Babushahi Exclusive- ਹਰਿਆਣਾ: ਜ਼ੁਰਮ ਦੇ ਹਮਾਮ ’ਚ ਨੰਗੀਆਂ ਸਭ ਸਿਆਸੀ ਧਿਰਾਂ
ਅਸ਼ੋਕ ਵਰਮਾ
ਚੰਡੀਗੜ੍ਹ, 3 ਅਕਤੂਬਰ 2024: ਹਰਿਆਣਾ ਵਿਧਾਨ ਸਭਾ ਦੇ ਚੋਣ ਦੰਗਲ ‘ਚ ਕਿਸਮਤ ਅਜਮਾ ਰਹੀਆਂ ਸਿਆਸੀ ਧਿਰਾਂ ਬਾਰੇ ਆਈ ਇੱਕ ਅਧਿਐਨ ਰਿਪੋਰਟ ਨੇ ਇੰਨ੍ਹਾਂ ਪਾਰਟੀਆਂ ਦੇ ਕਿਰਦਾਰਾਂ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ। ਕੌਮੀ ਪੱਧਰ ਤੇ ਚੋਣ ਸੁਧਾਰਾਂ ਲਈ ਕੰਮ ਕਰਦੀ ਗੈਰਸਰਕਾਰੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਨੇ ਆਪਣੀ ਤੱਥ ਅਧਾਰਤ ਰਿਪੋਰਟ ‘ਚ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਸਿਆਸੀ ਪਾਰਟੀਆਂ ਨੇ ਅਪਰਾਧੀਆਂ ਅਤੇ ਕਰੋੜਪਤੀਆਂ ਨੂੰ ਉਮੀਦਵਾਰ ਬਣਾਇਆ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ,ਕਾਂਗਰਸ,ਆਮ ਆਦਮੀ ਪਾਰਟੀ, ਇਨੈਲੋ-ਬਸਪਾ ਅਤੇ ਜਜਪਾ ਅਸਪਾ ਤੋਂ ਇਲਾਵਾ 461 ਅਜਾਦ ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਹੋਏ ਹਨ। ਇਸ ਸੰਸਥਾ ਨੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦੀ ਛਾਣਬੀਣ ਕਰਨ ਮਗਰੋਂ ਹੈਰਾਨਕੁੰਨ ਤੱਥ ਸਾਹਮਣੇ ਲਿਆਂਦੇ ਹਨ।
ਇਸ ਤੋਂ ਜਾਹਰ ਹੈ ਕਿ ਸਿਆਸੀ ਧਿਰਾਂ ਤੇ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਕੋਈ ਅਸਰ ਨਹੀਂ ਹੋਇਆ ਹੈ। ਰਿਪੋਰਟ ਮੁਤਾਬਕ ਹਰਿਆਣਾ ’ਚ ਅਪਰਾਧਿਕ ਮਾਮਲਿਆਂ ਚ ਉਲਝੇ ਉਮੀਦਵਾਰਾਂ ਦੀ ਗਿਣਤੀ 133 ਹੈ। ਅਪਰਾਧੀਆਂ ਨੂੰ ਨਿਵਾਜਣ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਦਾ ਝਾੜੂ ਸਭ ਤੋਂ ਮੋਹਰੀ ਦਿਖਾਈ ਦੇ ਰਿਹਾ ਹੈ। ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ ਦੇ 88 ਉਮੀਦਵਾਰਾਂ ਚੋਂ 23 ਨੇ ਆਪਣੇ ਖਿਲਾਫ ਅਪਰਾਧਿਕ ਮਾਮਲਿਆਂ ਦੀ ਗੱਲ ਮੰਨੀ ਹੈ। ਮਹੱਤਵਪੂਰਨ ਇਹ ਵੀ ਹੈ ਕਿ ਇੰਨ੍ਹਾਂ ਚੋਂ 11ਉਮੀਦਵਾਰਾਂ ਨੂੰ ਸੰਗੀਨ ਅਪਰਾਧਾਂ ਵਾਲੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ’ਚ ਕਾਂਗਰਸ ਪਾਰਟੀ ਦੂਸਰੇ ਸਥਾਨ ਤੇ ਹੈ ਜਿਸ ਦੇ 89 ਉਮੀਦਵਾਰਾਂ ਚੋਂ 16 ਖਿਲਾਫ ਅਪਰਾਧਿਕ ਮੁਕੱਦਮੇ ਦਰਜ ਹਨ। ਇੰਨ੍ਹਾਂ ਚੋਂ 11 ਉਮੀਦਵਾਰਾਂ ਦਾ ਸਬੰਧ ਸੰਗੀਨ ਦੋਸ਼ਾਂ ਵਾਲੀਆਂ ਧਾਰਾਵਾਂ ਨਾਲ ਹੈ।
ਰੌਚਕ ਤੱਥ ਇਹ ਵੀ ਹੈ ਕਿ ਇਨੈਲੋ ਦੇ 51 ਵਿੱਚੋਂ 9 ਉਮੀਦਵਾਰਾਂ ਖਿਲਾਫ ਮਾਮਲੇ ਦਰਜ ਹਨ ਅਤੇ ਇਹ ਸਾਰੇ ਹੀ ਉਮੀਦਵਾਰ ਸੰਗੀਨ ਦੋਸ਼ਾਂ ਵਾਲੇ ਕੇਸਾਂ ਨਾਲ ਸਬੰਧਤ ਹਨ। ਭਾਜਪਾ ਦਾ ਗਰਾਫ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲੋਂ ਘੱਟ ਹੈ ਜਿਸ ਦੇ 89 ਚੋਂ 6 ਉਮੀਦਵਾਰਾਂ ਖਿਲਾਫ ਅਪਰਾਧਿਕ ਕੇਸ ਦਰਜ ਹਨ। ਇੰਨ੍ਹਾਂ ਚੋਂ ਤਿੰਨ ਦਾ ਸਬੰਧ ਸੰਗੀਨ ਦੋਸ਼ਾਂ ਨਾਲ ਹੈ। ਜਜਪਾ (ਜਨਨਾਇਕ ਜੰਤਾ ਪਾਰਟੀ) ਵੀ ਇਨੈਲੋ ਨਾਲ ਮੁਕਾਬਲ ਕਰਦੀ ਦਿਸ ਰਹੀ ਹੈ ਜਿਸ ਦੇ 66 ਚੋਂ 7 ਉਮੀਦਵਾਰ ਇਸ ਸ਼ਰੇਣੀ ’ਚ ਆਉਂਦੇ ਹਨ ਅਤੇ ਇੰਨ੍ਹਾਂ ਚੋ 6 ਦੀ ਗਿਣਤੀ ਸੰਗੀਨ ਅਪਰਾਧਾਂ ’ਚ ਸ਼ਾਮਲ ਹੁੰਦੀ ਹੈ। ਬਹੁਜਨ ਸਮਾਜ ਪਾਰਟੀ ਦੇ 35 ਉਮੀਦਵਾਰਾਂ ਚੋਂ ਤਿੰਨ ਅਪਰਾਧਿਕ ਮਾਮਲਿਆਂ ਵਾਲੇ ਹਨ ਅਤੇ ਤਿੰਨਾਂ ਦਾ ਸਬੰਧ ਗੰਭੀਰ ਦੋਸ਼ਾਂ ਵਾਲੀਆਂ ਧਾਰਾਵਾਂ ’ਚ ਬੋਲਦਾ ਹੈ।
