ਅਮਨ ਕਾਨੂੰਨ ਦੇ ਮੁੱਦੇ ’ਤੇ ਦਿੱਤੇ ਧਰਨੇ ਦੌਰਾਨ ਭਰਵੇਂ ਇਕੱਠ ਤੋਂ ਵਾਂਝੀ ਰਹੀ ਬਠਿੰਡਾ ਕਾਂਗਰਸ
ਅਸ਼ੋਕ ਵਰਮਾ
ਬਠਿੰਡਾ,17 ਸਤੰਬਰ 2024: ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਸਮੇਤ ਲੋਕ ਮੁੱਦਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਦਿੱਤੇ ਧਰਨੇ ਦੌਰਾਨ ਬਠਿੰਡਾ ਕਾਂਗਰਸ ਅੱਜ ਆਪਣੇ ਵਰਕਰਾਂ ਦਾ ਇਕੱਠ ਕਰਨ ’ਚ ਅਸਫਲ ਦਿਖਾਈ ਦਿੱਤੀ। ਖੁਦ ਸ਼ਹਿਰੀ ਕਾਂਗਰਸ ਤਰਫੋਂ ਮੀਡੀਆ ਨੂੰ ਜਾਰੀ ਕੀਤੀਆਂ ਗਈਆਂ ਤਸਵੀਰਾਂ ਇੰਨ੍ਹਾਂ ਤੱਥਾਂ ਦੀ ਗਵਾਹੀ ਭਰਦੀਆਂ ਹਨ।
ਇਸ ਮੌਕੇ ਕਾਂਗਰਸੀ ਆਗੂਆਂ ਨੇ ਮੰਗ ਪੱਤਰ ਵੀ ਦਿੱਤਾ । ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਘਰਾਂ ਦੇ ਵਿਧਾਇਕ ਬਣੇ ਮੁੰਡਿਆਂ ਨੇ ਵੱਡੇ ਵੱਡੇ ਕਾਰੋਬਾਰ ਬਣਾ ਲਏ ਹਨ ਪਰ ਲੋਕ ਮੁੱਦਿਆਂ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦਿਆਂ ਰੋਜ਼ਾਨਾ ਲੁੱਟਾਂ ਖੋਹਾਂ ਅਤੇ ਕਤਲ ਹੋ ਰਹੇ ਹਨ। ਇਸ ਮੌਕੇ ਉਹਨਾਂ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਬਠਿੰਡੇ ਵਾਲਾ ਪ੍ਰਾਪਰਟੀ ਡੀਲਰ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਧਾਇਕ ਜਵਾਬ ਦੇਵੇ ਸ਼ਹਿਰ ਦੇ ਵਿਕਾਸ ਲਈ ਕੀ ਕੰਮ ਕੀਤੇ ਹਨ। ਇਸ ਮੌਕੇ ਉਹਨਾਂ ਵਿਧਾਇਕਾਂ ਦੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ। ਜੀਤ ਮਹਿੰਦਰ ਸਿੰਘ ਸਿੱਧੂ ਨੇ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਗੈਂਗਸਟਰਾਂ ਦੇ ਡਰ ਦੇ ਮਾਰੋ ਪੰਜਾਬ ਵਿੱਚ ਕੋਈ ਵੀ ਵਪਾਰੀ ਇੰਡਸਟਰੀ ਲਾਉਣ ਲਈ ਤਿਆਰ ਨਹੀਂ ,ਫਿਰ ਸਰਕਾਰ ਕਿਹੜੇ ਵਿਕਾਸ ਕਾਰਜਾਂ ਦੀ ਗੱਲ ਕਰਦੀ ਹੈ।
ਜਿਲ੍ਹਾ ਪ੍ਰਧਾਨ ਰਾਜਨ ਗਰਗ, ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਮਾਰਕਫੈਡ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ ਤੇ ਡਿਪਟੀ ਮੇਅਰ ਹਰਮੰਦਰ ਸਿੰਘ ਅਤੇ ਕੇ ਕੇ ਅਗਰਵਾਲ ਨੇ ਕਿਹਾ ਕਿ ਕਾਨੂੰਨ ਵਿਵਸਥਾ ਦਾ ਐਨਾ ਮੰਦਾ ਹਾਲ ਹੈ ਕਿ ਪੰਜਾਬੀ ਆਪਣੇ ਘਰਾਂ ਵਿੱਚ ਸੁਰੱਖਿਆ ਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਵਿੱਚ 20 ਕਤਲ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਲ, ਤਿੰਨ ਨੌਜਵਾਨਾਂ ਦੇ ਮੌਤ ਹੋਈ ਹੈ ਅਤੇ 50 ਰਾਉਂਡ ਫਾਇਰ ਹੋ ਚੁੱਕੇ ਹਨ, ਪਰ ਹੈਰਾਨਗੀ ਦੀ ਗੱਲ ਹੈ ਕਿ ਇਸ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਜਿਸ ਕਰਕੇ ਕਾਂਗਰਸ ਨੂੰ ਅੱਜ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਿਆ।
ਧਰਨੇ ਨੂੰ ਕਿਰਨਜੀਤ ਸਿੰਘ ਗਹਿਰੀ , ਬਲਾਕ ਪ੍ਰਧਾਨ ਬਲਰਾਜ ਪੱਕਾ, ਹਰਵਿੰਦਰ ਲੱਡੂ ਬਲਜਿੰਦਰ ਸਿੰਘ ਠੇਕੇਦਾਰ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਮਹਿਲਾ ਆਗੂ ਅਮਰਿਤਾ ਗਿੱਲ ਅਤੇ ਅਨਿਲ ਭੋਲਾ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਸੜਕਾਂ ਤੇ ਕੋਈ ਨਾਗਰਿਕ ਸੁਰੱਖਿਅਤ ਨਹੀਂ ਅਤੇ ਕਿਸੇ ਨਾਲ ਵੀ ਕੋਈ ਵੀ ਘਟਨਾ ਵਾਪਰ ਸਕਦੀ ਹੈ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਸਿਹਤ ਸਹੂਲਤਾਂ ਤੇ ਪਾਰਕਾਂ ਦਾ ਬੁਰਾ ਹਾਲ ਹੈ, ਪੀਣ ਨੂੰ ਸਾਫ ਪਾਣੀ ਨਹੀਂ , ਸਿੱਖਿਆ ਦੇ ਪ੍ਰਬੰਧ ਮਾੜੇ ਹਨ, ਸ਼ਰੇਆਮ ਭਰਿਸ਼ਟਾਚਾਰ ਹੋ ਰਿਹਾ ਹੈ ਅਤੇ ਪੈਟਰੋਲ ਡੀਜ਼ਲ ਤੇ ਬੱਸ ਕਰਾਏ ਬਿਜਲੀ ਤਰ੍ਹਾਂ ਵਿੱਚ ਵਾਧਾ ਕਰਕੇ ਲੋਕਾਂ ਤੇ ਆਰਥਿਕ ਬੋਝ ਪਾਇਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਕਾਂਗਰਸ ਲੋਕ ਮੁੱਦਿਆਂ ਦੀ ਆਵਾਜ਼ ਉਠਾਉਂਦੀ ਰਹੇਗੀ । ਆਗੂਆਂ ਨੇ ਚਾਰ ਜਿਮਨੀ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣ ਲਈ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਲੋਕ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਮੰਤਰਪ ਚਿਰੰਜੀ ਲਾਲ ਗਰਗ ਅਤੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਆਦਿ ਕਾਂਗਰਸੀ ਆਗੂਆਂ ਨੇ ਵੀ ਧਰਨੇ ’ਚ ਸ਼ਿਰਕਤ ਕੀਤੀ।