ਕੁੱਤੇ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ
ਅਸ਼ੋਕ ਵਰਮਾ
ਬਠਿੰਡਾ, 10 ਸਤੰਬਰ 2024: ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਨਾਲ ਸੰਬੰਧਿਤ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤੇ ਨੂੰ ਲੈ ਕੇ ਹੋਏ ਵਿਵਾਦ ਕਾਰਨ ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤਲਵੰਡੀ ਸਾਬੋ ਪੁਲਿਸ ਨੇ ਮੌਕੇ ਤੇ ਪੁੱਜ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਫਿਲਹਾਲ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੀ ਹੈ ਪਰ ਸੂਤਰਾਂ ਮੁਤਾਬਕ ਜਾਂਚ ਟੀਮਾਂ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਨੂੰ ਨਸ਼ੇ 'ਚ ਧੁੱਤ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਘਰੋਂ ਬਾਹਰ ਸੱਦ ਕੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਉਸ ਨੂੰ ਬਚਾਉਣ ਆਏ ਪਿਤਾ ਦਾ ਵੀ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਘਰ 'ਚ ਮੌਜੂਦ ਮਾਂ 'ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ।
ਇਹ ਸਾਰਾ ਝਗੜਾ ਇੱਕ ਘਰੇਲੂ ਕੁੱਤੇ ਨੂੰ ਲੈ ਕੇ ਹੋਇਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਪਿਓ-ਪੁੱਤ ਦੀ ਪਛਾਣ ਮੰਦਰ ਸਿੰਘ (55) ਅਤੇ ਅਮਰੀਕ ਸਿੰਘ (32) ਵਾਸੀ ਜੀਵਨ ਸਿੰਘ ਪਿੰਡ ਤਲਵੰਡੀ ਸਾਬੋ ਵਜੋਂ ਹੋਈ ਹੈ। ਘਟਨਾ ਰਾਤ 9.30 ਵਜੇ ਦੀ ਹੈ। ਪਿੰਡ ਦੇ ਦੋ ਨਸ਼ੇੜੀ ਨੌਜਵਾਨ ਮੰਦਰ ਸਿੰਘ ਦੇ ਘਰ ਦੇ ਬਾਹਰ ਪੁੱਜੇ ਅਤੇ ਉਸ ਦੇ ਲੜਕੇ ਅਮਰੀਕ ਸਿੰਘ ਨੂੰ ਬਾਹਰ ਆਉਣ ਲਈ ਕਿਹਾ।
ਜਦੋਂ ਤਿੰਨਾਂ ਵਿਚਾਲੇ ਬਹਿਸ ਹੋ ਗਈ ਤਾਂ ਨਸ਼ੇੜੀ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਰੀਕ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਦੇਖ ਕੇ ਮੰਡੇਰ ਸਿੰਘ ਆਪਣੇ ਲੜਕੇ ਨੂੰ ਬਚਾਉਣ ਲਈ ਬਾਹਰ ਆਇਆ ਪਰ ਨਸ਼ੇੜੀ ਨੌਜਵਾਨਾਂ ਨੇ ਉਸ ਨੂੰ ਵੀ ਮਾਰ ਦਿੱਤਾ।ਘਟਨਾ ਨੂੰ ਦੇਖ ਕੇ ਮੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਵੀ ਬਾਹਰ ਆ ਗਈ ਪਰ ਮੁਲਜ਼ਮਾਂ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਦਰਸ਼ਨ ਕੌਰ ਨੂੰ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕੁੱਤੇ ਨੂੰ ਲੈ ਕੇ ਵਿਵਾਦ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਝਗੜਾ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ। ਦਰਅਸਲ ਅਮਰੀਕ ਸਿੰਘ ਪਿੰਡ ਤੋਂ ਕੁੱਤਾ ਘਰ ਲੈ ਕੇ ਆਇਆ ਸੀ। ਉਸ ਨੇ ਸੋਚਿਆ ਕਿ ਕੁੱਤਾ ਆਵਾਰਾ ਸੀ ਪਰ ਇਹ ਕੁੱਤਾ ਦੋਸ਼ੀ ਨੌਜਵਾਨਾਂ ਦਾ ਸੀ। ਗੁੱਸੇ 'ਚ ਆਏ ਨੌਜਵਾਨ ਰਾਤ ਨੂੰ ਅਮਰੀਕ ਸਿੰਘ ਦੀ ਤਲਾਸ਼ 'ਚ ਉਸ ਦੇ ਘਰ ਪਹੁੰਚੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ- ਡੀਐਸਪੀ ਈਸ਼ਾਨ ਸਿੰਗਲਾ
ਘਟਨਾ ਤੋਂ ਬਾਅਦ ਦੇਰ ਰਾਤ ਪੁਲਸ ਮੌਕੇ 'ਤੇ ਪਹੁੰਚ ਗਈ। ਬਠਿੰਡਾ ਦੇ ਡੀਐਸਪੀ ਈਸ਼ਾਨ ਸਿੰਗਲਾ ਮੌਕੇ ’ਤੇ ਪੁੱਜੇ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।