ਬਲਾਤਕਾਰ ਦੇ ਮਾਮਲੇ ਵੀ ਦਰਜ
ਰਿਪੋਰਟ ਮੁਤਾਬਕ ਸਭ ਤੋਂ ਗੰਭੀਰ ਪਹਿਲੂ ਇਹ ਹੈ ਕਿ 11 ਉਮੀਦਵਾਰਾਂ ਨੇ ਆਪਣੇ ਹਲਫੀਆ ਬਿਆਨਾਂ ’ਚ ਔਰਤਾਂ ਖਿਲਾਫ ਅਪਰਾਧ ਨਾਲ ਸਬੰਧਤ ਮਾਮਲਾ ਜਾਹਰ ਕੀਤੇ ਹਨ। ਇੰਨ੍ਹਾਂ 11 ਵਿੱਚੋਂ ਦੋ ਨੇ ਬਲਾਤਕਾਰ ਦੀ ਧਾਰਾ 376 ਤਹਿਤ ਦੋਸ਼ਾਂ ਦੀ ਗੱਲ ਵੀ ਕਬੂਲ ਕੀਤੀ ਹੈ। ਇੰਨ੍ਹਾਂ ਚੋਂ ਛੇ ਉਮੀਦਵਾਰ ਅਜਿਹੇ ਹਨ ਜਿੰਨ੍ਹਾਂ ਖਿਲਾਫ ਕਤਲ ਨਾਲ ਸਬੰਧਿਤ ਕੇਸ ਦਰਜ ਹਨ ਜਦੋਂਕਿ 8 ਖਿਲਾਫ ਇਰਾਦਾ ਕਤਲ ਦੇ ਮੁਕੱਦਮੇ ਦਰਜ ਹੋਣ ਦੀ ਗੱਲ ਆਖੀ ਹੈ।
ਅੱਖਾਂ ਦੇ ਤਾਰੇ ਕਰੋੜਪਤੀ
ਏਡੀਆਰ ਵੱਲੋਂ ਕੀਤੀ ਗਈ ਚੀਰ ਫਾੜ ਅਨੁਸਾਰ ਦੋ ਮੁੱਖ ਸਿਆਸੀ ਵਿਰੋਧੀਆਂ ਭਾਜਪਾ ਅਤੇ ਕਾਂਗਰਸ ਦੀ ਟੇਕ ਕਰੋੜਪਤੀਆਂ ਤੇ ਹੈ। ਭਾਜਪਾ ਦੇ 89 ਚੋਂ 85 ਅਤੇ ਕਾਂਗਰਸ ਦੇ 89 ਚੋਂ 84 ਉਮੀਦਵਾਰ ਕਰੋੜਪਤੀ ਹਨ। ਇਸੇ ਤਰਾਂ ਹੀ ਆਮ ਆਦਮੀ ਪਾਰਟੀ ਦੇ89 ਚੋਂ 52 ,ਇਨੈਲੋ ਦੇ 51 ਵਿੱਚੋਂ 24 ,ਜਜਪਾ ਦੇ 66 ਚੋਂ 46 ਅਤੇ ਬਹੁਜਨ ਸਮਾਜ ਪਾਰਟੀ ਦੇ 35 ਚੋਂ 3 ਉਮੀਦਵਾਰ ਕਰੋੜਪਤੀ ਹਨ।
ਅਮੀਰੀ ’ਚ ਭਾਜਪਾ ਕਾਂਗਰਸ ਬਰਾਬਰ
ਰਿਪੋਰਟ ‘ਚ ਸਾਫ ਕੀਤਾ ਗਿਆ ਹੈ ਕਿ ਅਮੀਰੀ ਦੇ ਪੱਖ ਤੋਂ ਕਾਂਗਰਸ ਅਤੇ ਭਾਜਪਾ ਦਾ ਹੱਥ ਉੱਪਰ ਰਿਹਾ ਹੈ। ਭਾਜਪਾ ਦੇ ਉਮੀਦਵਾਰਾਂ ਕੋਲ ਔਸਤਨ 24.47 ਕਰੋੜ ਦੀ ਸੰਪਤੀ ਹੈ ਜਦੋਂਕਿ ਕਾਂਗਰਸੀ ਉਮੀਦਵਾਰਾਂ ਦਾ ਇਹ ਅੰਕੜਾ 24.40 ਕਰੋੜ ਹੈ। ਇਨੈਲੋ ੳਮੀਦਵਾਰਾਂ ਕੋਲ ਔਸਤਨ 9.64 ਕਰੋੜ, ਜਜਪਾ ਉਮੀਦਵਾਰਾਂ ਕੋਲ ਔਸਤਨ 9.36 ਕਰੋੜ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲ ਔਸਤ 