ਕਤੂਰੇ ਪਿੱਛੇ ਹੋਏ ਕੁੱਤਕਲੇਸ਼ ਕਾਰਨ ਕੀਤੇ ਕਤਲਾਂ ਦੇ 4 ਦੋਸ਼ੀ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 10 ਸਤੰਬਰ 2024: ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਮਗਰੋਂ ਇੱਕ ਕਤੂਰੇ ਨੂੰ ਲੈਕੇ ਹੋਈ ਤਕਰਾਰਬਾਜੀ ਉਪੰਰਤ ਬਠਿੰਡਾ ਜਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ’ਚ ਬੀਤੀ ਰਾਤ ਕੀਤੇ ਦੋ ਕਤਲਾਂ ਦੇ ਮਾਮਲੇ ’ਚ ਤੇਜੀ ਨਾਲ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਜਮਾਂ ਦੀ ਪਛਾਣ ਏਕਮਜੋਤ ਸਿੰਘ ਪੁੱਤਰ ਜਗਮੀਤ ਸਿੰਘ ,ਮਨਦੀਪ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਅਤੇ ਜਗਦੀਪ ਸਿੰਘ ਉਰਫ ਹਨੀ ਪੁੱਤਰਾਨ ਬਲਵਿੰਦਰ ਸਿੰਘ ਵਾਸੀਅਨ ਜੀਵਨ ਸਿੰਘ ਵਾਲਾ ਤੋਂ ਇਲਾਵਾ ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਬਲਵੰਤ ਸਿੰਘ ਵਾਸੀ ਚੱਠੇਵਾਲਾ ਵਜੋਂ ਕੀਤੀ ਗਈ ਹੈ। ਥਾਣਾ ਤਲਵੰਡੀ ਸਾਬੋ ਪੁਲਿਸ ਹੁਣ ਇਸ ਦੂਹਰੇ ਕਤਲ ਮਾਮਲੇ ’ਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਟੀਮਾਂ ਬਣਾਕੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਡੀ.ਐਸ.ਪੀ. ਤਲਵੰਡੀ ਸਾਬੋ ਇਸ਼ਾਨ ਸਿੰਗਲਾ ਨੇ ਅੱਜ ਦੱਸਿਆ ਕਿ ਉਨ੍ਹਾਂ ਦੀ ਦੇਖ ਰੇਖ ਹੇਠ ਚਲਾਏ ਇੱਕ ਆਪਰੇਸ਼ਨ ਦੌਰਾਨ ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਕਰਨ ਵਾਲੇ ਦੋਸ਼ੀਆਂ ਵਿੱਚੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਤਲਵੰਡੀ ਸਾਬੋ ਪੁਲਿਸ ਨੇ ਇੰਨ੍ਹਾਂ ਕਤਲਾਂ ਦੇ ਸਬੰਧ ’ਚ ਮੁਦਈ ਦਰਸ਼ਨ ਕੌਰ ਦੇ ਬਿਆਨਾਂ ਤੇ ਧਾਰਾ 103,109,115 (2) 191 (3) 190 ਬੀਐਨਐਸ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਅਮਰੀਕ ਸਿੰਘ 3-4 ਦਿਨ ਪਹਿਲਾਂ ਇੱਕ ਛੋਟਾ ਕਤੂਰਾ ਲੈਕੇ ਆਇਆ ਸੀ ਜੋ ਏਕਮਜੋਤ ਮੰਗ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਨੇ ਕਤੂਰਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਦੀ ਏਕਮਜੋਤ ਸਿੰਘ ਨੇ ਆਪਣੇ ਦਿਲ ’ਚ ਰੰਜਿਸ਼ ਰੱਖ ਲਈ। ਉਨ੍ਹਾਂ ਦੱਸਿਆ ਕਿ ਮੁਦਈ ਦਰਸ਼ਨ ਕੌਰ ਨੇ ਪੁਲਿਸ ਨੂੰ ਬਿਆਨ ਦਰਜ ਕਰਾਇਆ ਹੈ ਕਿ ਮੰਦਰ ਸਿੰਘ ਵਾਸੀ ਜੀਵਨ ਸਿੰਘ ਵਾਲਾ ਆਪਣੇ ਲੜਕੇ ਅਮਰੀਕ ਸਿੰਘ ਉਮਰ ਕਰੀਬ 35 ਸਾਲ ਸਮੇਤ ਘਰ ਵਿੱਚ ਸੀ ਤਾਂ ਕਰੀਬ 9 ਵਜੇ ਰਾਤ ਉਨ੍ਹਾਂ ਦੇ ਘਰ ਦਾ ਮੁੱਖ ਗੇਟ ਕਿਸੇ ਨੇ ਜੋਰ ਜੋਰ ਦੀ ਖੜਕਾਉਣਾ ਸ਼ੁਰੂ ਕਰ ਦਿੱਤਾ। ਬਿਆਨ ਮੁਤਾਬਕ ਅਮਰੀਕ ਸਿੰਘ ਨੇ ਜਾ ਕੇ ਘਰ ਦਾ ਮੁੱਖ ਗੇਟ ਖੋਲਿ੍ਹਆ ਤਾਂ ਇੱਕਦਮ ਰੌਲਾ ਪੈਣ ਲੱਗ ਪਿਆ ਜਿਸ ਨੂੰ ਸੁਣ ਕੇ ਮੁਦੱਈ ਅਤੇ ਉਸ ਦਾ ਪਤੀ ਮੰਦਰ ਸਿੰਘ, ਨੂੰਹ, ਪੋਤਾ ਵੀ ਅਮਰੀਕ ਸਿੰਘ ਦੇ ਪਿੱਛੇ ਚਲੇ ਗਏ ।
ਇਸ ਮੌਕੇ ਉਨ੍ਹਾਂ ਨੇ ਦੇਖਿਆ ਕਿ ਗੇਟ ਅੱਗੇ ਏਕਮਜੋਤ ਸਿੰਘ ਪੁੱਤਰ ਜਗਮੀਤ ਸਿੰਘ ਕੋਲ ਲੋਹੇ ਦੀ ਰਾਡ , ਮਨਦੀਪ ਸਿੰਘ ਉਰਫ ਮਨੀ ਕੋਲ ਲੋਹੇ ਦੀ ਰਾਡ, ਜਗਦੀਪ ਸਿੰਘ ਉਰਫ ਹਨੀ ਕੋਲ ਲੋਹੇ ਦੀ ਹੱਥੀ ਅਤੇ ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਬਲਵੰਤ ਸਿੰਘ ਵਾਸੀ ਚੱਠੇਵਾਲਾ ਕੋਲ ਗੰਡਾਸਾ ਅਤੇ ਇਹਨਾਂ ਦੇ ਨਾਲ ਆਏ 2/3 ਹੋਰ ਅਣਪਛਾਤਿਆਂ ਕੋਲ ਬੇਸਬਾਲ ਸਨ ਜੋਕਿ ਅਮਰੀਕ ਸਿੰਘ ਨਾਲ ਬਹਿਸਬਾਾਜੀ ਤੇ ਗਾਲੀ ਗਲੋਚ ਕਰਨ ਲੱਗ ਪਏ ਤਾਂ ਏਕਮ ਨੇ ਲਲਕਾਰਾ ਮਾਰ ਕੇ ਕਿਹਾ ਕਿ ਅੱਜ ਕਤੂਰਾ ਲੈ ਕੇ ਜਾਵਾਗੇ। ਇਸ ਮੌਕੇ ਇੰਨ੍ਹਾਂ ਸਾਰੇ ਮੁਲਜਮਾਂ ਨੇ ਆਪੋ ਆਪਣੇ ਹਥਿਆਰਾਂ ਨਾਲ ਅਮਰੀਕ ਸਿੰਘ ਉਪਰ ਤੇ ਕਰ ਦਿੱਤਾ। ਇਸ ਮੌਕੇ ਪੁੱਤ ਦੇ ਬਚਾਅ ’ਚ ਆਏ ਮੰਦਰ ਸਿੰਘ ਨੂੰ ਵੀ ਮੁਲਜਮਾਂ ਨੇ ਨਿਸ਼ਾਨਾ ਬਣਾਇਆ।
ਡੀਐਸਪੀ ਨੇ ਦੱਸਿਆ ਕਿ ਇਸ ਮੌਕੇ ਦੋਵੇਂ ਪਿਓ ਪੁੱਤ ਧਰਤੀ ਤੇ ਡਿੱਗ ਪਏ ਜਿਸ ਤੋਂ ਬਾਅਦ ਦਰਸ਼ਨ ਕੌਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਨਦੀਪ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਆਪਣੀ ਲੋਹੇ ਦੀ ਰਾਡ ਦਾ ਵਾਰ ਮੁਦਈ ਦੇ ਸਿਰ ਤੇ ਕਰ ਦਿੱਤਾ। ਇਸ ਮੌਕੇ ਜਦੋਂ ਰੌਲਾ ਪੇ ਗਿਆ ਤਾਂ ਮੁਲਜਮ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੰਭੀਰ ਰੂਪ ’ਚ ਜਖਮੀ ਅਮਰੀਕ ਸਿੰਘ ਅਤੇ ਮੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਜਾ ਰਿਹਾ ਸੀ ਤਾਂ ਅਮਰੀਕ ਸਿੰਘ ਦੀ ਰਾਹ ਵਿੱਚ ਹੀ ਮੌਤ ਹੋ ਗਈ ਜਦੋਂਕਿ ਮੰਦਰ ਸਿੰਘ ਲੁਧਿਆਣਾ ਲਿਜਾਂਦਿਆਂ ਰਸਤੇ ਵਿੱਚ ਦਮ ਤੋੜ ਗਿਆ। ਥਾਣਾ ਤਲਵੰਡੀ ਸਾਬੋ ਪੁਲਿਸ ਹੁਣ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।