Special Story: ਧੁਆਂਖੀ ਧੁੰਦ ਨੇ ਕੱਢਿਆ ਆਮ ਆਦਮੀ ਦੀਆਂ ਨਾਸਾਂ ਥਾਣੀਂ ਧੂੰਆਂ
ਅਸ਼ੋਕ ਵਰਮਾ
ਬਠਿੰਡਾ, 16 ਨਵੰਬਰ 2024: ਬਠਿੰਡਾ ਪੱਟੀ ਦੇ ਜ਼ਿਆਦਾਤਰ ਹਿੱਸਿਆਂ ’ਚ ਛਾਈ ਧੁਆਂਖੀ ਧੁੰਦ ਨੇ ਆਮ ਜਨਜੀਵਨ ਨੂੰ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਹਵਾ ਪ੍ਰਦੂਸ਼ਣ ਕਾਰਨ ਨੌਜਵਾਨਾਂ ਨੂੰ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਜਦੋਂਕਿ ਵਾਤਵਰਨ ’ਚ ਆਏ ਭਾਰੀ ਬਦਲਾਅ ਨੇ ਬਜ਼ੁਰਗਾਂ ,ਬੱਚਿਆਂ ਅਤੇ ਸਾਹ ਦੇ ਮਰੀਜਾਂ ਦੀ ਤਾਂ ਕੰਡ ਲੁਆ ਦਿੱਤੀ ਗਿਆ ਹੈ। ਹਸਪਤਾਲਾਂ ’ਚ ਦਮੇ ਦੇ ਮਰੀਜ਼ਾਂ ਦੀ ਗਿਣਤੀ ’ਚ ਚੋਖਾ ਵਾਧਾ ਹੋਇਆ ਹੈ। ਡਾਕਟਰਾਂ ਵੱਲੋਂ ਵੀ ਬਜ਼ੁਰਗਾਂ ਤੇ ਬੀਮਾਰੀਆਂ ਵਿੱਚ ਘਿਰੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਵਕਤ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਈ ਜਾਂਦੀ ਅੱਗ ਕਾਰਨ ਧੂੰਆਂ ਅਸਮਾਨੀ ਚੜ੍ਹਿਆ ਹੈ ਉੱਥੇ ਹੀ ਮੌਸਮ ਦੀ ਪਹਿਲੀ ਧੁੰਦ ਕਾਰਨ ਵੀ ਸਥਿਤੀ ਤਿਲਕਦੀ ਨਜ਼ਰ ਆ ਰਹੀ ਹੈ।
ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਕਿਸਾਨਾਂ ਖਿਲਾਫ਼ ਪਰਚੇ ਦਰਜ ਕਰਨ , ਜੁਰਮਾਨੇ ਲਾਉਣ ਅਤੇ ਜ਼ਮੀਨੀ ਰਿਕਾਰਡ ਵਿਚ ਰੈੱਡ ਐਂਟਰੀਆਂ ਪਾਉਣ ਜਿਹੀਆਂ ਕਾਰਵਾਈਆਂ ਅਮਲ ਵਿਚ ਲਿਆ ਰਹੀ ਹੈ। ਇੱਥੇ ਹੀ ਬੱਸ ਨਹੀਂ ਪਰਾਲੀ ਦੀ ਸਾੜਫੂਕ ਦੀ ਰੋਕਥਾਮ ਲਈ ਤਾਇਨਾਤ ਕੀਤੇ ਨੋਡਲ ਅਫ਼ਸਰਾਂ ਖਿਲਾਫ ਵੀ ਧੜਾਧੜ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੀ ਪਰਾਲੀ ਸਾੜਨ ਦੀਆਂ ਵਾਪਰ ਰਹੀਆਂ ਘਟਨਾਵਾਂ ਦੱਸਦੀਆਂ ਹਨ ਕਿ ਜਾਂ ਤਾਂ ਸਰਕਾਰਾਂ ਦੀ ਨੀਤੀ ਜਾਂ ਫਿਰ ਨੀਅਤ ’ਚ ਫਰਕ ਹੈ ਜੋ ਇਹ ਮਸਲਾ ਹੱਲ ਹੋਣ ਦੀ ਥਾਂ ਲਗਾਤਾਰ ਉਲਝਦਾ ਜਾ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਵਾ ਦੇ ਪੱਧਰ ਦੀ ਹਾਲਤ ਬੇਹੱਦ ਖਰਾਬ ਦੱਸੀ ਜਾ ਰਹੀ ਜਿਸ ਵਿੱਚ ਆਉਣ ਵਾਲੇ ਦਿਨਾਂ ’ਚ ਹੋਰ ਵੀ ਵਿਗਾੜ ਪੈਣ ਦੇ ਆਸਾਰ ਹਨ।