5.57 ਕਰੋੜ ਅਤੇ ਬਸਪਾ ਉਮੀਦਵਾਰਾਂ ਕੋਲ 3.46 ਕਰੋੜ ਦੀ ਜਾਇਦਾਦ ਹੈ। ਏਦਾਂ ਹੀ 277 ਉਮੀਦਵਾਰ ਅਜਿਹੇ ਹਨ ਜਿੰਨ੍ਹਾਂ ਕੋਲ 5 ਕਰੋੜ ਤੋਂ ਵੱਧ ਦੀ ਸੰਪਤੀ ਹੈ ਜਦੋਂਕਿ 136 ਕੋਲ 2 ਤੋਂ 5 ਕਰੋੜ ਰੁਪਏ, 228 ਕੋਲ 50 ਲੱਖ ਤੋਂ 2 ਕਰੋੜ,191 ਕੋਲ 10 ਤੋਂ 50 ਲੱਖ ਅਤੇ 196 ਉਮੀਦਵਾਰਾਂ ਕੋਲ 10 ਲੱਖ ਤੋਂ ਘੱਟ ਦੀ ਸੰਪਤੀ ਹੈ।
ਉਮੀਦਵਾਰਾਂ ’ਚ 23 ਅਨਪੜ੍ਹ
ਰਿਪੋਰਟ ਮੁਤਾਬਕ ਵਿਸ਼ੇਸ਼ ਗੱਲ ਇਹ ਹੈ ਕਿ ਹਰਿਆਣਾ ਦੇ 1031 ਵਿੱਚੋਂ ਜਿੱਥੇ 15 ਉਮੀਦਵਾਰਾਂ ਨੇ ਡਾਕਟਰੇਟ ਕੀਤੀ ਹੋਈ ਹੈ ਉੱਥੇ ਹੀ 23 ਅਨਪੜ੍ਹ ਵੀ ਅਤੇ 17 ਪੰਜਵੀਂ ਪਾਸ ਹਨ। ਏਦਾਂ ਹੀ 53 ਅੱਠਵੀਂ, 201 ਨੇ ਦਸਵੀ ਅਤੇ 215 ਨੇ ਬਾਰਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਜਦੋਂਕਿ 201 ਗਰੈਜੂਏਟ ਅਤੇ 116 ਪ੍ਰੋਫੈਸ਼ਨਲ ਗਰੈਜੂਏਟ , 152 ਪੋਸਟ ਗਰੈਜੂਏਟ ਅਤੇ 26 ਉਮੀਦਵਾਰ ਡਿਪਲੋਮਾ ਹੋਲਡਰ ਹਨ।
ਏਡੀਆਰ ਵਰਤਾਰੇ ਪ੍ਰਤੀ ਫਿਕਰਮੰਦ
ਸੰਸਥਾ ਨੇ ਚਿੰਤਾ ਜਤਾਈ ਹੈ ਕਿ ਸਿਆਸੀ ਧਿਰਾਂ ਨੂੰ ਚੋਣ ਸੁਧਾਰਾਂ ’ਚ ਕੋਈ ਦਿਲਚਸਪੀ ਨਹੀਂ ਅਤੇ ਦੇਸ਼ ਕਾਨੂੰਨ ਤੋੜਨ ਵਾਲਿਆਂ ਦੇ ਹੱਥੋਂ ਪੀੜਤ ਹੁੰਦਾ ਰਹੇਗਾ ਕਿਉਂਕਿ ਇਹੀ ਲੋਕ ਜਿੱਤਕੇ ਕਾਨੂੰਨ ਘਾੜੇ ਬਣ ਜਾਂਦੇ ਹਨ। ਏਡੀਅਰ ਦੀ ਸਹਿਯੋਗੀ ਸੰਸਥਾ ਪੰਜਾਬ ਇਲੈਕਸ਼ਨ ਵਾਚ ਦੇ ਕੋਆਰਡੀਨੇਟਰ ਜਸਕੀਰਤ ਸਿੰਘ ਦਾ ਕਹਿਣਾ ਸੀ ਇਸ ਰਿਪੋਰਟ ਦਾ ਮਕਸਦ ਵੋਟਰਾਂ ਨੂੰ ਉਨ੍ਹਾਂ ਦੇ ਪ੍ਰਤੀਨਿਧਾਂ ਦੀ ਹਕੀਕਤ ਤੋਂ ਜਾਣੂੰ ਕਰਵਾਉਣਾ ਤੇ ਚੋਣ ਸੁਧਾਰਾਂ ਪ੍ਰਤੀ ਚੇਤੰਨ ਕਰਨਾ ਹੈ।