਿੱਤਾ ਹੈ। ਜਿਸ ਵਿੱਚ ਪਿਹੋਵਾ, ਕਲਾਇਤ, ਜੀਂਦ, ਪਾਣੀਪਤ ਅਤੇ ਗੁਹਲਾ-ਚੀਕਾ ਦੀ ਚਰਚਾ ਹੈ। ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਪਤਨੀ ਪਿਯਾਵਾ ਤੋਂ ਚੋਣ ਲੜਨ ਦੀ ਸੰਭਾਵਨਾ ਨੂੰ ਲੈ ਕੇ ਵੀ ਚਰਚਾ ਹੈ। ਸੀਐਮ ਭਗਵੰਤ ਦੀ ਪਤਨੀ ਪਿਹੋਵਾ ਦੀ ਰਹਿਣ ਵਾਲੀ ਹੈ।
ਕਾਂਗਰਸ ਦੇ ਸੂਬਾ ਇੰਚਾਰਜ ਦੀਪਕ ਬਾਬਰੀਆ ਨੇ ਕਿਹਾ ਕਿ ‘ਆਪ’ ਨਾਲ ਘੱਟ ਸੀਟਾਂ ’ਤੇ ਸਮਝੌਤਾ ਹੋਇਆ ਹੈ ਅਤੇ ਜਲਦੀ ਹੀ ਗਠਜੋੜ ਬਾਰੇ ਫੈਸਲਾ ਲਿਆ ਜਾਵੇਗਾ।
ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਨਾਲ ਗੱਲਬਾਤ ਚੰਗੀ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਗਠਜੋੜ ਤੈਅ ਹੋ ਜਾਵੇਗਾ। ਆਮ ਆਦਮੀ ਪਾਰਟੀ ਨੇ ਸ਼ੁਰੂ ਵਿੱਚ 10 ਸੀਟਾਂ ਦੀ ਮੰਗ ਕੀਤੀ ਸੀ, ਪਰ ਕਾਂਗਰਸ ਨੇ 4 ਸੀਟਾਂ ਦਾ ਪ੍ਰਸਤਾਵ ਰੱਖਿਆ ਸੀ। ਬਾਅਦ ਵਿੱਚ, ਇੱਕ ਵਾਧੂ ਸੀਟ ਦੀ ਪੇਸ਼ਕਸ਼ ਕੀਤੀ ਗਈ, ਜਿਸ ਨਾਲ ਕੁੱਲ ਸਹਿਮਤੀ 5 ਸੀਟਾਂ ਹੋ ਗਈ।