ਕਣਕ ਦੀ ਬਿਜਾਈ ’ਚ ਹੋਰ ਦੇਰ ਨਾਂ ਹੋਵੇ ਇਸ ਨੂੰ ਦੇਖਦਿਆਂ ਇੰਨ੍ਹੀਂ ਦਿਨੀਂ ਪੰਜਾਬ ਭਰ ’ਚ ਝੋਨੇ ਦੀ ਰਹਿੰਦ ਖੂੰਹਦ ਨੂੰ ਵੱਡੇ ਪੱਧਰ ’ਤੇ ਅੱਗ ਲਾਈ ਜਾ ਰਹੀ ਹੈ। ਅੰਕੜਿਆਂ ਮੁਤਾਬਕ ਇਕੱਲੇ ਬਠਿੰਡਾ ਜਿਲ੍ਹੇ ’ਚ ਝੋਨੇ ਦੀ 14 ਤੋਂ ਲੱਖ ਮੀਟਰਕ ਟਨ ਪਰਾਲੀ ਪੈਦਾ ਹੁੰਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 6 ਲੱਖ ਮੀਟਰਿਕ ਟਨ ਪਰਾਲੀ ਸੰਭਾਲਣ ਦੇ ਇੰਤਜਾਮ ਕੀਤੇ ਗਏ ਹਨ ਅਤੇ ਕੁੱਝ ਪ੍ਰਾਈਵੇਟ ਸਨਅਤਾਂ ਵੱਲੋਂ ਵੀ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ ਜੋ ਏਨੀ ਜਿਆਦਾ ਨਹੀਂ ਕਿ ਕਿਸਾਨਾਂ ਨੂੰ ਅੱਗ ਲਾਉਣ ਤੋਂ ਪੂਰੀ ਤਰਾਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਵਰਗੇ ਵੱਡੇ ਅਫਸਰ ਪੁਲਿਸ ਮੁਲਾਜਮਾਂ ਦੀ ਫੌਜ ਨਾਲ ਲੈਕੇ ਖੇਤਾਂ ਵਿੱਚ ਧੂੜ ਫੱਕ ਰਹੇ ਹਨ ਫਿਰ ਵੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਘਟਿਆ ਨਹੀਂ ਹੈ।
ਕਿਸਾਨ ਆਖਦੇ ਹਨ ਕਿ ਸਰਕਾਰਾਂ ਨੇ ਕਿਸਾਨਾਂ ਦੀ ਢੁੱਕਵੀਂ ਸਹਾਇਤਾ ਨਹੀਂ ਕੀਤੀ ਹੈ ਜਿਸ ਕਰਕੇ ਪਰਾਲੀ ਸਾੜਨਾ ਉਨ੍ਹਾਂ ਦੀ ਮਜਬੂਰੀ ਬਣਿਆ ਹੋਇਆ ਹੈ। ਦੂਜੇ ਪਾਸੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਅਧੁਨਿਕ ਕਿਸਮ ਦੀ ਮਸ਼ੀਨਰੀ ਵੰਡਣ ਦੇ ਅੰਕੜੇ ਗਿਣਾਕੇ ਪਰਾਲੀ ਨਾਂ ਸਾੜਨ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਅਸਮਾਨ ’ਚ ਘੰਮ ਰਿਹਾ ਜਹਿਰੀਲਾ ਧੂੰਆਂ ਜਾਨ ਦਾ ਖੌਅ ਬਣਿਆ ਹੋਇਆ ਹੈ। ਸਿਵਲ ਹਸਪਤਾਲ ਬਠਿੰਡਾ ਅਤੇ ਆਮ ਆਦਮੀ ਕਲੀਨਕਾਂ ’ਚ ਇਨ੍ਹਾਂ ਦਿਨਾਂ ਦੌਰਾਨ ਆਉਣ ਵਾਲੇ ਮਰੀਜਾਂ ’ਚ ਜਿਆਦਾਤਰ ਉਹ ਹਨ ਜਿੰਨ੍ਹਾਂ ਨੂੰ ਮੌਸਮੀ ਬਦਲਾਅ ਕਾਰਨ ਖੰਘ ਜੁਕਾਮ ਅਤੇ ਗਲੇ ਦੀਆਂ ਬਿਮਾਰੀਆਂ ਚਿੰਬੜੀਆਂ ਹੋਈਆਂ ਹਨ। ਇਹੋ ਹਾਲ ਪ੍ਰਾਈਵੇਟ ਡਾਕਟਰਾਂ ਦਾ ਹੈ ਜਿੰਨ੍ਹਾਂ ਕੋਲ ਮਰੀਜਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਲਾਗੂ ਨਹੀਂ ਹੋਏ ਐਨਜੀਟੀ ਦੇ ਆਦੇਸ਼
ਗੌਰਤਲਬ ਹੈ ਕਿ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ 10 ਦਸੰਬਰ 2015 ਨੂੰ ਦੋ ਏਕੜ ਤੱਕ ਦੀ ਮਾਲਕੀ ਵਾਲੇ ਸੀਮਾਂਤ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਬਦਲ ਵਜੋਂ ਵਰਤੀ ਜਾਣ ਵਾਲੀ ਮਸ਼ੀਨਰੀ ਮੁਫ਼ਤ, ਪੰਜ ਏਕੜ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਅਤੇ ਪੰਜ ਏਕੜ ਤੋਂ ਵੱਧ ਵਾਲਿਆਂ ਨੂੰ 15ਹਜ਼ਾਰ ਰੁਪਏ ਵਿੱਚ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਟ੍ਰਿਬਿਊਨਲ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪੰਜ ਤੋਂ ਪੰਦਰਾਂ ਹਜ਼ਾਰ ਰੁਪਏ ਤੱਕ ਜੁਰਮਾਨਾ ਕਰਨ ਲਈ ਵੀ ਕਿਹਾ ਸੀ। ਕੁੱਝ ਦਿਨ ਪਹਿਲਾਂ ਸਰਕਾਰ ਨੇ ਜੁਰਮਾਨਿਆਂ ਦੀ ਰਾਸ਼ੀ ਤਾਂ ਵਧਾ ਦਿੱਤੀ ਹੈ ਪਰ ਬਾਕੀ ਆਦੇਸ਼ ਲਾਗੂ ਨਹੀਂ ਕੀਤੇ ਜਾ ਸਕੇ ਹਨ।
ਮਰੀਜ਼ਾਂ ਦੀ ਗਿਣਤੀ ਵਧੀ
ਸਿਵਲ ਹਸਪਤਾਲ ਦੇ ਸਾਬਕਾ ਸੀਨੀਅਰ ਮੈਡੀਕਲ ਅਫਸਰ ਅਤੇ ਬੱਚਿਆਂ ਦੇ ਮਾਹਿਰ ਡਾ. ਸਤੀਸ਼ ਜਿੰਦਲ ਦਾ ਕਹਿਣਾ ਹੈ ਕਿ ਹਵਾ ’ਚ ਫੈਲੇ ਪ੍ਰਦੂਸ਼ਣ ਕਾਰਨ ਸਾਹ, ਚਮੜੀ, ਦਿਲ, ਅੱਖਾਂ ਅਤੇ ਛਾਤੀ ਰੋਗਾਂ ਦੇ ਮਰੀਜਾਂ ਦੀ ਗਿਣਤੀ ਵਧਣ ਲੱਗੀ ਹੈ ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਹਵਾ ਦੀ ਗੁਣਵਤਾ 40-50 ਦੇ ਵਿਚਕਾਰ ਹੋਣੀ ਚਾਹੀਦੀ ਹੈ ਪਰ ਧੂੰਏ ਕਾਰਨ ਇਸ ਦਾ ਪੱਧਰ ਕਰੀਬ ਪੰਜ ਗੁਣਾ ਤੋਂ ਜਿਆਦਾ ਹੋ ਗਿਆ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ।
ਅੱਗ ਲਾਉਣਾ ਮਜਬੂਰੀ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਜੇਕਰ ਸਰਕਾਰਾਂ ਕਿਸਾਨਾਂ ਦੀ ਢੁੱਕਵੀਂ ਸਹਾਇਤਾ ਕਰਦੀਆਂ ਤਾਂ ਪਰਾਲੀ ਨੂੰ ਅੱਗ ਲਾਉਣੀ ਮਜਬੂਰੀ ਨਹੀਂ ਬਣਨਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਫਸਲੀ ਵਿਭਿੰਨਤਾ ਦਾ ਸੱਦਾ ਤਾਂ ਦਿੰਦੀ ਹੈ ਪਰ ਬਣਦੀ ਕੀਮਤ ਦੇਣ ਵਾਰੀ ਚੁੱਪ ਵੱਟ ਲਈ ਜਾਂਦੀ ਹੈ ਜਿਸ ਦੇ ਚਲਦਿਆਂ ਝੋਨਾ ਕਿਸਾਨਾਂ ਲਈ ਤਰਜੀਹੀ ਫਸਲ ਹੈ।